ਬਠਿੰਡਾ ਪੁਲਿਸ ਕਟਿਹਰੇ ‘ਚ: ਬਰਾਮਦਗੀ ਦੇ ਨਾਂ ‘ਤੇ ਫੋਕੀ ਬੱਲੇ-ਬੱਲੇ ਜਾਂ ਚੋਰਾਂ ‘ਤੇ ਮਿਹਰਬਾਨੀ?
ਬਠਿੰਡਾ ਪੁਲਿਸ ਅੱਜ-ਕੱਲ੍ਹ ਮੋਟਰਸਾਈਕਲ ਬਰਾਮਦ ਕਰਕੇ ਆਪਣੀ ਪਿੱਠ ਆਪ ਹੀ ਥਾਪੜਨ ਵਿੱਚ ਮਸਰੂਫ਼ ਹੈ। ਰੋਜ਼ਾਨਾ ਮੀਡੀਆ ਨੂੰ ਬੜੇ ਸ਼ਾਨਦਾਰ ਪ੍ਰੈਸ ਨੋਟ ਜਾਰੀ ਕੀਤੇ ਜਾ ਰਹੇ ਹਨ, ਪਰ ਇਹਨਾਂ ਪ੍ਰੈਸ ਨੋਟਾਂ ਦੀ ਹਕੀਕਤ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਆਖਿਰ ਇਹ ਕਿਹੋ ਜਿਹੀ ਜਾਂਚ ਹੈ ਜਿਸ ਵਿੱਚ ਮੋਟਰਸਾਈਕਲ ਤਾਂ ਲੱਭ ਜਾਂਦੇ ਹਨ, ਪਰ ਚੋਰਾਂ ਦਾ ਕੋਈ ਥਾਂ-ਪਤਾ ਹੀ ਨਹੀਂ ਹੁੰਦਾ?

ਇੱਕੋ ਸ਼ੈਲੀ ਦੇ ਪ੍ਰੈਸ ਨੋਟ, ਗਾਇਬ ਹਨ ਜ਼ਰੂਰੀ ਤੱਥ..!
ਬਠਿੰਡਾ ਪੁਲਿਸ ਵੱਲੋਂ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਜਾਰੀ ਕੀਤੇ ਜਾ ਰਹੇ ਪ੍ਰੈਸ ਨੋਟਾਂ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਸਿਰਫ਼ ਥਾਂ ਦਾ ਨਾਂ ਬਦਲ ਕੇ ਇੱਕੋ ਹੀ ਲਿਖਤ ‘ਕਾਪੀ-ਪੇਸਟ’ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਸਰਕਾਰੀ ਦਾਅਵਿਆਂ ਵਿੱਚ ਨਾ ਤਾਂ ਮੋਟਰਸਾਈਕਲ ਦਾ ਨੰਬਰ ਲਿਖਿਆ ਹੁੰਦਾ ਹੈ, ਨਾ ਵਾਹਨ ਮਾਲਕ ਦਾ ਨਾਂ ਅਤੇ ਨਾ ਹੀ ਮੋਟਰਸਾਈਕਲ ਲੱਭਣ ਵਾਲੀ ਪੁਲਿਸ ਟੀਮ ਦੇ ਅਧਿਕਾਰੀਆਂ ਦਾ ਕੋਈ ਜ਼ਿਕਰ। ਪੁਲਿਸ ਇਹ ਦੱਸਣ ਤੋਂ ਵੀ ਭੱਜ ਰਹੀ ਹੈ ਕਿ ਚੋਰੀ ਦੀ FIR ਕਿਸ ਥਾਣੇ ਵਿੱਚ ਦਰਜ ਸੀ ਅਤੇ ਇਹ ਘਟਨਾ ਕਦੋਂ ਵਾਪਰੀ ਸੀ।

ਚੋਰ ਫੜ੍ਹੇ ਜਾਂ ਛੱਡੇ..? ਲੋਕਾਂ ਵਿੱਚ ਵਧਿਆ ਸ਼ੱਕ
ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਇਹ ਬਰਾਮਦਗੀਆਂ ਆਖਿਰ ਹੋ ਕਿਵੇਂ ਰਹੀਆਂ ਹਨ? ਕੀ ਚੋਰ ਮੋਟਰਸਾਈਕਲ ਆਪ ਹੀ ਸੜਕਾਂ ‘ਤੇ ਛੱਡ ਕੇ ਭੱਜ ਰਹੇ ਹਨ ਜਾਂ ਫਿਰ ਪੁਲਿਸ ਚੋਰਾਂ ਨੂੰ ਫੜ੍ਹਨ ਦੀ ਬਜਾਏ ਸਿਰਫ਼ ਵਾਹਨ ਬਰਾਮਦ ਕਰਕੇ ਮਾਲਕਾਂ ਹਵਾਲੇ ਕਰ ਰਹੀ ਹੈ? ਲੋਕਾਂ ਦੇ ਮਨਾਂ ਵਿੱਚ ਇਹ ਸ਼ੱਕ ਡੂੰਘਾ ਹੁੰਦਾ ਜਾ ਰਹੀ ਹੈ ਕਿ ਪੁਲਿਸ ਚੋਰਾਂ ‘ਤੇ ਲੋੜੋਂ ਵੱਧ ‘ਦਿਆਲ’ ਹੋ ਰਹੀ ਹੈ। ਵਰਣਨਯੋਗ ਹੈ ਕਿ ਜੇਕਰ ਪੁਲਿਸ ਨੇ ਚੋਰੀਆਂ ਦੇ ਪਰਚੇ ਦਰਜ ਕੀਤੇ ਹੁੰਦੇ ਤਾਂ, ਇਹ ਚੋਰੀ ਹੋਏ ਵਹੀਕਲ ਅਦਾਲਤ ‘ਚੋਂ ਸੁਪਰਦਦਾਰੀ ‘ਤੇ ਹੀ ਲਏ ਜਾ ਸਕਦੇ ਸਨ। ਯਾਨੀ ਪੁਲਿਸ ਆਪਣੇ ਪੱਧਰ ਤੇ ਚੋਰੀ ਹੋਏ ਵਹੀਕਲ ਉਨ੍ਹਾਂ ਦੇ ਮਾਲਿਕਾਂ ਨੂੰ ਸੌਂਪ ਹੀ ਨਹੀਂ ਸਕਦੀ। ਅਜਿਹਾ ਕਰਨਾ, ਆਪਣੇ ਆਪ ਵਿੱਚ ਹੀ ਗੈਰਕਾਨੂੰਨੀ ਵਰਤਾਰਾ ਹੈ।
ਫੋਟੋ ਖਿਚਵਾਓ, ਬੱਲੇ-ਬੱਲੇ ਕਰਵਾਓ..!
ਮਾਮਲਾ ਸਿਰਫ਼ ਵਾਹਨ ਸੌਂਪਣ ਵੇਲੇ ਫੋਟੋਆਂ ਖਿਚਵਾ ਕੇ ‘ਬੱਲੇ-ਬੱਲੇ’ ਕਰਵਾਉਣ ਤੱਕ ਸੀਮਤ ਨਜ਼ਰ ਆ ਰਿਹਾ ਹੈ। ਪੁਲਿਸ ਦਾ ਮਕਸਦ ਅਪਰਾਧੀਆਂ ਨੂੰ ਸੀਖਾਂ ਪਿੱਛੇ ਸੁੱਟਣਾ ਹੈ ਜਾਂ ਸਿਰਫ਼ ਕੈਮਰੇ ਅੱਗੇ ਫੋਟੋਆਂ ਖਿਚਵਾ ਕੇ ਫੋਕੀ ਸ਼ੋਹਰਤ ਖੱਟਣਾ? ਅਸਲ ਚੋਰਾਂ ‘ਤੇ ਕਾਰਵਾਈ ਨਾ ਹੋਣਾ ਕਿਸੇ ਵੱਡੇ ਘਾਲਮਾਲ ਵੱਲ ਇਸ਼ਾਰਾ ਕਰਦਾ ਹੈ।


