PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਪੰਜਾਬ ਮਾਲਵਾ ਮੁੱਖ ਪੰਨਾ

ਬਰਨਾਲਾ ਨੂੰ ਵੱਡਾ ਤੋਹਫ਼ਾ: ਨਗਰ ਕੌਂਸਲ ਨੂੰ ਮਿਲਿਆ ‘ਨਗਰ ਨਿਗਮ’ ਦਾ ਦਰਜਾ,

Advertisement
Spread Information

ਸੋਨੀਆ ਸੰਧੂ , ਚੰਡੀਗੜ੍ਹ 18 ਨਵੰਬਰ 2025

      ਬਰਨਾਲਾ ਵਾਸੀਆਂ ਲਈ ਅੱਜ ਖੁਸ਼ੀ ਅਤੇ ਮਾਣ ਦਾ ਦਿਨ ਹੈ, ਜੋ ਸ਼ਹਿਰ ਦੇ ਭਵਿੱਖ ਦੀ ਤਸਵੀਰ ਬਦਲ ਕੇ ਰੱਖ ਦੇਵੇਗਾ ! ਪੰਜਾਬ ਸਰਕਾਰ ਨੇ ਬਰਨਾਲਾ ਦੀ ਨਗਰ ਕੌਂਸਲ ਨੂੰ ਅਪਗ੍ਰੇਡ ਕਰਦਿਆਂ ‘ਨਗਰ ਨਿਗਮ’ (Municipal Corporation) ਦਾ ਦਰਜਾ ਦੇ ਦਿੱਤਾ ਹੈ। ਇਸ ਐਲਾਨ ਨਾਲ ਬਰਨਾਲਾ ਹੁਣ ਅਧਿਕਾਰਤ ਤੌਰ ‘ਤੇ ‘ਵੱਡੇ ਸ਼ਹਿਰੀ ਖੇਤਰ’ (Larger Urban Area) ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜਿਸ ਨਾਲ ਸ਼ਹਿਰੀਆਂ ਨੂੰ ਵਿਕਾਸ ਦੇ ਨਵੇਂ ਦਰਵਾਜ਼ੇ ਖੁੱਲ੍ਹਣ ਦੀਆਂ ਉਮੀਦਾਂ ਬੱਝੀਆਂ  ਹਨ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਬਕਾਇਦਾ ਅਧਿਕਾਰਤ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਇਤਿਹਾਸਕ ਫੈਸਲੇ ਨੇ ਬਰਨਾਲਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰ ਦਿੱਤੀ ਹੈ।

​ਵਿਕਾਸ ਲਈ ਖੁੱਲ੍ਹੇ ‘ਖਜ਼ਾਨੇ’ ਦੇ ਦਰਵਾਜ਼ੇ

​  ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦਾ ਕਹਿਣਾ ਹੈ ਕਿ ਮੈਂ  ਸ਼ਹਿਰ ਨੂੰ ਚੌਤਰਫਾ ਵਿਕਾਸ ਦੇ ਵਧੇਰੇ ਮੌਕੇ ਮਿਲਣ ਦੇ ਰਾਹ ਤੋਰ ਦਿੱਤਾ ਹੈ। ਇਸ ਵੱਡੇ ਬਦਲਾਅ ਦਾ ਸਿੱਧਾ ਅਸਰ ਸ਼ਹਿਰ ਦੀ ਤਰੱਕੀ ‘ਤੇ ਪਵੇਗਾ। ਨਗਰ ਨਿਗਮ ਬਣਨ ਦਾ ਮਤਲਬ ਹੈ ਕਿ ਬਰਨਾਲਾ ਨੂੰ ਹੁਣ ਸੂਬਾ ਅਤੇ ਕੇਂਦਰ ਸਰਕਾਰ ਤੋਂ ਵਿਕਾਸ ਕਾਰਜਾਂ ਲਈ ਪਹਿਲਾਂ ਤੋਂ ਕਈ ਗੁਣਾ ਵੱਧ ਫੰਡ ਮਿਲਣਗੇ। ਇਹ ਵਾਧੂ ਰਾਸ਼ੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ‘ਤੇ ਖਰਚ ਕੀਤੀ ਜਾਵੇਗੀ, ਜਿਸ ਵਿੱਚ ਸ਼ਾਮਲ ਹਨ:-

  • ​ਸੜਕਾਂ, ਗਲੀਆਂ-ਨਾਲੀਆਂ ਦੀ ਨਵੀਨੀਕਰਨ।
  • ​ਸੀਵਰੇਜ ਅਤੇ ਜਲ ਸਪਲਾਈ ਪ੍ਰਣਾਲੀ ਵਿੱਚ ਸੁਧਾਰ।
  • ​ਸ਼ਹਿਰ ਦੀ ਸਾਫ਼-ਸਫ਼ਾਈ ਅਤੇ ਕੂੜਾ ਪ੍ਰਬੰਧਨ ਲਈ ਆਧੁਨਿਕ ਸਹੂਲਤਾਂ।
  • ​ਨਵੇਂ ਪਾਰਕਾਂ, ਲਾਈਬ੍ਰੇਰੀਆਂ ਅਤੇ ਸ਼ਹਿਰੀ ਸਹੂਲਤਾਂ ਦਾ ਗਠਨ। ਬਰਨਾਲਾ ਵਾਸੀ ਹੁਣ ਇੱਕ ਬਿਹਤਰ ਪ੍ਰਸ਼ਾਸਨਿਕ ਢਾਂਚੇ ਅਤੇ ਸ਼ਾਨਦਾਰ ਸਹੂਲਤਾਂ ਦੀ ਉਮੀਦ ਕਰ ਸਕਦੇ ਹਨ।

​ਕਾਨੂੰਨੀ ਮੋਹਰ

      ​ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮ (ਨੰ: S.O.309/P.A.42/1976/Ss. 3 and 4/2025) ਵਿੱਚ ਦੱਸਿਆ ਗਿਆ ਹੈ ਕਿ ਇਹ ਫੈਸਲਾ ਪੰਜਾਬ ਮਿਉਂਸੀਪਲ ਕਾਰਪੋਰੇਸ਼ਨ ਐਕਟ, 1976 ਦੀਆਂ ਧਾਰਾਵਾਂ ਤਹਿਤ ਲਿਆ ਗਿਆ ਹੈ। ਪੰਜਾਬ ਦੇ ਰਾਜਪਾਲ ਦੀ ਪ੍ਰਵਾਨਗੀ ਤੋਂ ਬਾਅਦ, ਇਹ ਨਵਾਂ ਨਿਗਮ ਨੋਟੀਫਿਕੇਸ਼ਨ ਦੇ ਸਰਕਾਰੀ ਗਜ਼ਟ ਵਿੱਚ ਪ੍ਰਕਾਸ਼ਿਤ ਹੋਣ ਦੀ ਮਿਤੀ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਜਾਵੇਗਾ।​ਵਧੀਕ ਮੁੱਖ ਸਕੱਤਰ, ਸਥਾਨਕ ਸਰਕਾਰਾਂ ਵਿਭਾਗ, ਤੇਜਵੀਰ ਸਿੰਘ ਦੇ ਹਸਤਾਖਰਾਂ ਹੇਠ ਜਾਰੀ ਹੋਇਆ ਇਹ ਨੋਟੀਫਿਕੇਸ਼ਨ ਸੱਚਮੁੱਚ ਬਰਨਾਲਾ ਨੂੰ ਇੱਕ ਉੱਜਵਲ ਭਵਿੱਖ ਦਾ ਸੰਕੇਤ ਦੇ ਰਿਹਾ ਹੈ। ਅੱਜ ਤੋਂ ਬਰਨਾਲਾ ਸਿਰਫ਼ ਇੱਕ ਸ਼ਹਿਰ ਨਹੀਂ, ਸਗੋਂ ਇੱਕ ਉੱਭਰਦਾ ਹੋਇਆ ਨਗਰ ਨਿਗਮ ਹੈ!


Spread Information
Advertisement
error: Content is protected !!