
ਹਰਿੰਦਰ ਨਿੱਕਾ, ਪਟਿਆਲਾ 17 ਨਵੰਬਰ 2025
ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ, ਜੇਲ੍ਹਾਂ ‘ਚ ” ਸਭ ਅੱਛਾ ਨਹੀਂ ” ਹੈ। ਕੇਂਦਰੀ ਜੇਲ੍ਹ ਪਟਿਆਲਾ ਦੇ ਅੰਦਰ ਡਿਊਟੀ ਦੇ ਤਾਇਨਾਤ ਇੱਕ ਮੁਲਾਜ਼ਮ ਨੂੰ, ਹਵਾਲਾਤੀ ਮੁਲਜ਼ਮ ਟੁੱਟ ਕੇ ਪੈ ਗਿਆ। ਜਦੋਂ ਸਹਾਇਕ ਸੁਪਰਡੈਂਟ ਜੇਲ੍ਹ ਮੌਕਾ ਪਰ ਪੁੱਜਿਆ ਤਾਂ ਦੋਸ਼ੀ ਨੇ ਹੋਰ ਮੁਲਾਜਮ ਤੋਂ ਡੰਡਾ ਖੋਹ ਕੇ, ਜੇਲ੍ਹ ਅਧਿਕਾਰੀ ਤੇ ਵੀ ਹਮਲਾ ਕਰ ਦਿੱਤਾ। ਤਿੰਨ ਸਾਲਾਂ ਅੰਦਰ ਪਟਿਆਲਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਤੇ ਹਮਲਾ ਕਰਨ ਦੀ ਇਹ ਦੂਜੀ ਘਟਨਾ ਹੈ। ਪੁਲਿਸ ਨੇ ਜੇਲ੍ਹ ਅਧਿਕਾਰੀ ਦੀ ਸ਼ਕਾਇਤ ਤੇ ਅਧਾਰ ਤੇ, ਨਾਮਜ਼ਦ ਦੋਸ਼ੀ ਹਵਾਲਾਤੀ ਦੇ ਖਿਲਾਫ ਹੋਰ ਮੁਕੱਦਮਾਂ ਦਰਜ਼ ਕਰਕੇ,ਤਫਤੀਸ਼ ਸ਼ੁਰੂ ਕਰ ਦਿੱਤੀ ਹੈ।

ਥਾਣਾ ਤ੍ਰਿਪੜੀ ਵਿਖੇ ਦਰਜ਼ ਐਫ.ਆਈ.ਆਰ. ਦੇ ਮੁਦਈ ਕਰਨੈਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਪਟਿਆਲਾ ਨੇ ਲਿਖਤੀ ਸ਼ਕਾਇਤ ਭੇਜ ਕੇ ਦੱਸਿਆ ਕਿ ਮੁਕੱਦਮਾ ਨੰ. 359 ਮਿਤੀ 1/12/2024 ਅ/ਧ 21-C/29/61/85 NDPS Act ਥਾਣਾ ਸਦਰ ਮਾਨਸਾ ਦਾ ਨਾਮਜ਼ਦ ਦੋਸ਼ੀ ਹਰਪਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਧੱਲੇਵਾਲ ਥਾਣਾ ਭੀਖੀ ਜਿਲ੍ਹਾ ਮਾਨਸਾ, ਜੋ ਪਟਿਆਲਾ ਜੇਲ੍ਹ ‘ਚ ਬਤੌਰ ਹਵਾਲਾਤੀ (ਅੰਡਰ ਟ੍ਰਾਇਲ) ਬੰਦ ਹੈ। ਮਿਤੀ 15/1120/25 ਨੂੰ ਸਮਾਂ ਸ਼ਾਮ ਕਰੀਬ 4.30 ਵਜੇ ਦੋਸ਼ੀ ਹਰਪਾਲ ਸਿੰਘ ਧੱਕੇ ਨਾਲ ਹੀ ਕੰਨਟੀਨ ਅੰਦਰ ਜਾਣ ਦੀ ਕੋਸਿ਼ਸ਼ ਕਰ ਰਿਹਾ ਸੀ। ਜਦੋਂ ਕੰਨਟੀਨ ਪਰ ਮੌਜੂਦ ਜੇਲ੍ਹ ਵਾਰਡਰ ਵਿਸ਼ਾਲ ਨੇ ਦੋਸ਼ੀ ਨੂੰ ਰੋਕਣ ਦੀ ਕੋਸਿ਼ਸ਼ ਕੀਤੀ ਤਾਂ ਦੋਸ਼ੀ, ਵਾਰਡਰ ਦੇ ਗਲ ਪੈ ਗਿਆ ਅਤੇ ਧਮਕੀਆ ਦੇਣ ਲੱਗ ਪਿਆ।
ਫਿਰ ਰੌਲਾ ਰੱਪਾ ਸੁਣ ਕੇ ਜਦੋਂ ਮੁਦਈ ਸਮੇਤ ਵਾਰਡਰ ਅਮਰੀਕ ਸਿੰਘ ਦੇ ਮੌਕਾ ਪਰ ਪਹੁੰਚਿਆ ਤਾਂ ਦੋਸ਼ੀ ਹਰਪਾਲ ਸਿੰਘ ਨੇ ਵਾਰਡਰ ਅਮਰੀਕ ਸਿੰਘ ਪਾਸੋਂ ਡੰਡਾ ਖੋਹ ਕੇ ਮੁਦਈ ਦੇ ਹੀ ਹੱਥ ਪਰ ਮਾਰਿਆ। ਜਿਸ ਕਾਰਨ ਹੱਥ ਤੇ ਗੰਭੀਰ ਸੱਟ ਲੱਗੀ ਅਤੇ ਉਲਟਾ ਦੋਸ਼ੀ ਨੇ ਮੁਦਈ ਨੂੰ ਵੀ ਜਾਨ ਤੋਂ ਮਾਰਨ ਦੀਆ ਧਮਕੀਆ ਦਿੱਤੀਆ। ਪੁਲਿਸ ਨੇ ਥਾਣਾ ਤ੍ਰਿਪੜੀ ‘ਚ ਮੁਦਈ ਮਕੁੱਦਮਾ ਕਰਨੈਲ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ ਪਟਿਆਲਾ ਦੀ ਸ਼ਕਾਇਤ ਪਰ, ਨਾਮਜ਼ਦ ਦੋਸ਼ੀ ਹਰਪਾਲ ਸਿੰਘ ਦੇ ਖਿਲਾਫ ਸਰਕਾਰੀ ਅਫਸਰ ਦੀ ਡਿਊਟੀ ਵਿੱਚ ਅੜਿੱਕਾ ਪਾਉਣ, ਕੁੱਟਮਾਰ ਕਰਨ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਲ਼ ਦੇ ਜੁਰਮ 121(1), 115(2),351(2) BNS ਤਹਿਤ ਕੇਸ ਦਰਜ ਕਰਕੇ, ਤਫਤੀਸ਼ ਸ਼ੁਰੂ ਕਰ ਦਿੱਤੀ। ਵਰਨਣਯੋਗ ਹੈ ਕਿ ਜੁਲਾਈ 2022 ਵਿੱਚ ਵੀ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੈਰਕਾਂ ਦੀ ਤਲਾਸ਼ੀ ਦੌਰਾਨ ਛੇ ਕੈਦੀਆਂ ਵੱਲੋਂ ਕਥਿਤ ਤੌਰ ਤੇ ਇੱਕ ਸਹਾਇਕ ਜੇਲ੍ਹ ਸੁਪਰਡੈਂਟ ‘ਤੇ ਹਮਲਾ ਕੀਤਾ ਗਿਆ ਸੀ।








