ਵੱਖ ਵੱਖ ਮਾਡਲਾਂ ਦੀ ਪੇਸ਼ਕਾਰੀ ਨਾਲ ਵਿਦਿਆਰਥੀਆਂ ਨੇ ਮੋਹਿਆ ਦਰਸ਼ਕਾਂ ਦਾ ਮਨ
ਸੋਨੀਆ ਖਹਿਰਾ , ਖਰੜ: 29 ਜੁਲਾਈ 2022
ਜ਼ਿਲ੍ਹਾ ਸਿੱਖਿਆ ਅਫਸਰ ਸੁਸ਼ੀਲ ਨਾਥ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਕੰਚਨ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਧੀਨ ਨੇੜਲੇ ਪਿੰਡ ਰਡਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੀਐੱਮ ਸੰਜੀਵ ਕੁਮਾਰ ਦੀ ਦੇਖ-ਰੇਖ ਹੇਠ ਗਣਿਤ ਮੇਲਾ ਸਫਲਤਾ ਪੂਰਵਕ ਆਯੋਜਿਤ ਕੀਤਾ ਗਿਆ। ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਹੈਡਮਾਸਟਰ ਨੇ ਦੱਸਿਆ ਕਿ ਵਿਦਿਆਰਥੀਆਂ ਅੰਦਰ ਆਪਣੀਆਂ ਆਈਟਮਾਂ ਅਤੇ ਗਤੀਵਿਧੀਆਂ ਦਿਖਾਉਣ ਦਾ ਭਾਰੀ ਜੋਸ਼ ਦੇਖਣ ਨੂੰ ਮਿਲਿਆ। ਵਿਦਿਆਰਥੀਆਂ ਨੇ ਆਪੋ-ਆਪਣੇ ਪੱਧਰ ਅਨੁਸਾਰ ਮਾਡਲ ਅਤੇ ਗਤੀਵਿਧੀਆਂ ਤਿਆਰ ਕੀਤੀਆਂ ਸਨ । ਜਿਨ੍ਹਾਂ ਨੂੰ ਸਾਰੇ ਵਿਦਿਆਰਥੀਆਂ ਤੇ ਆਮ ਲੋਕਾਂ ਦੇ ਦੇਖਣ ਲਈ ਖੁੱਲ੍ਹਾ ਰੱਖਿਆ ਗਿਆ ਸੀ।
ਗਾਈਡ ਅਧਿਆਪਕਾ ਹਰਸ਼ਪ੍ਰੀਤ ਅਤੇ ਰਾਜਵੀਰ ਕੌਰ ਨੇ ਬਾਕੀ ਸਟਾਫ ਨਾਲ ਮਿਲ ਕੇ ਇਸ ਮੇਲੇ ਦਾ ਸੰਚਾਲਨ ਕੀਤਾ। ਇਸ ਕੰਮ ਲਈ ਅਧਿਆਪਕਾਂ ਦੀ ਬਲਾਕ ਵੰਡ ਕੇ ਡਿਊਟੀ ਲਗਾਈ ਗਈ ਸੀ। ਸਕੂਲ ਪ੍ਰਬੰਧਕ ਕਮੇਟੀ ਅਤੇ ਬੱਚਿਆਂ ਦੇ ਮਾਪਿਆਂ ਜਸਬੀਰ ਸਿੰਘ, ਧਰਮਿੰਦਰ ਸਿੰਘ, ਮੱਘਰ ਸਿੰਘ, ਬਾਪੂ ਹਾੜੂ ਸਿੰਘ ਅਤੇ ਹੋਰ ਪਤਵੰਤਿਆਂ ਨੇ ਇਸ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ ਅਤੇ ਵਿਦਿਆਰਥੀਆਂ ਤੋਂ ਸਵਾਲ ਪੁੱਛੇ। ਅਮਿਤ, ਤੇਜਸ ਅਤੇ ਸੁਮੇਸ਼ ਨੇ ‘ਟਾਈਪ ਆਫ ਐਂਗਲਜ’, ਅਕਵਿੰਦਰ ਕੌਰ ਨੇ ‘ਤਿਤਲੀ’, ਨਿਸ਼ਾ ਭਾਰਤੀ ਅਤੇ ਟੀਮ ਨੇ ‘ਨੰਬਰ ਲਾਇਨ’, ਜੋਤੀ ਅਤੇ ਮਹਿਕ ਨੇ ‘ਮਲਟੀਪਲੀਕੇਸ਼ਨ ਆਫ ਇੰਟੀਜਰਜ’ ਗੁਰਕੀਰਤ ਅਤੇ ਜਸ਼ਨ ਨੇ ‘ਪਾਇਥਾਗੋਰਸ ਥਿਉਰਮ’, ਸਿਮਰਨ ਕੌਰ, ਸਹਿਕਪ੍ਰੀਤ ਤੇ ਅਮਨਪ੍ਰੀਤ ਕੌਰ ਨੇ ‘ਐਂਗਲਜ ਐਂਡ ਟਰਾਈਐਂਗਲਜ’ ਆਦਿ ਮਾਡਲਾਂ ਰਾਹੀਂ ਆਪਣੀ ਪੇਸ਼ਕਾਰੀ ਨਾਲ ਸਭ ਦਾ ਮਨ ਹੀ ਮੋਹ ਲਿਆ।
ਇਸ ਮੌਕੇ ਵਿਸ਼ਾ ਅਧਿਆਪਕਾਵਾਂ ਤੋਂ ਇਲਾਵਾ ਗੁਰਿੰਦਰ, ਸੰਦੀਪ, ਮਨਦੀਪ, ਸੀਮਾ ਸਿਆਲ, ਰਿਚਾ, ਸਿਮਰਨ, ਅਮਨਦੀਪ ਕੌਰ ਅਤੇ ਹੈੱਡਮਾਸਟਰ ਦੇ ਸਹਾਇਕ ਅਵਤਾਰ ਸਿੰਘ ਵੀ ਹਾਜ਼ਰ ਸਨ।