
“ਔਰਤ ਦੇ ਚਰਿੱਤਰ ‘ਤੇ ਉਂਗਲ ਚੁੱਕਣ ਵਾਲਿਆਂ ਨੂੰ ਕਮਿਸ਼ਨ ਦੀ ਸਖ਼ਤ ਚੇਤਾਵਨੀ..!
ਹਰਿੰਦਰ ਨਿੱਕਾ, ਪਟਿਆਲਾ, 17 ਜੂਨ 2026
“ਪੀੜਤ ਔਰਤਾਂ ਨੂੰ ਨਿਆਂ ਦਿਵਾਉਣ ਲਈ ਕੌਮੀ ਮਹਿਲਾ ਕਮਿਸ਼ਨ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ। ਕਿਸੇ ਵੀ ਵਿਅਕਤੀ ਨੂੰ ਕਿਸੇ ਮਹਿਲਾ ਦੇ ਚਰਿੱਤਰ ‘ਤੇ ਉਂਗਲ ਉਠਾਉਣ ਦਾ ਕੋਈ ਅਧਿਕਾਰ ਨਹੀਂ ਹੈ।” ਇਹ ਬਿਆਨ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਵਿਜੇ ਕਿਸ਼ੋਰ ਰਹਾਟਕਰ ਨੇ ਅੱਜ ਪਟਿਆਲਾ ਵਿਖੇ ‘ਰਾਸ਼ਟਰੀ ਮਹਿਲਾ ਕਮਿਸ਼ਨ ਆਪਕੇ ਦੁਆਰ’ ਤਹਿਤ ਲਗਾਏ ਜਨ ਸੁਣਵਾਈ ਕੈਂਪ ਦੌਰਾਨ ਦਿੱਤਾ।
ਪੁਲਿਸ ਲਾਈਨਜ਼ ਵਿਖੇ ਲੱਗੇ ਇਸ ਵਿਸ਼ੇਸ਼ ਕੈਂਪ ਦੌਰਾਨ ਚੇਅਰਪਰਸਨ ਨੇ 45 ਦੇ ਲਗਪਗ ਮਾਮਲਿਆਂ ਦੀ ਖੁਦ ਸੁਣਵਾਈ ਕੀਤੀ। ਘਰੇਲੂ ਹਿੰਸਾ, ਦਹੇਜ, ਬਲਾਤਕਾਰ ਅਤੇ ਆਤਮ ਹੱਤਿਆ ਵਰਗੇ ਗੰਭੀਰ ਮਾਮਲਿਆਂ ‘ਚ ਪੁਲਿਸ ਵੱਲੋਂ ਕੀਤੀ ਗਈ ਦੇਰੀ ਦਾ ਸਖ਼ਤ ਨੋਟਿਸ ਲੈਂਦਿਆਂ, ਉਨ੍ਹਾਂ ਨੇ ਮੌਕੇ ‘ਤੇ ਹੀ ਮੌਜੂਦ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐਸ.ਐਸ.ਪੀ. ਵਰੁਣ ਸ਼ਰਮਾ ਸਣੇ ਹੋਰ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ।
ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖਿਲਾਫ਼ ਕਮਿਸ਼ਨ ਸਖ਼ਤ
ਮੀਡੀਆ ਨਾਲ ਗੱਲਬਾਤ ਕਰਦਿਆਂ ਵਿਜੇ ਕਿਸ਼ੋਰ ਰਹਾਟਕਰ ਨੇ ਸਾਫ਼ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਔਰਤਾਂ ਵਿਰੁੱਧ ਮੰਦੀ ਭਾਸ਼ਾ ਵਰਤਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਅਜਿਹੀਆਂ ਜਨ ਸੁਣਵਾਈਆਂ ਇਸ ਲਈ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਹਰ ਪੀੜਤ ਮਹਿਲਾ ਦਿੱਲੀ ਤੱਕ ਪਹੁੰਚ ਨਹੀਂ ਕਰ ਸਕਦੀ। ਕਮਿਸ਼ਨ ਦੀ ਪਹਿਲੀ ਤਰਜੀਹ ਔਰਤਾਂ ਨੂੰ ਸਮਾਂਬੱਧ ਅਤੇ ਤਰਕਸੰਗਤ ਨਿਆਂ ਪ੍ਰਦਾਨ ਕਰਨਾ ਹੈ।
6 ਜ਼ਿਲ੍ਹਿਆਂ ਦੇ ਵੱਡੇ ਅਫ਼ਸਰਾਂ ਨਾਲ ਮੀਟਿੰਗ: ‘ਤੇਰੇ ਮੇਰੇ ਸਪਨੇ’ ਪਹਿਲਕਦਮੀ ‘ਤੇ ਜ਼ੋਰ
ਜਨ ਸੁਣਵਾਈ ਤੋਂ ਬਾਅਦ, ਚੇਅਰਪਰਸਨ ਨੇ ਪਟਿਆਲਾ ਡਵੀਜ਼ਨ ਅਤੇ ਪੁਲਿਸ ਰੇਂਜ ਦੇ 6 ਜ਼ਿਲ੍ਹਿਆਂ (ਪਟਿਆਲਾ, ਲੁਧਿਆਣਾ, ਫ਼ਤਹਿਗੜ੍ਹ ਸਾਹਿਬ, ਸੰਗਰੂਰ, ਬਰਨਾਲਾ, ਮਲੇਰਕੋਟਲਾ) ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨਾਲ ਇੱਕ ਉੱਚ-ਪੱਧਰੀ ਸਮੀਖਿਆ ਬੈਠਕ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ:
-
ਪੁਲਿਸ ਅਤੇ ਸਿਵਲ ਪ੍ਰਸ਼ਾਸਨ ਆਪਸੀ ਤਾਲਮੇਲ ਨਾਲ ਔਰਤਾਂ ਦੇ ਮਾਮਲਿਆਂ ਪ੍ਰਤੀ ਸੰਵੇਦਨਸ਼ੀਲ ਪਹੁੰਚ ਅਪਣਾਉਣ।
-
ਕਮਿਸ਼ਨ ਦੀ ‘ਤੇਰੇ ਮੇਰੇ ਸਪਨੇ’ ਪਹਿਲਕਦਮੀ ਨੂੰ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾਵੇ, ਤਾਂ ਜੋ ਵਿਆਹ ਤੋਂ ਪਹਿਲਾਂ ਲੜਕਾ-ਲੜਕੀ ਆਪਸੀ ਸੰਵਾਦ ਰਾਹੀਂ ਇੱਕ-ਦੂਜੇ ਨੂੰ ਸਮਝ ਸਕਣ ਅਤੇ ਘਰੇਲੂ ਕਲੇਸ਼ ਤੋਂ ਬਚਿਆ ਜਾ ਸਕੇ।
-
ਮਹਿਲਾ ਭਲਾਈ ਸਕੀਮਾਂ ਦਾ 100 ਫੀਸਦੀ ਲਾਭ ਹੇਠਲੇ ਪੱਧਰ ਤੱਕ ਪਹੁੰਚਾਇਆ ਜਾਵੇ।
ਉਨ੍ਹਾਂ ਨੇ ਨਸ਼ਿਆਂ ਦਾ ਸੰਤਾਪ ਭੋਗਦੀਆਂ ਔਰਤਾਂ ਅਤੇ ਵਧ ਰਹੇ ਸਾਇਬਰ ਕ੍ਰਾਈਮ ‘ਤੇ ਵੀ ਡੂੰਘੀ ਚਿੰਤਾ ਪ੍ਰਗਟਾਈ ਅਤੇ ਕਮਿਸ਼ਨ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।
ਪ੍ਰਸ਼ਾਸਨ ਵੱਲੋਂ ਇੰਨ-ਬਿੰਨ ਪਾਲਣਾ ਦਾ ਭਰੋਸਾ ਅਤੇ ਧੀਆਂ ਦਾ ਸਨਮਾਨ
ਪਟਿਆਲਾ ਦੇ ਡੀ.ਸੀ. ਡਾ. ਹਿਮਾਂਸ਼ੂ ਅਗਰਵਾਲ ਨੇ ਵਿਸ਼ਵਾਸ ਦਿਵਾਇਆ ਕਿ ਕੌਮੀ ਮਹਿਲਾ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਇਸ ਦੌਰਾਨ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੇਅਰਪਰਸਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਆਪਣੇ ਪਟਿਆਲਾ ਦੌਰੇ ਦੌਰਾਨ ਸ਼੍ਰੀਮਤੀ ਰਹਾਟਕਰ ਨੇ ਥਾਪਰ ਯੂਨੀਵਰਸਿਟੀ ਵਿਖੇ ਕੰਮਕਾਜੀ ਸਥਾਨ ‘ਤੇ ਔਰਤਾਂ ਨਾਲ ਛੇੜਛਾੜ ਵਿਰੁੱਧ (POSH) ਵਰਕਸ਼ਾਪ ਨੂੰ ਸੰਬੋਧਨ ਕੀਤਾ ਅਤੇ ਆਈ.ਟੀ.ਬੀ.ਪੀ. ਕੈਂਪਸ ਵਿਖੇ ਐਂਟੀ ਹਿਊਮਨ ਟ੍ਰੈਫਿਕਿੰਗ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਖਿਆ, ਖੇਡਾਂ ਅਤੇ ਹੁਨਰ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਪਟਿਆਲਾ ਦੀਆਂ 6 ਹੋਣਹਾਰ ਲੜਕੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।
ਇਸ ਮੌਕੇ ਡੀ.ਆਈ.ਜੀ. ਕੁਲਦੀਪ ਸਿੰਘ ਚਾਹਲ, ਡੀ.ਸੀ. ਬਰਨਾਲਾ ਹਰਪ੍ਰੀਤ ਸਿੰਘ, ਐਸ.ਐਸ.ਪੀ. ਸੰਗਰੂਰ ਰਵਜੋਤ ਗਰੇਵਾਲ, ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫ਼ਰਾਜ ਆਲਮ, ਐਸ.ਐਸ.ਪੀ. ਮਲੇਰਕੋਟਲਾ ਗੁਰਮੀਤ ਸਿੰਘ ਅਤੇ ਪਟਿਆਲਾ ਦੇ ਏ.ਡੀ.ਸੀ. ਨਵਰੀਤ ਕੌਰ ਸੇਖੋਂ ਸਮੇਤ ਕਈ ਉੱਚ ਅਧਿਕਾਰੀ ਮੌਜੂਦ ਸਨ।


