ਨਗਰ ਕੌਂਸਲ ਸੰਗਰੂਰ ਦੇ 27 ਕੱਚੇ ਕਰਮਚਾਰੀਆਂ ਨੂੰ ਕੀਤਾ ਗਿਆ ਰੈਗੂਲਰ
ਨਗਰ ਕੌਂਸਲ ਸੰਗਰੂਰ ਦੇ 27 ਕੱਚੇ ਕਰਮਚਾਰੀਆਂ ਨੂੰ ਕੀਤਾ ਗਿਆ ਰੈਗੂਲਰ
- ਸੰਗਰੂਰ ਹਲਕੇ ‘ਚ ਕਿਸੇ ਵੀ ਯੋਗ ਲਾਭਪਾਤਰੀ ਨੂੰ ਸਰਕਾਰੀ ਸਕੀਮਾਂ ਦੇ ਲਾਭ ਤੋਂ ਵਾਂਝਾ ਨਹੀਂ ਰਹਿਣ ਦੇਵਾਂਗਾ: ਵਿਜੈ ਇੰਦਰ ਸਿੰਗਲਾ
ਪਰਦੀਪ ਕਸਬਾ,ਸੰਗਰੂਰ, 7 ਜਨਵਰੀ: 2022
ਲੋਕ ਨਿਰਮਾਣ ਮੰਤਰੀ ਪੰਜਾਬ ਤੇ ਸੰਗਰੂਰ ਹਲਕੇ ਤੋਂ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਨਗਰ ਕੌਂਸਲ ਸੰਗਰੂਰ ਦੇ 27 ਕੱਚੇ ਕਰਮਚਾਰੀਆਂ ਨੂੰ ਪੱਕੇ ਕਰਵਾਉਣ ਉਪਰੰਤ ਰੈਗੂਲਰ ਸੇਵਾਵਾਂ ਸੰਬੰਧੀ ਮਨਜ਼ੂਰੀ ਪੱਤਰ ਦਿੱਤੇ। ਇਸ ਮੌਕੇ ਬੋਲਦਿਆਂ ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਵੱਲੋਂ ਤਨਦੇਹੀ ਤੇ ਇਮਾਨਦਾਰੀ ਨਾਲ ਕੀਤੇ ਗਏ ਕੰਮ ਦਾ ਹੀ ਨਤੀਜਾ ਹੈ ਕਿ ਅੱਜ ਇਨ੍ਹਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ਤੇ ਸ਼ਹਿਰਾਂ ਨੂੰ ਸਾਫ਼-ਸੁਥਰਾ ਬਣਾਉਣ ਤੇ ਸਾਂਝੀਆਂ ਥਾਂਵਾਂ ‘ਤੇ ਸਫਾਈ ਵਿਵਸਥਾ ਕਾਇਮ ਰੱਖਣ ਲਈ ਉਹ ਸਮੂਹ ਸਫਾਈ ਸੇਵਕਾਂ ਦੇ ਦਿਲੋਂ ਧੰਨਵਾਦੀ ਹਨ।
ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਸੰਗਰੂਰ ਹਲਕਾ ਉਨਾਂ ਦੇ ਆਪਣੇ ਪਰਿਵਾਰ ਵਾਂਗ ਹੈ ਅਤੇ ਹਲਕੇ ਵਿਚ ਰਹਿਣ ਵਾਲੇ ਕਿਸੇ ਵੀ ਯੋਗ ਲਾਭਪਾਤਰੀ ਨੂੰ ਉਹ ਸਰਕਾਰ ਦੀਆਂ ਭਲਾਈ ਸਕੀਮਾਂ ਦੇ ਲਾਭ ਤੋਂ ਵਾਂਝਾ ਨਹੀਂ ਰਹਿਣ ਦੇਣਗੇ। ਉਨਾਂ ਕਿਹਾ ਕਿ ਇਸ ਕੰਮ ਲਈ ਜ਼ਿਲਾ ਪ੍ਰਸ਼ਾਸਨ ਦੇ ਨਾਲ-ਨਾਲ ਉਨਾਂ ਵੱਲੋਂ ਸਥਾਨਕ ਆਗੂਆਂ ਦੀ ਅਗਵਾਈ ਵਿਚ ਆਪਣੀ ਟੀਮ ਵੀ ਲੋਕ ਭਲਾਈ ਦੇ ਕੰਮਾਂ ’ਚ ਪੂਰੀ ਮੁਸ਼ਤੈਦੀ ਨਾਲ ਲਗਾਈ ਹੋਈ ਹੈ ਜੋ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਭਲਾਈ ਸਕੀਮਾਂ ਤੇ ਉਨਾਂ ਦੇ ਲਾਭਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਹਨ।
ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ ਸਫਾਈ ਸੇਵਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਪੱਧਰ ‘ਤੇ ਬੜੀ ਸੰਜੀਦਗੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਸਫਾਈ ਸੇਵਕਾਂ ਨੂੰ ਹਰ ਸਹੂਲਤ ਸਮੇਂ ਸਿਰ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਪੂਰੀ ਤਨਦੇਹੀ ਨਾਲ ਇਲਾਕਾ ਵਾਸੀਆਂ ਦੀ ਸੇਵਾ ਕਰ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਸੰਗਰੂਰ ਚਰਨਜੋਤ ਸਿੰਘ ਵਾਲੀਆ, ਚੇਅਰਮੈਨ ਨਗਰ ਸੁਧਾਰ ਟਰੱਸਟ ਨਰੇਸ਼ ਗਾਬਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਬਿੰਦਰ ਬਾਂਸਲ, ਮਹੇਸ਼ ਕੁਮਾਰ ਮੇਸ਼ੀ, ਅਮਰਜੀਤ ਸਿੰਘ ਟੀਟੂ, ਈਓ ਬਾਲ ਕ੍ਰਿਸ਼ਨ ਵੀ ਹਾਜ਼ਰ ਸਨ।