ਪਰਾਲੀ ਸਾੜਨ ਤੋਂ ਮੁਕਤ ਪੰਜਾਬ ਵੱਲ ਵੱਡਾ ਕਦਮ: ਟ੍ਰਾਈਡੈਂਟ ਗਰੁੱਪ ਦੀ ਅਨੋਖੀ ਪਹਿਲ

Spread Information

ਪਰਾਲੀ ਹੁਣ ਰਹਿੰਦ-ਖੂੰਹਦ ਨਹੀਂ, ਬਣੂਗੀ ਉਪਯੋਗੀ ਸਰੋਤ: ਟ੍ਰਾਈਡੈਂਟ ਦੀ CSR ਪਹਿਲਕਦਮੀ

ਸੋਨੀਆ ਸੰਧੂ, ਚੰਡੀਗੜ੍ਹ 29 ਅਕਤੂਬਰ 2026

     ਪੰਜਾਬ ਵਿੱਚ ਹਰ ਸਾਲ ਪਰਾਲੀ ਸਾੜਨ ਨਾਲ ਪੈਦਾ ਹੁੰਦੀ ਗੰਭੀਰ ਸਮੱਸਿਆ ਨਾਲ ਨਜਿੱਠਣ ਅਤੇ ਕਿਸਾਨਾਂ ਨੂੰ ਫ਼ਸਲੀ ਰਹਿੰਦ-ਖੂੰਹਦ ਦੇ ਸੁਚੱਜੇ ਨਿਪਟਾਰੇ ਲਈ ਟ੍ਰਾਈਡੈਂਟ ਗਰੁੱਪ ਨੇ ਇੱਕ ਸ਼ਲਾਘਾਯੋਗ ਪਹਿਲਕਦਮੀ ਕੀਤੀ ਹੈ। ਆਪਣੇ CSR ਪ੍ਰੋਗਰਾਮ ‘ਪਰਾਲੀ ਸਮਾਧਾਨ ਪ੍ਰੋਗਰਾਮ 2026’ ਤਹਿਤ ਗਰੁੱਪ ਨੇ ਸੂਬੇ ਦੇ ਕਰੀਬ 2,000 ਏਕੜ ਖੇਤੀਬਾੜੀ ਰਕਬੇ ਵਿੱਚੋਂ ਪਰਾਲੀ ਦਾ ਪ੍ਰਬੰਧਨ ਕਰਨ ਦਾ ਟੀਚਾ ਮਿੱਥਿਆ ਹੈ। ਇਹ ਪ੍ਰੋਗਰਾਮ ਟ੍ਰਾਈਡੈਂਟ ਦੀ CSR ਇਕਾਈ ‘ਟ੍ਰਾਈਡੈਂਟ ਹਿਊਮੈਨਿਟੀ ਫਾਊਂਡੇਸ਼ਨ’ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਕਿਸਾਨਾਂ ਨੂੰ ਬਿਨਾਂ ਕਿਸੇ ਖ਼ਰਚੇ ਦੇ ਮੁਫ਼ਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

     ਇਸ ਯੋਜਨਾ ਤਹਿਤ ਝੋਨੇ ਦੀ ਕਟਾਈ ਤੋਂ ਬਾਅਦ ਅਗਲੀ ਫ਼ਸਲ ਦੀ ਬਿਜਾਈ ਵਿਚਾਲੇ ਘੱਟ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਦੇ ਖੇਤਾਂ ‘ਚੋਂ ਪਰਾਲੀ ਇਕੱਠੀ ਕਰਨ ਅਤੇ ਗੱਠਾਂ ਬਣਾਉਣ ਦਾ ਕੰਮ ਬਿਨਾਂ ਕਿਸੇ ਖ਼ਰਚੇ ਦੇ ਕੀਤਾ ਜਾ ਰਿਹਾ ਹੈ। ਮੌਜੂਦਾ ਪੜਾਅ ਦੌਰਾਨ ਬਰਨਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੁਣ ਤੱਕ 550 ਏਕੜ ਰਕਬੇ ਦੀ ਪਛਾਣ ਕੀਤੀ ਗਈ ਹੈ, ਜਿਸ ਵਿੱਚੋਂ 202 ਏਕੜ ਵਿੱਚ ਪਰਾਲੀ ਸੰਭਾਲਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ 348 ਏਕੜ ਵਿੱਚ ਕੰਮ ਤੇਜ਼ੀ ਨਾਲ ਜਾਰੀ ਹੈ।

       ਖੇਤਾਂ ਵਿੱਚੋਂ ਪਰਾਲੀ ਪ੍ਰਬੰਧਨ ਲਈ ਫਾਊਂਡੇਸ਼ਨ ਵੱਲੋਂ ਆਧੁਨਿਕ ਖੇਤੀ ਮਸ਼ੀਨਰੀ ਜਿਵੇਂ ਕਿ ਰੀਪਰ, ਮਲਚਰ, ਰੇਕਰ ਅਤੇ ਬੇਲਰ ਮਸ਼ੀਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਵਿੱਤੀ ਵਰ੍ਹੇ 2026-27 ਦੌਰਾਨ ਕਿਸਾਨਾਂ ਦੀ ਸੋਚ ਵਿੱਚ ਬਦਲਾਅ ਲਿਆਉਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕਾਂ ਅਤੇ ਕਿਸਾਨ ਸੰਪਰਕ ਪ੍ਰੋਗਰਾਮਾਂ ਵਰਗੀਆਂ ਸਰਗਰਮੀਆਂ ਵੀ ਚਲਾਈਆਂ ਜਾ ਰਹੀਆਂ ਹਨ।

       ਟ੍ਰਾਈਡੈਂਟ ਗਰੁੱਪ ਦਾ ਮੁੱਖ ਉਦੇਸ਼ ਪਰਾਲੀ ਨੂੰ ਰਹਿੰਦ-ਖੂੰਹਦ ਦੀ ਥਾਂ ਇੱਕ ਉਪਯੋਗੀ ਸਰੋਤ ਵਜੋਂ ਵਰਤਣ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪਹਿਲਕਦਮੀ ਕੰਪਨੀ ਐਕਟ, 2013 ਦੀ ਅਨੁਸੂਚੀ VII ਤਹਿਤ ਆਉਂਦੀ ਹੈ ਅਤੇ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ (SDGs) ਜਿਵੇਂ ਕਿ ਜਲਵਾਯੂ ਕਾਰਵਾਈ, ਚੰਗੀ ਸਿਹਤ ਅਤੇ ਧਰਤੀ ‘ਤੇ ਜੀਵਨ ਦੀ ਸੰਭਾਲ—ਦੇ ਅਨੁਕੂਲ ਹੈ। ਇਸ ਉਪਰਾਲੇ ਨਾਲ ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਪੰਜਾਬ ਨੂੰ ਪਰਾਲੀ ਮੁਕਤ ਬਣਾਉਣ ਵਿੱਚ ਵੱਡਾ ਯੋਗਦਾਨ ਮਿਲੇਗਾ।


Spread Information
error: Content is protected !!
Scroll to Top