ਪੰਜਾਬੀ ਮਹੀਨਾ -2026
ਰਘਵੀਰ ਹੈਪੀ, ਬਰਨਾਲਾ 5 ਨਵੰਬਰ 2026
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ ਰਾਹੀਂ ਡਾਇਰੈਕਟਰ ਸ.ਜਸਵੰਤ ਸਿੰਘ ਜ਼ਫ਼ਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਹੀਨਾ ਨਵੰਬਰ-2026 ਨੂੰ ਪੰਜਾਬੀ ਮਹੀਨੇ ਵਜੋਂ ਮਨਾਏ ਜਾਣ ਦੀ ਲੜੀ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਬਰਨਾਲਾ ਵੱਲੋਂ 6 ਨਵੰਬਰ, 2026 ਨੂੰ ਸਵੇਰੇ 9 ਵਜੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਬਰਨਾਲਾ ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਜੀ ਨੂੰ ਸਮਰਪਿਤ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ।
ਸਮਾਗਮ ਦੌਰਾਨ “ਲੋਕ ਕਵੀ ਸੰਤ ਉਦਾਸੀ ਦਾ ਕਾਵਿ-ਸੰਸਾਰ” ਵਿਸ਼ੇ ‘ਤੇ ਚਰਚਾ ਅਤੇ ਪੰਜਾਬੀ ਕਵੀ ਦਰਬਾਰ ਹੋਵੇਗਾ। ਸਮਾਗਮ ਦਾ ਮੁੱਖ ਉਦੇਸ਼ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਦੇ ਨਾਲ-ਨਾਲ ਪੰਜਾਬ ਦੇ ਮਹਾਨ ਇਨਕਲਾਬੀ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਦੇ ਜੀਵਨ, ਵਿਚਾਰਧਾਰਾ ਅਤੇ ਉਨ੍ਹਾਂ ਦੇ ਵਿਸ਼ਾਲ ਕਾਵਿ-ਸੰਸਾਰ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣਾ ਹੈ। ਸਮਾਗਮ ਦੀ ਪ੍ਰਧਾਨਗੀ ਲੋਕ ਕਵੀ ਸੰਤ ਰਾਮ ਉਦਾਸੀ ਦੀ ਸੁਪਤਨੀ ਸ਼੍ਰੀਮਤੀ ਨਸੀਬ ਕੌਰ ਕਰਨਗੇ। ਇਸ ਸਮਾਗਮ ਵਿੱਚ ਪੰਜਾਬੀ ਲੇਖਕ ਸਭਾ (ਰਜਿ.) ਸੇਖੋਂ ਦੇ ਪ੍ਰਧਾਨ ਸ਼੍ਰੀ ਪਵਨ ਹਰਚੰਦਪੁਰੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਸ੍ਰੀ.ਹਰੀਸ਼ ਬਾਂਸਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ,ਡਾ. ਜੋਗਿੰਦਰ ਸਿੰਘ ਨਿਰਾਲਾ, ਬੂਟਾ ਸਿੰਘ ਚੌਹਾਨ, ਸੀ. ਮਾਰਕੰਡਾ, ਸੁਰਜੀਤ ਸਿੰਘ ਦਿਹੜ, ਇਕਬਾਲ ਕੌਰ ਉਦਾਸੀ ਅਤੇ ਸ. ਤੇਜਾ ਸਿੰਘ ਤਿਲਕ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਭਰਨਗੇ। ਇਸ ਮੌਕੇ ਇਨਕਲਾਬੀ ਕੇਂਦਰ, ਬਰਨਾਲਾ ਤੋਂ ਨਰਾਇਣ ਦੱਤ ਮੁੱਖ ਬੁਲਾਰੇ ਵਜੋਂ ਸੰਤ ਰਾਮ ਉਦਾਸੀ ਦੇ ਕਾਵਿ-ਸੰਸਾਰ ਅਤੇ ਵਿਚਾਰਧਾਰਾ ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕਰਨਗੇ।
ਇਸ ਮੌਕੇ ਹੋਣ ਵਾਲੇ ‘ ਕਵੀ ਦਰਬਾਰ’ ਸੈਸ਼ਨ ਵਿੱਚ ਰਾਮ ਸਰੂਪ ਸ਼ਰਮਾ, ਸਾਗਰ ਸਿੰਘ ਸਾਗਰ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਤੇਜਿੰਦਰ ਚੰਡਿਹੋਕ,ਜਗਜੀਤ ਕੌਰ ਢਿੱਲਵਾਂ, ਰਜਨੀਸ਼ ਕੌਰ ਬਬਲੀ, ਡਾ. ਹਰਪ੍ਰੀਤ ਕੌਰ ਰੂਬੀ, ਡਾ. ਗਗਨਦੀਪ ਕੌਰ, ਜਗਜੀਤ ਸਿੰਘ ਗੁਰਮ, ਗੁਰਪਾਲ ਸਿੰਘ ਬਿਲਾਵਲ, ਸਰੂਪ ਚੰਦ ਹਰੀਗੜ੍ਹ, ਰਘਵੀਰ ਸਿੰਘ ਗਿੱਲ ਕੱਟੂ, ਜਗਤਾਰ ਪੱਖੋਂ, ਰੁਪਿੰਦਰ ਕੌਰ ਸ਼ਹਿਣਾ, ਗੁਰਪ੍ਰੀਤ ਸਿੰਘ ਗੈਰੀ ਅਤੇ ਮਨਨ ਕੌਸ਼ਲ ਮਨੀ ਵਰਗੇ ਨਾਮਵਰ ਕਵੀਆਂ ਤੋਂ ਇਲਾਵਾ ਹੋਰ ਹਾਜ਼ਰ ਕਵੀ ਉਦਾਸੀ ਜੀ ਦੀਆਂ ਪ੍ਰਸਿੱਧ ਕਵਿਤਾਵਾਂ ਅਤੇ ਇਨਕਲਾਬੀ ਗੀਤ ਪੇਸ਼ ਕਰਨਗੇ। ਮੰਚ ਸੰਚਾਲਨ ਹਰਦੀਪ ਕੁਮਾਰ ਪੰਜਾਬੀ ਮਾਸਟਰ ਵੱਲੋਂ ਕੀਤਾ ਜਾਵੇਗਾ। ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਸਮੂਹ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ, ਮੈਂਬਰਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ‘ਚ ਸਮੇਂ ਸਿਰ ਪਹੁੰਚ ਕੇ ਮਾਂ-ਬੋਲੀ ਪੰਜਾਬੀ ਅਤੇ ਲੋਕ ਕਵੀ ਨੂੰ ਸਤਿਕਾਰ ਭੇਟ ਕਰਨ ਦੀ ਨਿੱਘੀ ਅਪੀਲ ਕੀਤੀ ਗਈ ਹੈ।


