ਹਰਿੰਦਰ ਨਿੱਕਾ ,ਬਰਨਾਲਾ , 20 ਨਵੰਬਰ 2021
ਸੰਗਰੂਰ ਜਿਲ੍ਹੇ ਦੇ ਪਿੰਡ ਨਮੋਲ ਵਿਖੇ ਬਣੇ ਸ਼ਿਵ ਧਾਮ ਡੇਰੇ ਦੇ ਸੇਵਾਦਾਰ ਸਵਾਮੀ ਕ੍ਰਿਸ਼ਨ ਗਿਰ ਦੀ ਹੈਵਾਨੀਅਤ ਦਾ ਸ਼ਿਕਾਰ ਹੋਈ ਪੀੜਤ ਔਰਤ ਨੂੰ ਇਨਸਾਫ ਅਤੇ ਨਾਮਜ਼ਦ ਦੋਸ਼ੀ ਨੂੰ ਸਖਤ ਸਜ਼ਾ ਦਿਵਾਉਣ ਲਈ ਤਰਕਸ਼ੀਲ ਸੋਸਾਇਟੀ ਦਾ ਸੂਬਾਈ ਕਾਨੂੰਨੀ ਵਿਭਾਗ ਮੈਦਾਨ ਵਿੱਚ ਨਿੱਤਰਿਆ ਹੈ । ਮੀਡੀਆ ਨਾਲ ਗੱਲਬਾਤ ਕਰਦਿਆਂ ਤਰਕਸ਼ੀਲ ਸੋਸਾਇਟੀ ਦੇ ਸੂਬਾਈ ਕਾਨੂੰਨੀ ਵਿਭਾਗ ਦੇ ਮੁਖੀ ਐਡਵੋਕੇਟ ਹਰਿੰਦਰ ਲਾਲੀ ਨੇ ਕਿਹਾ ਕਿ ਤਰਕਸ਼ੀਲ ਸੁਸਾਇਟੀ ਸ਼ੁਰੂ ਤੋਂ ਹੀ ਧਰਮ ਦਾ ਮਖੌਟਾ ਪਾ ਕੇ ਔਰਤਾਂ ਦਾ ਸ਼ਰੀਰਕ/ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰਨ ਵਾਲਿਆਂ ਤੋਂ ਲੋਕਾਂ ਨੂੰ ਚੇਤੰਨ ਕਰਨ ਲਈ ਸਿਰਤੋੜ ਯਤਨ ਕਰ ਰਹੀ ਹੈ।
ਫਿਰ ਵੀ ਮਾਨਸਿਕ ਰੋਗਾਂ ਤੋਂ ਪੀੜਤ ਬਹੁਤੀਆਂ ਔਰਤਾਂ ਪਾਖੰਡੀ ਸਾਧਾਂ / ਸੰਤਾਂ ਅਤੇ ਡੇਰਾਧਾਰੀਆਂ ਦੇ ਚੁੰਗਲ ਵਿੱਚ ਜਾ ਫਸਦੀਆਂ ਹਨ। ਅਜਿਹਾ ਵਰਤਾਰਾ ਅਕਸਰ ਹੀ ਸਮੇਂ ਸਮੇਂ ਤੇ ਮੀਡੀਆ ਰਾਹੀਂ ਪੜ੍ਹਨ ਅਤੇ ਵੇਖਣ ਨੂੰ ਮਿਲਦਾ ਰਹਿੰਦਾ ਹੈ। ਐਡਵੋਕੇਟ ਲਾਲੀ ਨੇ ਨਮੋਲ ਡੇਰੇ ਦੇ ਸਵਾਮੀ ਕ੍ਰਿਸ਼ਨ ਗਿਰ ਦੀ ਹਵਸ ਦਾ ਸ਼ਿਕਾਰ ਬਣੀ ਔਰਤ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਜਿੱਥੇ ਇਸ ਘਿਨਾਉਣੀ ਘਟਨਾ ਦੀ ਨਿੰਦਾ ਕਰਦੇ ਹਨ, ਉੱਥੇ ਹੀ ਪੀੜਤ ਔਰਤ ਨੂੰ ਇਨਸਾਫ ਦਿਵਾਉਣ ਲਈ, ਉਨਾਂ ਨੂੰ ਫਰੀ ਕਾਨੂੰਨੀ ਸਲਾਹ ਅਤੇ ਸਹਾਇਤਾ ਪ੍ਰਦਾਨ ਦਰਨ ਲਈ ਵਚਨਬੱਧ ਹਨ। ਉਨਾਂ ਕਿਹਾ ਕਿ ਤਰਕਸ਼ੀਲ ਸੋਸਾਇਟੀ ਦਾ ਕਾਨੂੰਨੀ ਵਿਭਾਗ ਛੇਤੀ ਹੀ ਪੀੜਤ ਔਰਤ ਦੇ ਪਰਿਵਾਰ ਨੂੰ ਮਿਲਕੇ, ਉਨਾਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਦੋਸ਼ੀ ਨੂੰ ਕਾਨੂੰਨੀ ਪ੍ਰਕਿਰਿਆ ਰਾਹੀਂ ਸਲਾਖਾਂ ਪਿੱਛੇ ਡੱਕਣ ਲਈ ਸਹਿਯੋਗ ਕਰਨ ਦਾ ਭਰੋਸਾ ਦੇਵੇਗਾ । ਉਨਾਂ ਜਿਲ੍ਹਾ ਪੁਲਿਸ ਮੁਖੀ ਅਲਕਾ ਮੀਨਾ ਤੋਂ ਮੰਗ ਕੀਤੀ ਕਿ ਦੋਸ਼ੀ ਨੂੰ ਜਲਦ ਤੋਂ ਜਲਦ ਗਿਰਫਤਾਰ ਕੀਤਾ ਜਾਵੇ, ਤਾਂਕਿ ਪੀੜਤ ਔਰਤ ਭੈਅ ਮੁਕਤ ਹੋ ਕੇ ਕਾਨੂੰਨੀ ਲੜਾਈ ਲੜ ਸਕੇ।
ਕੀ ਹੈ ਪੂਰਾ ਮਾਮਲਾ
ਵਰਨਣਯੋਗ ਹੈ ਕਿ ਪੀੜਤ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਸੀ ਕਿ ਉਹ ਪਿਛਲੇ ਕਰੀਬ 5-6 ਸਾਲਾ ਤੋਂ ਡਿਪਰੈਸ਼ਨ ਦੀ ਮਰੀਜ ਹੈ । ਨਮੋਲ ਪਿੰਡ ਰਹਿੰਦੀ ਉਸ ਦੀ ਮਾਸੀ ਨੇ ਉਹਨੂੰ ਦੱਸਿਆ ਕਿ ਉਸ ਦੇ ਪਿੰਡ ਵਿੱਚ ਇੱਕ ਡੇਰਾ ਸਿਵ ਧਾਮ ਹੈ, ਜਿੱਥੇ ਹਰ ਤਰਾਂ ਦੀ ਬਿਮਾਰੀ ਠੀਕ ਹੋ ਜਾਂਦੀ ਹੈ। ਸ਼ਕਾਇਤ ਕਰਤਾ ਅਨੁਸਾਰ ਉਸ ਨੇ ਸਾਲ 2019 ਵਿੱਚ ਸ਼ਿਵ ਧਾਮ ਡੇਰਾ ਨਮੋਲ ਵਿਖੇ ਜਾਣਾ ਸ਼ੁਰੂ ਕਰ ਦਿੱਤਾ ਸੀ। ਡੇਰੇ ਦਾ ਸੇਵਾਦਾਰ ਕ੍ਰਿਸ਼ਨ ਗਿਰ ਉਕਤ ਡੇਰੇ ਵਿੱਚ ਹੀ ਰਹਿੰਦਾ ਸੀ ਜੋ ਮਿਤੀ 03-08-2020 ਨੂੰ ਪਿੰਡ ਨਮੋਲ ਦੇ ਪੰਚ ਗੁਰਜੰਟ ਸਿੰਘ ਦੇ ਨਾਲ ਸਾਡੇ ਘਰ ਆਇਆ । ਮੈਂ ਘਰ ਵਿੱਚ ਇੱਕਲੀ ਸੀ, ਕ੍ਰਿਸ਼ਨ ਗਿਰ ਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਉਸ ਨੂੰ ਡਰਾ ਧਮਕਾ ਕੇ ਕਹਿਣ ਲੱਗਾ ਕਿ ਮੇਰੇ ਨਾਲ ਸਰੀਰਕ ਸਬੰਧ ਬਣਾ । ਜਿਸ ਨੂੰ ਮੈਂ ਅਜਿਹਾ ਕਰਨ ਤੋਂ ਰੋਕਿਆ ਅਤੇ ਰੌਲਾ ਪਾਇਆ। ਪਰੰਤੂ ਉਸਨੇ ਧਮਕੀ ਦਿੱਤੀ ਕਿ ਜੇਕਰ ਤੂੰ ਮੇਰੇ ਨਾਲ ਸਰੀਰਕ ਸਬੰਧ ਨਾ ਬਣਾਏ ਤਾਂ ਮੈਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵਾਂਗਾ। ਇਸ ਘਟਨਾ ਸਮੇਂ ਪੰਚ ਗੁਰਜੰਟ ਸਿੰਘ ਸਾਡੇ ਘਰ ਦੇ ਬਾਹਰ ਪਹਿਰੇਦਾਰ ਬਣ ਕੇ ਖੜਾ ਰਿਹਾ ਅਤੇ ਸਵਾਮੀ ਕ੍ਰਿਸ਼ਨ ਗਿਰ ਨੇ ਜਬਰਦਸਤੀ ਮੇਰੀ ਮਰਜ਼ੀ ਤੋਂ ਵਗੈਰ ਮੇਰੇ ਨਾਲ ਬਲਾਤਕਾਰ ਕੀਤਾ। ਸਵਾਮੀ ਨੇ ਫਿਰ ਧਮਕੀ ਦਿੱਤੀ ਕੇ ਜੇਕਰ ਤੂੰ ਇਹ ਗੱਲ ਕਿਸੇ ਨੂੰ ਦੱਸੀ ਤਾਂ ਮੈਂ ਤੇਰੇ ਪਰਿਵਾਰ ਨੂੰ ਮਾਰ ਦੇਵਾਗਾ, ਜਿਸ ਤੋਂ ਡਰਦੀ ਮਾਰੀ ਮੈਂ ਚੁੱਪ ਰਹੀ।
ਫਿਰ ਨਹੀਂ ਹਟਿਆ, ਦੁਬਾਰਾ ਫੇਰ ਕੀਤਾ ਬਲਾਤਕਾਰ
ਪੀੜਤ ਅਨੁਸਾਰ ਜਨਵਰੀ 2021 ਵਿੱਚ ਇੱਕ ਦਿਨ ਫਿਰ ਸਵਾਮੀ ਕ੍ਰਿਸ਼ਨ ਗਿਰ ,ਉਸ ਦੇ ਘਰ ਆਇਆ ਤੇ ਉਸ ਦੀ ਮਰਜ਼ੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਏ। ਆਖਿਰ ਉਸ ਦੇ ਅੱਤਿਆਚਾਰ ਤੋਂ ਤੰਗ ਆ ਕੇ ਮੈਂ ਸਵਾਮੀ ਦੀ ਕਰਤੂਤ ਆਪਣੀ ਮਾਤਾ ਨੂੰ ਦੱਸੀ। ਜਿਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਮਾਮਲੇ ਦੀ ਤਫਤੀਸ਼ ਅਧਿਕਾਰੀ ਐਸ.ਆਈ. ਸੁਖਵਿੰਦਰ ਕੌਰ ਨੇ ਦੱਸਿਆ ਕਿ ਪੀੜਤਾ ਦੇ ਬਿਆਨ ਪਰ ਨਾਮਜ਼ਦ ਦੋਸ਼ੀ ਸਵਾਮੀ ਕ੍ਰਿਸ਼ਨ ਗਿਰ ਅਤੇ ਪੰਚ ਗੁਰਜੰਟ ਸਿੰਘ ਦੇ ਖਿਲਾਫ ਅਧੀਨ ਜ਼ੁਰਮ 376 (2) N/120 B/506 IPC ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।








