ਖੇਤੀਬਾੜੀ ਵਿਭਾਗ ਦੇ ਕੈਪਾਂ ਤੋਂ ਜਾਣਕਾਰੀ ਹਾਸਲ ਕਰਕੇ ਪਰਾਲੀ ਪ੍ਰਬੰਧਨ ਕਰ ਰਿਹਾ ਹੈ ਕਿਸਾਨ ਗੁਰਸੇਵਕ ਸਿੰਘ
ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਸਹਿਯੋਗ ਕਰਨ ਕਿਸਾਨ ਵੀਰ
ਪੀ.ਟੀ. ਨਿਊਜ , ਫ਼ਾਜ਼ਿਲਕਾ/ਅਬੋਹਰ, 31 ਅਕਤੂਬਰ
ਬਲਾਕ ਅਬੋਹਰ ਦੇ ਪਿੰਡ ਰਾਮਗੜ੍ਹ ਦਾ ਅਗਾਂਹਵਧੂ ਕਿਸਾਨ ਗੁਰਸੇਵਕ ਸਿੰਘ 31 ਸਾਲਾ ਨੌਜਵਾਨ ਅੱਜ ਦੇ ਸਮੇ ਲਈ ਮਿਸਾਲ ਬਣਿਆ ਹੋਇਆ ਹੈ ਕਿਉਕਿ ਇਹ ਕਿਸਾਨ 12ਵੀ ਦੀ ਪੜ੍ਹਾਈ ਕਰਨ ਤੋ ਬਾਅਦ ਪਿਛਲੇ 12 ਸਾਲਾਂ ਤੋ ਹੀ ਖੁਦ ਖੇਤੀ ਕਰ ਰਿਹਾ ਹੈ। ਕਿਸਾਨ ਦਸਦਾ ਹੈ ਕਿ ਕੁਝ ਸਮਾਂ ਪਹਿਲਾਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ-ਨਾਲ ਕਣਕ ਦੀ ਨਾੜ ਨੂੰ ਵੀ ਅੱਗ ਲਗਾਉਣ ਦਾ ਆਮ ਹੀ ਰੁਝਾਨ ਸੀ ਪਰ ਉਸ ਨੇ ਕੁੱਝ ਅਲੱਗ ਕਰਨ ਦੇ ਯਤਨ ਕੀਤੇ।
ਸਫਲ ਕਿਸਾਨ ਆਖਦਾ ਹੈ ਕਿ ਉਹ ਪਿਛਲੇ 7 ਸਾਲਾ ਤੋਂ ਖੇਤੀਬਾੜੀ ਵਿਭਾਗ ਦੇ ਕੈਪਾ ਵਿੱਚ ਜਾਣ ਲੱਗਾ ਤੇ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤ ਵਿਚ ਵਹਾ ਕੇ ਹੀ ਪਰਾਲੀ ਦਾ ਨਿਪਟਾਰਾ ਕਰਦਾ ਹੈ।ਕਿਸਾਨ ਦਾ ਕਹਿਣਾ ਹੈ ਕਿ ਉਸਨੇ ਪਰਾਲੀ ਨੂੰ ਸਟਰਾਅ ਚੋਪਰ ਰਾਹੀਂ ਤੂੜੀ ਬਣਾ ਕੇ ਗਊਸ਼ਾਲਾ ਵਿਚ ਭੇਜ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਨਾਲ ਨਾਲ ਦਾਨ ਪੁੰਨ ਦਾ ਕੰਮ ਕਰ ਰਿਹਾ ਹੈ ਅਤੇ ਇਸ ਤੋਂ ਇਲਾਵਾ 200 ਕਿੱਲੇ ਕਿਰਾਏ ਤੇ ਚੌਪਰ ਅਤੇ ਸਟਰਾਅ ਰੀਪਰ ਰਾਹੀਂ ਝੋਨੇ ਦੀ ਪਰਾਲੀ ਦੀ ਤੂੜੀ ਬਣਾ ਕੇ ਅਬੋਹਰ ਗਊਸ਼ਾਲਾ ਵਿਚ ਚਾਰੇ ਲਈ ਭੇਜ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਉਹ ਜ਼ੀਰੋ ਡਰਿੱਲ ਦੀ ਸਹਾਇਤਾ ਨਾਲ ਕਣਕ ਦੀ ਬਿਜਾਈ ਕਰਦਾ ਹੈ। ਉਹ ਚੋਪਰ, ਪਲਾਉ ਦੀ ਮਦਦ ਨਾਲ ਖੇਤੀ ਕਰਕੇ ਜਿਆਦਾ ਮੁਨਾਫਾ ਪ੍ਰਾਪਤ ਕਰਨ ਲੱਗਾ ਹੈ ਜਿਸ ਨਾਲ ਇਸ ਦੀ ਫ਼ਸਲ ਦਾ ਝਾੜ ਵੀ ਵੱਧ ਪ੍ਰਾਪਤ ਹੁੰਦਾ ਹੈ। ਕਿਸਾਨ ਦੇ ਕਹਿਣ ਮੁਤਾਬਕ ਰਸਾਇਣਕ ਖਾਦਾ, ਨਦੀਨ ਨਾਸਕ ਦਵਾਈਆ ਅਤੇ ਕੀਟ ਨਾਸਕ ਦਾਵਾਈ ਦੀ ਘੱਟ ਵਰਤੋ ਕਰਦਾ ਹੈ।ਝੋਨੇ ਦੀ ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਨਾਲ ਕਣਕ ਅਤੇ ਝੋਨੇ ਦੀ ਫਸਲ ਨੂੰ ਬਹੁਤ ਫਾਇਦਾ ਹੁੰਦਾ ਹੈ।
ਕਿਸਾਨ ਗੁਰਸੇਵਕ ਸਿੰਘ ਕਹਿੰਦਾ ਹੈ ਕਿ ਉਹ ਹਮੇਸ਼ਾ ਹੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਜੁੜਿਆ ਹੋਇਆ ਹੈ ਅਤੇ ਇਹ ਮਹਿਕਮੇ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਨਾ ਕਰਦਾ ਹੈ। ਉਹ ਹਰ ਸਾਲ ਜ਼ੀਰੋ ਡਰਿੱਲ ਦੀ ਵਰਤੋਂ ਨਾਲ ਫ਼ਸਲ ਦੀ ਬਿਜਾਈ ਕਰਦਾ ਹੈ ਅਤੇ ਵੱਧ ਝਾੜ ਪ੍ਰਾਪਤ ਕਰਦਾ ਹੈ ਨੌਜਵਾਨ ਕਿਸਾਨ ਦੂਜੇ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਪਰਾਲੀ ਨੂੰ ਆਧੁਨਿਕ ਸੰਦਾਂ ਨਾਲ ਖੇਤ ਵਿੱਚ ਵਾਹ ਕੇ ਕਣਕ ਦੀ ਬਿਜਾਈ ਕਰਨ।ਪਰਾਲੀ ਨੂੰ ਅੱਗ ਨਾ ਲਗਾ ਕੇ ਜਮੀਨ ਦੀ ਸਿਹਤ ਅਤੇ ਇਨਸਾਨੀ ਸਿਹਤ ਦਾ ਖਿਆਲ ਰੱਖਦੇ ਹੋਏ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਸਹਿਯੋਗ ਕਰਨ।