ਦਵਿੰਦਰ ਡੀ.ਕੇ, ਲੁਧਿਆਣਾ 28 ਅਕਤੂਬਰ 2026
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ‘ਚ ਭ੍ਰਿਸ਼ਟਾਚਾਰ ਵਿਰੁੱਧ ਛੇੜੀ ਜੰਗ ਦਰਮਿਆਨ ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਵਾਰ ਫਿਰ ਵੱਡੀ ਸਫਲਤਾ ਹਾਸਲ ਕੀਤੀ ਹੈ। ਲੁਧਿਆਣਾ ਦੇ ਨਗਰ ਨਿਗਮ ਜ਼ੋਨ-ਬੀ ਵਿਖੇ ਤਾਇਨਾਤ ਇੰਸਪੈਕਟਰ ਸ਼ੁਭਮ ਨੂੰ ਵਿਜੀਲੈਂਸ ਦੀ ਟੀਮ ਨੇ 25,000 ਰੁਪਏ ਦੀ ਰਿਸ਼ਵਤ ਲੈਂਦਿਆਂ ਨੋਟਾਂ ਸਣੇ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਹੈ। ਸਰਕਾਰੀ ਦਫ਼ਤਰਾਂ ਵਿੱਚ ਵੱਢੀਖੋਰੀ ਕਰਨ ਵਾਲਿਆਂ ਨੂੰ ਇਹ ਵਿਜੀਲੈਂਸ ਦਾ ਇੱਕ ਹੋਰ ਕਰਾਰਾ ਝਟਕਾ ਮੰਨਿਆ ਜਾ ਰਿਹਾ ਹੈ।
ਜੱਦੀ ਜਾਇਦਾਦ ਵਾਰਿਸਾਂ ਦੇ ਨਾਂ ਕਰਨ ਬਦਲੇ ਮੰਗੀ ਸੀ ਵੱਢੀ
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪੂਰਾ ਮਾਮਲਾ ਲੁਧਿਆਣਾ ਸ਼ਹਿਰ ਦੇ ਅਜੀਤ ਨਗਰ ਦੇ ਰਹਿਣ ਵਾਲੇ ਪਰਿਵਾਰ ਨਾਲ ਜੁੜਿਆ ਹੋਇਆ ਹੈ। ਸ਼ਿਕਾਇਤਕਰਤਾ ਦੇ ਪਿਤਾ ਦੇ ਅਕਾਲ ਚਲਾਣੇ ਤੋਂ ਬਾਅਦ ਉਸ ਦੀ ਜੱਦੀ ਜਾਇਦਾਦ ਪਰਿਵਾਰਕ ਵਾਰਸਾਂ (ਉਸ ਦੇ ਅਤੇ ਉਸ ਦੇ ਭਰਾਵਾਂ) ਦੇ ਨਾਮ ਤਬਦੀਲ ਕਰਵਾਉਣੀ ਸੀ। ਇਸ ਕੰਮ ਲਈ ਲੋੜੀਂਦੇ ਸਾਰੇ ਸਰਕਾਰੀ ਦਸਤਾਵੇਜ਼ ਨਗਰ ਨਿਗਮ ਜ਼ੋਨ-ਬੀ, ਲੁਧਿਆਣਾ ਵਿਖੇ ਜਮ੍ਹਾਂ ਕਰਵਾਏ ਗਏ ਸਨ, ਜੋ ਕਿ ਇੰਸਪੈਕਟਰ ਸ਼ੁਭਮ ਕੋਲ ਮਾਰਕ ਹੋਏ ਸਨ। ਦੋਸ਼ ਹੈ ਕਿ ਜਾਇਦਾਦ ਦਾ ਇੰਤਕਾਲ/ਨਾਮ ਤਬਦੀਲ ਕਰਨ ਬਦਲੇ ਇੰਸਪੈਕਟਰ ਸ਼ੁਭਮ ਪੀੜਤ ਪਰਿਵਾਰ ਤੋਂ 25,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਵਿਜੀਲੈਂਸ ਨੇ ਸੁੱਟਿਆ ਜਾਲ, ਤੇ ਓਹ ਫਸ ਹੀ ਗਿਆ
ਰਿਸ਼ਵਤਖੋਰ ਅਧਿਕਾਰੀ ਅੱਗੇ ਝੁਕਣ ਦੀ ਬਜਾਏ ਸ਼ਿਕਾਇਤਕਰਤਾ ਨੇ ਇਸ ਦੀ ਇਤਲਾਹ ਤੁਰੰਤ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਨੂੰ ਦਿੱਤੀ। ਸ਼ਿਕਾਇਤ ਮਿਲਦਿਆਂ ਹੀ ਵਿਜੀਲੈਂਸ ਟੀਮ ਨੇ ਤੁਰੰਤ ਹਰਕਤ ‘ਚ ਆਉਂਦਿਆਂ ਇੱਕ ਵਿਸ਼ੇਸ਼ ਜਾਲ ਵਿਛਾਇਆ। ਯੋਜਨਾ ਮੁਤਾਬਕ, ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਜਿਵੇਂ ਹੀ ਸ਼ਿਕਾਇਤਕਰਤਾ ਨੇ ਇੰਸਪੈਕਟਰ ਸ਼ੁਭਮ ਨੂੰ 25,000 ਰੁਪਏ ਦਿੱਤੇ, ਵਿਜੀਲੈਂਸ ਨੇ ਮੌਕੇ ‘ਤੇ ਛਾਪੇਮਾਰੀ ਕਰਕੇ ਉਸ ਨੂੰ ਨੋਟਾਂ ਸਣੇ ਦਬੋਚ ਲਿਆ।
ਮਾਮਲਾ ਦਰਜ, ਕਾਰਵਾਈ ਜਾਰੀ
ਮਾਮਲੇ ਦੀ ਪੁਸ਼ਟੀ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਇੰਸਪੈਕਟਰ ਸ਼ੁਭਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ (Anti-Corruption Act) ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਨ ਅਤੇ ਕੇਸ ਦੀ ਅਗਲੇਰੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ।


