ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ ਸਬੰਧੀ ਪਾਬੰਦੀਆਂ ’ਚ ਸੋਧ ਕਰਦਿਆਂ 15 ਫਰਵਰੀ ਤੱਕ ਦਾ ਵਾਧਾ
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ ਸਬੰਧੀ ਪਾਬੰਦੀਆਂ ’ਚ ਸੋਧ ਕਰਦਿਆਂ 15 ਫਰਵਰੀ ਤੱਕ ਦਾ ਵਾਧਾ
ਪਰਦੀਪ ਕਸਬਾ ,ਸੰਗਰੂਰ, 8 ਫਰਵਰੀ 2022
ਜ਼ਿਲਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਤਹਿਤ ਕੋਵਿਡ ਸਥਿਤੀ ਦੇ ਮੱਦੇਨਜ਼ਰ ਹੁਕਮ ਜਾਰੀ ਕਰ ਕੇ ਜ਼ਿਲੇ ਅੰਦਰ ਪਹਿਲਾਂ ਤੋਂ ਲਾਗੂ ਪਾਬੰਦੀਆਂ ‘ਚ ਸੋਧ ਕਰਦਿਆਂ 15 ਫਰਵਰੀ 2022 ਤੱਕ ਦਾ ਵਾਧਾ ਕਰ ਦਿੱਤਾ ਹੈ।
ਹੁਕਮਾਂ ਅਨੁਸਾਰ ਕਿਸੇ ਸਥਾਨ ਦੀ 50 ਫੀਸਦੀ ਸਮਰੱਥਾਂ ਨਾਲ ਇਨਡੋਰ 500 ਅਤੇ ਆਊਟਡੋਰ 1000 ਵਿਅਕਤੀਆਂ ਤੱਕ ਦੇ ਇਕੱਠ ਦੀ ਇਜਾਜ਼ਤ ਹੋਵੇਗੀ। ਇਹ ਇੱਕਠ ਵੀ ਕੋਵਿਡ ਸਬੰਧੀ ਲਾਗੂ ਪ੍ਰੋਟੋਕਾਲ ਦੀ ਪਾਲਣਾ ਨਾਲ ਹੀ ਕੀਤਾ ਜਾ ਸਕੇਗਾ।
ਹੁਕਮ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ਅਤੇ ਕੰਮ ਦੀਆਂ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ। ਇਸੇ ਤਰਾਂ ਸਾਰੀਆਂ ਗਤੀਵਿਧੀਆਂ ਕਰਨ ਸਮੇਂ ਘੱਟੋ ਘੱਟ 6 ਫੁੱਟ ਦੀ ਸਮਾਜਿਕ ਦੂਰੀ ਰੱਖਣਾ ਯਕੀਨੀ ਬਣਾਇਆ ਜਾਵੇ।
ਹੁਕਮਾਂ ਅਨੁਸਾਰ, ਕਾਲਜ, ਯੂਨੀਵਰਸਿਟੀਆਂ(ਮੈਡੀਕਲ ਤੇ ਨਰਸਿੰਗ ਕਾਲਜਾਂ ਸਮੇਤ), ਛੇਵੀਂ ਜਮਾਤ ਤੋਂ ਸਕੂਲ, ਪੌਲੀਟੈਕਨਿਕ, ਆਈ ਟੀ ਆਈਜ਼, ਕੋਚਿੰਗ ਸੰਸਥਾਵਾਂ, ਲਾਇਬ੍ਰੇਰੀ ਅਤੇ ਸਿਖਲਾਈ ਸੰਸਥਾਵਾਂ (ਸਰਕਾਰੀ ਜਾਂ ਪ੍ਰਾਈਵੇਟ) ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਕਲਾਸਾਂ ਦੌਰਾਨ ਸਮਾਜਿਕ ਦੂਰੀ, ਨਿਯਮਤ ਸੈਨੇਟਾਇਜੇਸ਼ਨ, ਕੋਵਿਡ ਸਬੰਧੀ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨਾ ਜ਼ਰੂਰੀ ਹੈ।
ਹੁਕਮਾਂ ਅਨੁਸਾਰ ਸਬੰਧਤ ਸੰਸਥਾਵਾਂ 15 ਸਾਲ ਤੋਂ ਵੱਡੀ ਉਮਰ ਦੇ ਵਿਦਿਆਰਥੀਆਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨਾ ਯਕੀਨੀ ਬਣਾਉਣ। ਇਸ ਤੋਂ ਇਲਾਵਾ ਵਿਦਿਆਰਥੀਆਂ ਕੋਲ ਆਨ ਲਾਈਨ ਕਲਾਸਾਂ ਦਾ ਬਦਲ ਵੀ ਮੌਜੂਦ ਰਹੇਗਾ।
ਇਸੇ ਤਰਾਂ ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਜਿਮ, ਖੇਡ ਕੰਪਲੈਕਸ, ਮਿਊਜ਼ੀਅਮ,ਚਿੜੀਆਘਰ ਆਦਿ 75 ਫ਼ੀਸਦੀ ਸਮੱਰਥਾ ਨਾਲ ਹੀ ਖੋਲਣ ਦੀ ਆਗਿਆ ਹੋਵੇਗੀ, ਬਾਸ਼ਰਤੇ ਸਾਰੇ ਸਟਾਫ ਦਾ ਮੁਕੰਮਲ ਟੀਕਾਕਰਨ ਹੋਇਆ ਹੋਵੇ। ਏ.ਸੀ. ਬੱਸਾਂ 50 ਫੀਸਦੀ ਸਮੱਰਥਾ ਨਾਲ ਹੀ ਚੱਲ ਸਕਣਗੀਆਂ।
ਇਸੇ ਤਰਾਂ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਤੋਂ ਕੋਈ ਵੀ ਸੇਵਾ ਉਸੇ ਵਿਅਕਤੀ ਨੂੰ ਮਿਲੇਗੀ ਜਿਸ ਨੇ ਮਾਸਕ ਪਾਇਆ ਹੋਵੇਗਾ। ਮੁਕੰਮਲ ਟੀਕਾਕਰਨ, ਕੋਵਿਡ ਤੋਂ ਠੀਕ ਹੋਇਆ ਵਿਅਕਤੀ ਜਾਂ 72 ਘੰਟਿਆਂ ਤੋਂ ਪਹਿਲਾਂ ਆਰ.ਟੀ.ਪੀ.ਸੀ.ਆਰ ਨੈਗੇਟਿਵ ਰਿਪੋਰਟ ਵਾਲਿਆਂ ਨੂੰ ਹੀ ਜ਼ਿਲੇ ਅੰਦਰ ਆਉਣ ਦੀ ਇਜਾਜ਼ਤ ਹੋਵੇਗੀ। ਅਜਿਹਾ ਨਾ ਹੋਣ ‘ਤੇ ਉਨ੍ਹਾਂ ਦਾ ਆਰ.ਏ.ਟੀ. ਟੈਸਟ ਕੀਤਾ ਜਾਵੇਗਾ। ਹਵਾਈ ਸਫਰ ਰਾਹੀ ਯਾਤਰਾ ਕਰਨ ਵਾਲਿਆਂ ਲਈ ਇਨ੍ਹਾਂ ਤਿੰਨਾਂ ‘ਚੋਂ ਇਕ ਦਾ ਹੋਣਾ ਲਾਜ਼ਮੀ ਹੈ। ਦਿਵਿਆਂਗਜਨ ਅਤੇ ਗਰਭਵਤੀ ਮਹਿਲਾ ਕਰਮਚਾਰੀਆਂ ਨੂੰ ਦਫਤਰ ਆਉਣ ਤੋਂ ਛੋਟ ਰਹੇਗੀ, ਪਰ ਘਰ ਤੋਂ ਕੰਮ ਕਰਨਾ ਜਾਰੀ ਰੱਖਣਗੇ।