Skip to content
Advertisement

ਦੇਸ਼ ਦੀ ਏਕਤਾ ਅਤੇ ਅਮਨ-ਸ਼ਾਂਤੀ ਲਈ ਹਰ ਵਿਅਕਤੀ ਨਿਭਾਵੇ ਫਰਜ਼: ਵਿਜੈ ਇੰਦਰ ਸਿੰਗਲਾ
-ਬਰਨਾਲਾ ’ਚ ਲੋਕ ਨਿਰਮਾਣ ਤੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਨੇ ਲਹਿਰਾਇਆ ਕੌਮੀ ਝੰਡਾ
-ਕਰੋਨਾ ਇਹਤਿਆਤਾਂ ਦੀ ਪਾਲਣਾ ਕਰਦੇ ਹੋਏ ਸੰਖੇਪ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਮਨਾਇਆ ਗਣਤੰਤਰ ਦਿਵਸ
ਸੋਨੀ ਪਨੇਸਰ,ਬਰਨਾਲਾ, 26 ਜਨਵਰੀ 2022
ਦੇਸ਼ ਦੇ ਗਣਤੰਤਰ ਦੇ 73ਵੇਂ ਵਰੇ ਦੇ ਸ਼ੁੱਭ ਮੌਕੇ ’ਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਹੋਏ ਸੰਖੇਪ ਜ਼ਿਲਾ ਪੱਧਰੀ ਸਮਾਗਮ ’ਚ ਲੋਕ ਨਿਰਮਾਣ ਤੇ ਪ੍ਰਸ਼ਾਸਨਿਕ ਸੁਧਾਰ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਡੀਐਸਪੀ ਸੰਦੀਪ ਕੌਰ ਸੰਧੂ ਦੀ ਅਗਵਾਈ ਵਾਲੀ ਪੁਲੀਸ ਟੁਕੜੀ ਨੇ ਸਲਾਮੀ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਅਤੇ ਜ਼ਿਲਾ ਪੁਲੀਸ ਮੁਖੀ ਸ੍ਰੀਮਤੀ ਅਲਕਾ ਮੀਨਾ ਵੀ ਮੌਜੂਦ ਸਨ।
ਇਸ ਦੌਰਾਨ ਮੁੱਖ ਮਹਿਮਾਨ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਜ਼ਿਲਾ ਵਾਸੀਆਂ ਦੇ ਨਾਮ ਸੰਦੇਸ਼ ਦਿੰਦਿਆਂ ਮੁੱਖ ਮਹਿਮਾਨ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆਂ ਵਿੱਚ ਸਭ ਤੋਂ ਵੱਡੇ ਲੋਕਤੰਤਰ ਹੋਣ ਦਾ ਮਾਣ ਹਾਸਲ ਹੋਇਆ।
ਉਨਾਂ ਕਿਹਾ ਕਿ ਅੱਜ ਦੇ ਦਿਨ ਭਾਰਤੀ ਸੰਵਿਧਾਨ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਵਾਲੇ ਹਰ ਸ਼ਖ਼ਸ ਨੂੰ ਸਿਜਦਾ ਕਰਨਾ ਬਣਦਾ ਹੈ। ਉਨਾਂ ਕਿਹਾ ਕਿ ਸਾਡੇ ਮਹਾਨ ਦੇਸ਼ ਦਾ ਸੰਵਿਧਾਨ ਇਕ ਮਹਾਨ ਦਸਤਾਵੇਜ਼ ਹੈ, ਜਿਸ ਨੇ ਇਸ ਮੁਲਕ ਦੀ ਅਵਾਮ ਨੂੰ ਬਰਾਬਰੀ ਅਤੇ ਧਰਮ ਨਿਰੱਪਖਤਾ ਦੇ ਮੌਕੇ ਦੇ ਕੇ ਸਭ ਨੂੰ ਅੱਗੇ ਵਧਣ ਦੇ ਬਰਾਬਰ ਅਵਸਰ ਮੁਹੱਈਆ ਕਰਵਾਏ। ਉਨਾਂ ਕਿਹਾ ਕਿ ਹਰ ਤਰਾਂ ਦੀ ਕੁਰਬਾਨੀ ਵਿਚ ਪੰਜਾਬੀਆਂ ਦਾ ਵਡਮੁੱਲਾ ਯੋਗਦਾਨ ਹੈ। ਅੱਜ ਦੇ ਦਿਨ ਸਾਰੇ ਪੰਜਾਬੀਆਂ ਨੂੰ ਏਕਤਾ ਅਤੇ ਅਮਨ-ਅਮਾਨ ਦਾ ਸੰਕਲਪ ਲੈਣਾ ਚਾਹੀਦਾ ਹੈ ਅਤੇ ਇਹਤਿਆਤਾਂ ਦੀ ਪਾਲਣਾ ਕਰਦੇ ਹੋਏ ਕਰੋਨਾ ਮਹਾਂਮਾਰੀ ਵਿਰੁੱਧ ਜੰਗ ਜਿੱਤਣ ਲਈ ਕਦਮ ਵਧਾਉਣਾ ਚਾਹੀਦਾ ਹੈ।
ਇਸ ਮੌਕੇ ਪੁਲੀਸ ਟੁਕੜੀ ਦੀ ਅਗਵਾਈ ਕਰਨ ਵਾਲੀ ਡੀਐਸਪੀ ਸੰਦੀਪ ਕੌਰ ਸੰਧੂ ਦਾ ਮੁੱਖ ਮਹਿਮਾਨ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਮੁੱਖ ਮਹਿਮਾਨ ਸ੍ਰੀ ਵਿਜੈ ਇੰਦਰ ਸਿੰਗਲਾ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਰਾਸ਼ਟਰੀ ਗਾਣ ਸਿੱਖਿਆ ਵਿਭਾਗ (ਸੈਕੰਡਰੀ) ਦੇ ਅਧਿਆਪਕਾਂ ਵੱਲੋਂ ਪੇਸ਼ ਕੀਤਾ ਗਿਆ।
ਇਸ ਮੌਕੇ ਜ਼ਿਲਾ ਤੇ ਸੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ, ਹਾਸਪਿਟਲ ਵੈਲਫੇਅਰ ਸੈਕਸ਼ਨ ਦੇ ਚੇਅਰਪਰਸਨ ਤੇ ਡਿਪਟੀ ਕਮਿਸ਼ਨਰ ਬਰਨਾਲਾ ਦੀ ਪਤਨੀ ਸ੍ਰੀਮਤੀ ਜਯੋਤੀ ਸਿੰਘ ਰਾਜ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਬੈਂਬੀ, ਐਸੀਡੀਐਮ ਸ੍ਰੀ ਵਰਜੀਤ ਵਾਲੀਆ, ਆਈਟੀਬੀਪੀ ਬਰਨਾਲਾ ਬਟਾਲੀਅਨ ਕਮਾਂਡੈਂਟ ਸ੍ਰੀ ਭਾਗੀਰਥ ਪ੍ਰਸਾਦ, ਐਸਪੀ ਕੁਲਦੀਪ ਸਿੰਘ ਸੋਹੀ ਤੇ ਹੋਰ ਵਿਭਾਗਾਂ ਦੇ ਮੁਖੀ ਤੇ ਸਟਾਫ ਮੈਂਬਰ ਹਾਜ਼ਰ ਸਨ।
Advertisement

error: Content is protected !!