
ਸਪੋਰਟਸ ਜ਼ੇਨਿਥ: ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਮਿਹਨਤ, ਅਨੁਸ਼ਾਸਨ ਤੇ ਜਜ਼ਬੇ ਦਾ ਦਿੱਤਾ ਸੁਨੇਹਾ
ਟੰਡਨ ਇੰਟਰਨੈਸ਼ਨਲ ਸਕੂਲ ਦੀ ਸਪੋਰਟਸ ਜ਼ੇਨਿਥ—ਜਿੱਤ ਤੋਂ ਵੱਧ ਭਾਗੀਦਾਰੀ ਤੇ ਪੂਰੀ ਕੋਸ਼ਿਸ਼ ਦਾ ਪਾਠ
ਖੇਡਾਂ ‘ਚ ਜਿੱਤਣਾ ਜਰੂਰੀ ਨਹੀਂ, ਸਗੋਂ ਭਾਗ ਲੈਣਾ ਤੇ ਪੂਰੀ ਕੋਸ਼ਿਸ਼ ਕਰਨਾ ਸਭ ਤੋਂ ਵੱਡੀ ਜਿੱਤ- ਸ਼ਿਵ ਸਿੰਗਲਾ
ਅਦੀਸ਼ ਗੋਇਲ, ਬਰਨਾਲਾ 16 ਨਵੰਬਰ 2025
ਇਲਾਕੇ ਦੀ ਪ੍ਰਸਿੱਧ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦੀ ਸਾਲਾਨਾ ਸਪੋਰਟਸ ਮੀਟ ਕਰਵਾਈ ਗਈ। ਇਸ ਸਪੋਰਟਸ ਮੀਟ ਦਾ ਨਾਮ ਸਪੋਰਟਸ ਜ਼ੇਨਿਥ ਰੱਖਿਆ ਗਿਆ। ਇਸ ਸਪੋਰਟਸ ਮੀਟ ਵਿਚ ਪਲੇ-ਵੇ ਤੋਂ ਨੌਵੀਂ ਕਲਾਸ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸਾਲਾਨਾ ਸਪੋਰਟਸ ਮੀਟ ਬੜੇ ਉਤਸ਼ਾਹ ਅਤੇ ਜੋਸ਼ ਦੇ ਨਾਲ ਆਯੋਜਿਤ ਕੀਤੀ ਗਈ।
ਮੈਦਾਨ ਵਿੱਚ ਸਵੇਰ ਤੋਂ ਹੀ ਵਿਦਿਆਰਥੀਆਂ ਦੀ ਰੌਣਕ ਅਤੇ ਖੇਡਾਂ ਲਈ ਜੋਸ਼ ਵੱਖਰਾ ਹੀ ਦ੍ਰਿਸ਼ ਪੇਸ਼ ਕਰ ਰਿਹਾ ਸੀ। ਇਸ ਸਪੋਰਟਸ ਮੀਟ ਵਿੱਚ ਬਹੁਤ ਸਾਰੀਆਂ ਸ਼੍ਰੇਣੀਆਂ ਸ਼ਾਮਲ ਸਨ, ਜਿਨ੍ਹਾਂ ਵਿੱਚ 100 ਮੀਟਰ ਦੌੜ, 200 ਮੀਟਰ ਦੌੜ, ਲੰਮੀ ਛਾਲ, ਉੱਚੀ ਛਾਲ, ਰੀਲੇ ਰੇਸ, ਤੱਗ ਆਫ ਵਾਰ, ਆਦਿ ਮਹੱਤਵਪੂਰਨ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਪੂਰੀ ਮਿਹਨਤ ਅਤੇ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ। ਬੱਚਿਆਂ ਦਾ ਜੋਸ਼, ਟੀਮ ਵਰਕ ਅਤੇ ਖੇਡਾਂ ਪ੍ਰਤੀ ਸਮਰਪਣ ਦੇਖਣ ਵਾਲਾ ਸੀ। ਮੈਡਲ ਅਤੇ ਟ੍ਰੋਫ਼ੀ ਜਿੱਤਣ ਦੀ ਲਗਨ ਬੱਚਿਆਂ ਦੇ ਚਿਹਰਿਆਂ ‘ਤੇ ਸਾਫ਼ ਨਜ਼ਰ ਆ ਰਹੀ ਸੀ। ਇਹ ਸਪੋਰਟਸ ਮੀਤ ਸਕੂਲ ਦੇ ਡੀ ਪੀ ਹਰਜੀਤ ਸਿੰਘ , ਬੈਡਮਿੰਟਨ ਕੋਚ ਸੁਖਦੇਵ ਸਿੰਘ , ਨੈਟਬਾਲ ਕੋਚ ਖੁਸ਼ਦੀਪ ਸਿੰਘ ਅਤੇ ਕ੍ਰਿਕੇਟ ਕੋਚ ਰੋਹਨ ਸ਼ਰਮਾ ਦੀ ਅਗਵਾਈ ਹੇਠ ਕਰਵਾਈ ਗਈ।
ਸਕੂਲ ਦੀ ਪ੍ਰਿੰਸੀਪਲ ਸ਼ਾਲਿਨੀ ਕੌਸ਼ਲ ਵੱਲੋਂ ਜੇਤੂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਿੱਤਣ
ਵਾਲੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਕਿਹਾ ਗਿਆ ਕਿ ਮੁਕਾਬਲਿਆਂ ਵਿੱਚ ਬੱਚਿਆਂ ਨੇ ਸ਼ਮੂਲੀਅਤ ਕਰਕੇ ਖੇਡਾਂ ਪ੍ਰਤੀ ਆਪਣੀ ਲਗਨ ਅਤੇ ਅਨੁਸ਼ਾਸਨ ਦਿਖਾਇਆ। ਸਕੂਲ ਦੇ ਮੈਦਾਨ ਵਿਚ ਬੱਚਿਆਂ ਦੇ ਚੀਅਰ ਅਤੇ ਜੋਸ਼ ਨੇ ਸਮੂਹ ਵਾਤਾਵਰਣ ਨੂੰ ਖੇਡਮਈ ਬਣਾ ਦਿੱਤਾ। ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਬਹੁਤ ਲਾਭਦਾਇਕ ਹਨ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਕਰਵਾਏ ਜਾਣਗੇ।
ਇਸ ਮੌਕੇ ਸਕੂਲ ਦੇ ਐਮ ਡੀ ਸ਼ਿਵ ਸਿੰਗਲਾ ਨੇ ਬੱਚਿਆਂ ਨੂੰ ਪ੍ਰੇਰਣਾਦਾਇਕ ਸ਼ਬਦਾਂ ਨਾਲ ਸੰਬੋਧਨ ਕਰਦਿਆਂ ਕਿਹਾ ਕਿ ਸਪੋਰਟਸ ਸਾਨੂੰ ਅਨੁਸ਼ਾਸਨ, ਸਹਿਯੋਗ, ਹੌਸਲਾ ਅਤੇ ਹਾਰ-ਜੀਤ ਨੂੰ ਸਹੀ ਢੰਗ ਨਾਲ ਸਵੀਕਾਰਣ ਦੀ ਸਿੱਖ ਦੇਂਦਾ ਹੈ। ਉਹਨਾਂ ਕਿਹਾ ਕਿ ਖੇਡਾਂ ਵਿਚ ਜਿੱਤਨਾ ਜਰੂਰੀ ਨਹੀਂ, ਸਗੋਂ ਭਾਗ ਲੈਣਾ ਅਤੇ ਆਪਣੀ ਪੂਰੀ ਕੋਸ਼ਿਸ਼ ਕਰਨਾ ਸਭ ਤੋਂ ਵੱਡੀ ਜਿੱਤ ਹੈ। ਬੱਚਿਆਂ ਨੂੰ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਕਿਸੇ ਵੀ ਖੇਤਰ ਵਿੱਚ ਮਿਹਨਤ, ਇਮਾਨਦਾਰੀ ਅਤੇ ਅਤੁੱਟ ਜੋਸ਼ ਨਾਲ ਹੀ ਸਫਲਤਾ ਹਾਸਲ ਕਰ ਸਕਦੇ ਹਨ।
ਖੇਡਾਂ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਜੋ ਇੱਕ ਵਿਅਕਤੀ ਨੂੰ ਤੰਦਰੁਸਤ, ਆਤਮਵਿਸ਼ਵਾਸੀ ਅਤੇ ਮਹਨਤੀ ਬਣਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿੱਤ ਅਤੇ ਹਾਰ ਦੋਵੇਂ ਹੀ ਖੇਡਾਂ ਦਾ ਅਟੁੱਟ ਹਿੱਸਾ ਹਨ, ਪਰ ਅਸਲੀ ਜਿੱਤ ਉਹਦੀ ਹੈ, ਜੋ ਬੱਚੇ ਸਿਖਲਾਈ, ਟੀਮਵਰਕ ਅਤੇ ਸਵਨੁਸ਼ਾਸਨ ਰਾਹੀਂ ਹਾਸਲ ਕਰਦੇ ਹਨ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਰ ਖੇਡ ਨੂੰ ਪੂਰੇ ਜਜ਼ਬੇ ਅਤੇ ਇਮਾਨਦਾਰੀ ਨਾਲ ਖੇਡੋ, ਕਿਉਂਕਿ ਮਿਹਨਤ ਕਦੀ ਵੀ ਵਿਅਰਥ ਨਹੀਂ ਜਾਂਦੀ। ਅੰਤ ਵਿਚ ਕਿਹਾ ਕਿ ਸਪੋਰਟਸ ਮੀਟ ਬੱਚਿਆਂ ਦੇ ਛੁਪੇ ਟੈਲੈਂਟ ਨੂੰ ਉਭਾਰਨ ਦਾ ਸਭ ਤੋਂ ਵਧੀਆ ਮੰਚ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਵਿੱਚ ਲੀਡਰਸ਼ਿਪ, ਸਪੋਰਟਸਮੈਨਸ਼ਿਪ ਅਤੇ ਸਮੇਂ ਦੀ ਮਹੱਤਤਾ ਨੂੰ ਸਮਝਾਉਂਦੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਬਧਾਈ ਦਿੰਦੇ ਹੋਏ ਕਿਹਾ ਕਿ ਇਸੇ ਜੋਸ਼ ਨਾਲ ਅੱਗੇ ਵੀ ਹਰ ਖੇਤਰ ਵਿੱਚ ਸਕੂਲ ਦਾ ਨਾਮ ਰੋਸ਼ਨ ਕਰਦੇ ਰਹੋ।








