ਪਸ਼ੂਆਂ ‘ਚ ਧੱਫ਼ੜੀ ਰੋਗ ਫ਼ੈਲਣ ਤੋਂ ਰੋਕਣ ਲਈ ਟੀਕਾਕਰਨ ਕੈਂਪ ਸ਼ੁਰੂ
ਪਸ਼ੂਆਂ ‘ਚ ਧੱਫ਼ੜੀ ਰੋਗ ਫ਼ੈਲਣ ਤੋਂ ਰੋਕਣ ਲਈ ਟੀਕਾਕਰਨ ਕੈਂਪ ਸ਼ੁਰੂ
ਬਰਨਾਲਾ, 7 ਅਗਸਤ (ਰਘੂਵੀਰ ਹੈੱਪੀ)
ਲੰਪੀ ਸਕਿਨ ਦੀ ਬਿਮਾਰੀ ਤੋਂ ਬਚਾਅ ਲਈ ਪਸ਼ੂ ਪਾਲਣ ਵਿਭਾਗ ਬਰਨਾਲਾ ਵੱਲੋਂ ਤੰਦਰੁਸਤ ਪਸ਼ੂਆਂ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਡਾ. ਲਖਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਭੇਜੀ ਗਈ ਗੋਅਟ ਪੋੋੌਕਸ ਵੈਕਸੀਨ ਤੰਦਰੁਸਤ ਪਸ਼ੂਆਂ ਦੇ ਲਗਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ।
ਅੱਜ ਪਿੰਡ ਠੀਕਰੀਵਾਲ ਵਿਖੇ ਅਤੇ ਸਰਕਾਰੀ ਗਊਸ਼ਾਲਾ ਪਿੰਡ ਮਨਾਲ ਵਿਖੇ ਕੈਂਪ ਲਗਾਇਆ ਗਿਆ। ਠੀਕਰੀਵਾਲ ਵਿਖੇ 56 ਪਸ਼ੂ ਪਾਲਕਾਂ ਨੂੰ ਦਵਾਈਆਂ, ਫੀਡ ਸਪਲੀਮੈਂਟ ਆਦਿ ਵੰਡੇ ਗਏ।
ਸਰਕਾਰੀ ਗਊਸ਼ਾਲਾ ਮਨਾਲ ਵਿਖੇ ਜ਼ਿਲ੍ਹਾ ਬਰਨਾਲਾ ਦਾ ਪਹਿਲਾ ਟੀਕਾਕਰਨ / ਵੈਕਸੀਨੇਸ਼ਨ ਕੈੰਪ ਡਾਕਟਰ ਕਰਮਜੀਤ ਸਿੰਘ ਅਸਿਸਟੈੰਟ ਡਾਇਰੈਕਟਰ ਬਰਨਾਲਾ ਦੀ ਰਹਿਨੁਮਾਈ ਹੇਠ ਲਗਾਇਆ ਗਿਆ।ਇਸ ਕੈੰਪ ਦੌਰਾਨ 50 ਤੋਂ ਵੱਧ ਪਸ਼ੂਆਂ ਦਾ ਟੀਕਾਕਰਨ ਕੀਤਾ ਗਿਆ ਅਤੇ ਨਾਲ ਨਾਲ ਪਸ਼ੂ ਸੈਡਾਂ ਦੀ 5 ਫ਼ੀਸਦੀ ਫਾਰਮਾਲੀਨ ਦੇ ਘੋਲ ਨਾਲ ਸਫ਼ਾਈ ਕੀਤੀ ਗਈ। ਇਸ ਮੌਕੇ ਡਾਕਟਰ ਜਤਿੰਦਰਪਾਲ ਸਿੰਘ ਸੀਨੀਅਰ ਵੈਟਨਰੀ ਅਫਸਰ ਬਰਨਾਲਾ ਨੇ ਪਸ਼ੂਆਂ ਦੀ ਸਿਹਤ ਅਤੇ ਸਥਿਤੀ ਦਾ ਜਾੲਿਜ਼ਾ ਲੈਂਦੇ ਹੋਏ ਗਊਸ਼ਾਲਾ ਦੇ ਕਰਮਚਾਰੀਆਂ ਨੂੰ ਇਸ ਬਿਮਾਰੀ ਦੇ ਰੋਕਥਾਮ ਲਈ ਜਾਣੂ ਕਰਵਾਇਆ ।
ਡਾ. ਲਖਬੀਰ ਸਿੰਘ ਨੇ ਵਧੇਰੇ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਵੈਕਸੀਨ ਨਾਲ ਤੰਦਰੁਸਤ ਜਾਨਵਰਾਂ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ‘ਚ ਵਾਧਾ ਹੁੰਦਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਬੀਮਾਰ ਜਾਨਵਰ ਅਤੇ ਤੰਦਰੁਸਤ ਜਾਨਵਰ ਨੂੰ ਇਕ ਦੂਜੇ ਤੋਂ ਦੂਰ ਰੱਖਣਾ ਹੋਵੇਗਾ।
ਡਾ. ਲਖਬੀਰ ਸਿੰਘ ਨੇ ਦੱਸਿਆ ਕਿ ਇਹ ਇਕ ਚਮੜੀ ਦਾ ਰੋਗ ਹੈ ਜਿਸ ਤੋਂ ਘਬਰਾਉਣ ਦੀ ਲੋੜ ਨਹੀਂ ਤੇ ਇਸ ਬਿਮਾਰੀ ਨੂੰ ਸਹੀ ਇਲਾਜ ਨਾਲ ਦੋ ਤੋਂ ਤਿੰਨ ਹਫ਼ਤੇ ਦੌਰਾਨ ਪਸ਼ੂ ਸਿਹਤਮੰਦ ਹੋ ਜਾਂਦਾ ਹੈ। ਉਨ੍ਹਾਂ ਕਿਹਾ ਪਸ਼ੂ ਮਾਹਰਾਂ ਦੇ ਇਲਾਜ ਨਾਲ 3-5 ਦਿਨ ਵਿਚ ਬੁਖਾਰ ਠੀਕ ਹੋ ਜਾਂਦਾ ਹੈ ਅਤੇ 14-21 ਦਿਨਾਂ ਵਿਚ ਚਮੜੀ ਠੀਕ ਹੋ ਜਾਂਦੀ ਹੈ।
ਡਿਪਟੀ ਡਾਇਰੈਟਰ ਪਸ਼ੂ ਪਾਲਣ ਨੇ ਦੱਸਿਆ ਕਿ ਪਸ਼ੂ ਮਾਹਿਰਾਂ ਅਨੁਸਾਰ ਧੱਫ਼ੜੀ ਰੋਗ ਤੋਂ ਪੀੜਤ ਪਸ਼ੂ ਨੂੰ ਬਾਕੀਆਂ ਤੋਂ ਅਲੱਗ ਰੱਖਣ ਦੀ ਲੋੜ ਹੈ ਅਤੇ ਉਸ ਦੀ ਨਿਯਮਿਤ ਰੂਪ ’ਚ ਨੇੜਲੇ ਵੈਟਰਨਰੀ ਡਾਕਟਰ ਤੋਂ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਮਾਹਿਰਾਂ ਅਨੁਸਾਰ ਧੱਫ਼ੜੀ ਰੋਗ ਤੋਂ ਪੀੜਤ ਪਸ਼ੂ ਇਲਾਜ ਤੋਂ ਚਾਰ-ਪੰਜ ਦਿਨ ਬਾਅਦ ਪੱਠੇ ਖਾਣਾ ਸ਼ੁਰੂ ਕਰ ਦਿੰਦਾ ਹੈ।