ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਵਿਸ਼ੇਸ਼ ਤੌਰ ‘ਤੇ ਆਯੋਜਨ ਕੀਤਾ
ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਵਿਸ਼ੇਸ਼ ਤੌਰ ‘ਤੇ ਆਯੋਜਨ ਕੀਤਾ
ਦਵਿੰਦਰ ਡੀ.ਕੇ,ਲੁਧਿਆਣਾ 07 ਦਸੰਬਰ 2021
ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਦਾ ਵਿਸ਼ੇਸ਼ ਤੌਰ ‘ਤੇ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਚ ਸਹਿਜ ਪਾਠ ਦੇ ਭੋਗ, ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਉਪਰੰਤ ਜੀ.ਐਚ.ਜੀ. ਗੁਰੂਸਰ ਸੁਧਾਰ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਤੋਂ ਡਾ. ਬਲਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਅਧੀਨ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਰਵ ਵਿਆਪੀ ਸਿਖਿਆਵਾਂ ਦੀ ਰੋਸ਼ਨੀ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਨਾਲ ਉਨਾਂ ਨੂੰ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣਨ ਲਈ ਵੀ ਵਿਸ਼ੇਸ਼ ਤੌਰ ‘ਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ। ਵਰਤਮਾਨ ਸਮੇਂ ਵਿਚ ਨੌਜਵਾਨ ਪੀੜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਲੋਂ ਦਰਸਾਏ ਗਏ ਮਾਰਗ ਉਪਰ ਚਲਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਲਾਹੀ ਬਾਣੀ ਦੇ ਚਾਨਣ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਗੁਜਰਾਂਵਾਲਾ ਸੰਸਥਾਵਾਂ ਵੱਲੋਂ ਲਗਾਤਾਰ ਅਜਿਹੇ ਅਕਾਦਮਿਕ ਮੰਚ ਸਿਰਜੇ ਜਾ ਰਹੇ ਹਨ, ਜਿਨ੍ਹਾਂ ਰਾਹੀਂ ਦੇਸ਼ਾਂ ਵਿਦੇਸ਼ਾਂ ਤੋਂ ਸਿੱਖ ਇਤਿਹਾਸ ਅਤੇ ਗੁਰਮਤਿ ਫਲਸਫੇ ਦੀਆਂ ਮਾਹਿਰ ਸਖਸ਼ੀਅਤਾਂ ਦੇ ਵਿਚਾਰਾਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹ ਸੰਸਥਾਵਾਂ ਸੱਚੇ ਅਰਥਾਂ ਵਿਚ ਇਖ਼ਲਾਕੀ ਕਦਰਾਂ ਕੀਮਤਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਰਥਕ ਕਦਮ ਚੁੱਕ ਰਹੀਆਂ ਹਨ।
ਇਸ ਮੌਕੇ ਉਪਰ ਡਾ.ਸ.ਪੀ.ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਪ੍ਰਧਾਨ, ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸਾਡਾ ਸਭਨਾਂ ਦਾ ਅਕਾਦਮਿਕ ਅਤੇ ਨੈਤਿਕ ਫਰਜ਼ ਬਣਦਾ ਹੈ ਕਿ ਅਸੀਂ ਵਿਦਿਆਰਥੀ ਵਰਗ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਉਨ੍ਹਾਂ ਦੇ ਵਿਸ਼ਵ ਵਿਆਪੀ ਸਰੋਕਾਰਾਂ ਤੋਂ ਜਾਣੂ ਕਰਵਾਈਏ ਤਾਂ ਜੋ ਉਹ ਮਨੁੱਖੀ ਏਕਤਾ, ਸਰਵ ਸਾਂਝੀਵਾਲਤਾ, ਪਰਸਪਰ ਸਹਿਯੋਗ ਅਤੇ ਸਮਾਨਤਾ ਦੇ ਸੰਕਲਪਾਂ ਨੂੰ ਆਪਣੀ ਜੀਵਨ ਸ਼ੈਲੀ ਦਾ ਅਨਿਖੜਵਾਂ ਅੰਗ ਬਣਾਉਣ।
ਇਸ ਮੌਕੇ ਤੇ ਡਾ. ਅਰਵਿੰਦਰ ਸਿੰਘ, ਪ੍ਰਿੰਸੀਪਲ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਨੇ ਕਿਹਾ ਕਿ ਅੱਜ ਤੋਂ 552 ਸਾਲ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਕ ਅਜਿਹੇ ਆਦਰਸ਼ ਸਮਾਜ ਅਤੇ ਆਦਰਸ਼ ਰਾਜ ਦਾ ਅਜਿਹਾ ਸੰਕਲਪ ਦਿੱਤਾ ਜੋ ਕਿ ਸੁਤੰਤਰਤਾ, ਸਮਾਨਤਾ, ਭ੍ਰਾਤਰੀ ਭਾਵ, ਧਰਮ ਨਿਰਪੱਖਤਾ ਅਤੇ ਮਨੁੱਖੀ ਏਕਤਾ ਦੇ ਸਿਧਾਂਤਾਂ ਉਪਰ ਅਧਾਰਿਤ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਤਾਂ ਅਸੀਂ ਆਦਰਸ਼ ਤੇ ਲੋਕ ਹਿਤਕਾਰੀ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸੰਸਥਾਵਾਂ ਸਥਾਪਿਤ ਕਰਨ ਵਿਚ ਸਫ਼ਲ ਹੋ ਸਕਦੇ ਹਾਂ।
ਪ੍ਰੋਗਰਾਮ ਦੇ ਅੰਤ ਵਿਚ ਜੀ.ਜੀ. ਐਨ.ਐਮ.ਟੀ ਅਤੇ ਜੀ.ਜੀ.ਐਨ.ਆਈ.ਵੀ.ਐਸ.ਵੀ.ਐਸ ਦੇ ਡਾਇਰੈਕਟਰ ਪ੍ਰੋ.ਮਨਜੀਤ ਸਿੰਘ ਛਾਬੜਾ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫੇ ਨੂੰ ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਵਿਦਿਅਕ ਸੰਸਥਾਵਾਂ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਸੰਪੂਰਣ ਵਚਨਬੱਧਤਾ ਨਾਲ ਨਿਰੰਤਰ ਯਤਨਸ਼ੀਲ ਹਨ।
ਇਸ ਸਮਾਗਮ ਦੌਰਾਨ ਸਹਿਜ ਪਾਠ ਦੇ ਭੋਗ, ਸੁਖਮਨੀ ਸਾਹਿਬ ਦੇ ਪਾਠ ਉਪਰੰਤ ਭਾਈ ਰਣਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਰਸ-ਭਿੰਨਾ ਕੀਰਤਨ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਅੰਤ ਵਿਚ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਸਮਾਗਮ ਦੌਰਾਨ ਕੌਂਸਲ ਦੇ ਸਮੂਹ ਮੈਂਬਰ ਸਾਹਿਬਾਨ, ਗੁਜਰਾਂਵਾਲਾ ਖਾਲਸਾ ਐਜੂਕੇਸ਼ਨ ਕੌਂਸਲ ਦੀ ਅਗਵਾਈ ਵਿਚ ਚਲ ਰਹੀਆਂ ਸੰਸਥਾਵਾਂ ਦੇ ਮੁਖੀ, ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਸੰਗਤ ਰੂਪ ਵਿਚ ਸ਼ਾਮਿਲ ਹੋਏ।