ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਕਰਵਾਇਆ ਜਾ ਰਿਹੈ ਸਰਵਪੱਖੀ ਵਿਕਾਸ: ਭਾਂਬਰੀ
ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਕਰਵਾਇਆ ਜਾ ਰਿਹੈ ਸਰਵਪੱਖੀ ਵਿਕਾਸ: ਭਾਂਬਰੀ
ਅਸ਼ੋਕ ਧੀਮਾਨ,ਅਮਲੋਹ, 03 ਜਨਵਰੀ 2022
ਪੰਜਾਬ ਸਰਕਾਰ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਸੂਬੇ ਦਾ ਸਰਵਪੱਖੀ ਵਿਕਾਸ ਕਰਵਾ ਰਹੀ ਹੈ ਅਤੇ ਲੋਕਾਂ ਦੀ ਭਲਾਈ ਲਈ ਸਰਕਾਰ ਵੱਲੋਂ ਇਤਿਹਾਸਕ ਫੈਸਲੇ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿ਼ਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ. ਹਰਿੰਦਰ ਸਿੰਘ ਭਾਂਬਰੀ ਨੇ ਪਿੰਡ ਕੁੰਭ ਦੀ ਐਸ.ਸੀ. ਧਰਮਸ਼ਾਲਾ ਵਿੱਚ ਰਸੋਈ ਦੇ ਨਿਰਮਾਣ ਅਤੇ ਫਰਸ਼ ਪਾਉਣ ਲਈ 02 ਲੱਖ ਰੁਪਏ ਦੀ ਗ੍ਰਾਂਟ ਦੇਣ ਮੌਕੇ ਗੱਲਬਾਤ ਕਰਦਿਆਂ ਕੀਤਾ।
ਸ. ਭਾਂਬਰੀ ਨੇ ਕਿਹਾ ਕਿ ਮੌਜੂਦਾ ਸਰਕਾਰ ‘ਸਰਬੱਤ ਦੇ ਭਲੇ’ ਨੂੰ ਮੁੱਖ ਰੱਖ ਕੇ ਕੰਮ ਕਰ ਰਹੀ ਹੈ ਅਤੇ ਇਸ ਲੀਹ ’ਤੇ ਚੱਲਦੇ ਹੋਏ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਬਜ਼ੁਰਗਾਂ, ਵਿਧਵਾਵਾਂ, ਬੇਸਹਾਰਾ ਬੱਚਿਆਂ ਅਤੇ ਦਿਵਿਆਂਗਾਂ ਨੂੰ ਮਿਲਣ ਵਾਲੀ ਪੈਨਸ਼ਨ ਦੀ ਰਾਸ਼ੀ ਨੂੰ ਵਧਾ ਕੇ 1500 ਰੁਪਏ ਕੀਤਾ ਹੈ ਅਤੇ ਆਸ਼ੀਰਵਾਦ ਸਕੀਮ ਤਹਿਤ ਲੋੜਵੰਦ ਪਰਿਵਾਰਾਂ ਦੀ ਲੜਕੀ ਦੀ ਸ਼ਾਦੀ ਮੌਕੇ ਦਿੱਤੀ ਜਾਣ ਵਾਲੀ ਸ਼ਗਨ ਦੀ ਰਾਸ਼ੀ ਨੂੰ 51,000 ਰੁਪਏ ਕੀਤਾ ਗਿਆ ਹੈ। ਜਿਸ ਤੋਂ ਇਹ ਸਾਬਤ ਹੋ ਗਿਆ ਹੈ ਕਿ ਸਰਕਾਰ ਨੇ ਜੋ ਐਲਾਨ ਕੀਤਾ ਸੀ ਉਸ ਨੂੰ ਲਾਗੂ ਵੀ ਕੀਤਾ ਹੈ।
ਸ ਭਾਂਬਰੀ ਨੇ ਕਿਹਾ ਕਿ ਸਰਕਾਰ ਨੇ ਬਿਜਲੀ ਦੇ ਬਿੱਲ 02 ਕਿਲੋ ਵਾਟ ਤੱਕ ਦੇ ਮੀਟਰਾਂ ਦੇ ਮੁਆਫ ਕੀਤੇ ਹਨ, ਪਾਣੀ ਦੇ ਬਿੱਲ ਮੁਆਫ਼ ਕੀਤੇ ਹਨ, ਬਿਜਲੀ ਸਸਤੀ ਕੀਤੀ ਹੈ, ਤੇਲ ਸਸਤਾ ਕੀਤਾ ਹੈ, ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ, ਬੇਜ਼ਮੀਨੇ ਕਾਸ਼ਤਕਾਰਾਂ ਦੇ ਕਰਜ਼ੇ ਮੁਆਫ਼ ਕਰਨ ਸਮੇਤ ਵੱਡੀ ਗਿਣਤੀ ਇਤਿਹਾਸਕ ਫ਼ੈਸਲੇ ਕੀਤੇ ਹਨ।
ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਲਿੰਕ ਸੜਕਾਂ ਦੀ ਵਿਸੇਸ਼ ਮੁਰੰਮਤ ਅਤੇ ਨਵਨਿਰਮਾਣ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਆਵਾਜਾਈ ਵਿੱਚ ਆ ਰਹੀਆਂ ਦਿੱਕਤਾਂ ਤੋਂ ਛੁਟਕਾਰਾ ਮਿਲਿਆ ਹੈ। ਪਿੰਡਾਂ ਦੇ ਕਰਵਾਏ ਜਾਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਵਿੱਚ ਸੀਵਰੇਜ ਸਿਸਟਮ, ਟੋਭਿਆਂ ਦੀ ਕਾਇਆ ਕਲਪ, ਗਲੀਆਂ, ਨਾਲੀਆਂ ਪੱਕੀਆਂ ਕਰਨਾ, ਪਾਰਕਾਂ ਦਾ ਨਿਰਮਾਣ, ਖੇਡ ਮੈਦਾਨ, ਸਟੇਡੀਅਮ, ਜਿਮਨੇਜ਼ੀਅਮ, ਕਮਿਊਨਿਟੀ ਹਾਲ, ਗ੍ਰਾਮ ਸਭਾ ਹਾਲ, ਧਰਮਸ਼ਾਲਾ, ਸਟਰੀਟ ਲਾਈਟਾਂ, ਪਿੰਡਾਂ ਦੀਆਂ ਪ੍ਰਮੁੱਖ ਥਾਵਾਂ ‘ਤੇ ਸੀ.ਸੀ.ਟੀ.ਵੀ ਕੈਮਰੇ ਲਗਾਉਣੇ, ਬੱਸ ਸ਼ੈਲਟਰਾਂ ਦੀ ਉਸਾਰੀ, ਸਮਸ਼ਾਨਘਾਟ/ਕਬਰਸਤਾਨ, ਪੀਣ ਵਾਲੇ ਪਾਣੀ ਦੀ ਸਪਲਾਈ, ਕਮਿਊਨਿਟੀ ਲਾਇਬਰੇਰੀ, ਕੂੜਾ ਕਰਕਟ ਦੀ ਸੁਚੱਜੀ ਸੰਭਾਲ, ਕਮਿਊਨਿਟੀ ਇਮਾਰਤਾਂ ਨੂੰ ਵਿਲੱਖਣ ਸਮਰੱਥਾ ਵਾਲੇ ਵਿਅਕਤੀਆਂ ਦੇ ਜਾਣ ਲਈ ਯੋਗ ਬਣਾਉਣਾ, ਸਕੂਲ, ਆਦਿ ਦਾ ਵਿਕਾਸ ਸ਼ਾਮਲ ਹਨ।
ਚੇਅਰਮੈਨ ਸ. ਭਾਂਬਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਪਿੰਡ ਦੇ ਸਰਪੰਚ ਗੁਰਿੰਦਰਪਾਲ ਸਿੰਘ ਹੈਪੀ, ਸਾਬਕਾ ਸਰਪੰਚ ਜਰਨੈਲ ਸਿੰਘ ਕੁੰਭ, ਸੀਨੀਅਰ ਕਾਂਗਰਸੀ ਆਗੂ ਰਣਜੀਤ ਸਿੰਘ ਖੋਲਾ, ਹਰਜਿੰਦਰ ਜੱਸੜਾਂ ਅਤੇ ਜੈਂਟੀ ਮਾਨ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।