ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 13 ਅਕਤੂਬਰ 2023
ਪੰਜਾਬ ਰਾਜ ਐਸਸੀ ਕਮਿਸ਼ਨ ਦੇ ਮੈਂਬਰ ਮਿਸ ਪ੍ਰੋਮਿਲਾ ਫਲੀਆਂਵਾਲਾ ਵੱਲੋਂ ਅੱਜ ਜਲਾਲਾਬਾਦ ਉਪਮੰਡਲ ਦੇ ਪਿੰਡ ਚੱਕ ਅਰਾਈਆਂ ਵਾਲਾ ਦਾ ਦੌਰਾ ਕਰਕੇ ਇੱਥੇ ਪਿੰਡ ਵਾਸੀਆਂ ਦੀਆਂ ਮੁਸਕਿਲਾਂ ਸੁਣੀਆਂ। ਉਨ੍ਹਾਂ ਨੇ ਇਸ ਮੌਕੇ ਦੱਸਿਆ ਕਿ ਪਿੰਡ ਦੇ ਸਰਕਾਰੀ ਸਕੂਲ ਨੂੰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨੁਕਸਾਨ ਪਹੁੰਚਾਉਣ ਦੀ ਕੋਸਿ਼ਸ ਕੀਤੀ ਹੈ। ਉਨ੍ਹਾਂ ਨੇ ਇਸ ਸਬੰਧੀ ਮੌਕੇ ਤੇ ਹੀ ਪੁਲਿਸ ਵਿਭਾਗ ਨੂੰ ਇਸ ਸਬੰਧੀ ਕਾਰਵਾਈ ਕਰਨ ਦੀ ਹਦਾਇਤ ਕੀਤੀ ਗਈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵੀ ਭਰੋਸਾ ਦਿੱਤਾ ਕਿ ਪਿੰਡ ਦੇ ਐਸਸੀ ਭਾਈਚਾਰੇ ਨਾਲ ਕੋਈ ਵੀ ਜਿਆਦਤੀ ਨਹੀਂ ਹੋਣ ਦਿੱਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਐਸਸੀ ਕਮਿਸ਼ਨ ਦਾ ਗਠਨ ਇਸੇ ਲਈ ਕੀਤਾ ਗਿਆ ਹੈ ਕਿ ਕਿਤੇ ਵੀ ਐਸਸੀ ਭਾਈਚਾਰੇ ਦੇ ਲੋਕਾਂ ਨਾਲ ਕੋਈ ਵਧੀਕੀ ਨਾ ਹੋਵੇ ਅਤੇ ਜ਼ੇਕਰ ਕਿਸੇ ਨਾਲ ਅਜਿਹਾ ਹੋਵੇ ਤਾਂ ਉਹ ਕਮਿਸ਼ਨ ਕੋਲ ਪਹੁੰਚ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਕਤ ਮਾਮਲੇ ਸਬੰਧੀ ਵੀ ਸ਼ੋਸਲ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਇੱਥੇ ਸਰਕਾਰੀ ਸਕੂਲ ਨਾਲ ਛੇੜਛਾੜ ਕਰਨ ਦੀ ਕੋਸਿ਼ਸ ਕੀਤੀ ਜਾ ਰਹੀ ਹੈ ਜਿਸਤੇ ਉਹ ਖੁਦ ਮੌਕਾ ਵੇਖਣ ਪਹੁੰਚੇ ਹਨ ਅਤੇ ਇਸ ਸਬੰਧੀ ਪੁਲਿਸ ਅਤੇ ਜਿ਼ਲ੍ਹਾ ਪ੍ਰਸ਼ਾਸਨ ਨੂੰ ਲੋੜੀਂਦੇ ਆਦੇਸ਼ ਦਿੱਤੇ ਗਏ ਹਨ। ਇਸ ਮੌਕੇ ਪੁਲਿਸ ਅਤੇ ਸਿਵਲ ਅਧਿਕਾਰੀ ਵੀ ਹਾਜਰ ਸਨ।