ਰਾਜ ਬਦਲੋ-ਸਮਾਜ ਬਦਲੋ ਮੁਹਿੰਮ ਤਹਿਤ ਪਿੰਡਾਂ ‘ਚ ਘਰ-ਘਰ ਵੰਡੇ ਲੀਫਲੈੱਟ

Spread Information

ਰਾਜ ਬਦਲੋ-ਸਮਾਜ ਬਦਲੋ ਮੁਹਿੰਮ ਤਹਿਤ ਪਿੰਡਾਂ ‘ਚ ਘਰ-ਘਰ ਵੰਡੇ ਲੀਫਲੈੱਟ


 ਰਘਬੀਰ ਹੈਪੀ,ਮਹਿਲਕਲਾਂ 15  ਫਰਵਰੀ 2022

ਇਨਕਲਾਬੀ ਕੇਂਦਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ ਮੌਕੇ 1 ਫਰਬਰੀ ਤੋਂ 15 ਰੋਜਾ “ਰਾਜ ਬਦਲੋ-ਸਮਾਜ ਬਦਲੋ”” ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ”ਮੁਹਿੰਮ ਤਹਿਤ ਹਮੀਦੀ,ਠੁੱਲੀਵਾਲ ਅਤੇ ਮਾਂਗੇਵਾਲ ਵਿਖੇ ਘਰ-ਘਰ ਲੀਫਲੈੱਟ ਵੰਡਿਆ ਗਿਆ। ਡਾ ਰਜਿੰਦਰ ਪਾਲ, ਡਾ ਸੁਖਵਿੰਦਰ ਠੀਕਰੀਵਾਲਾ, ਖੁਸ਼ਮੰਦਰਪਾਲ ਨੇ ਘਰ ਘਰ ਲੀਫਲੈੱਟ ਵੰਡਣ ਦੀ ਮੁਹਿੰਮ ਸਮੇਂ ਲੋਕਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਪਾਰਲੀਮਾਨੀ/ਵਿਧਾਨ ਸਭਾਈ ਚੋਣਾਂ ਦੇ ਬੀਤੇ 75 ਸਾਲ ਦੇ ਇਤਿਹਾਸ ਅੰਦਰ ਹਰ ਰੰਗ ਦੀ ਪਾਰਲੀਮਾਨੀ ਪਾਰਟੀ ਵੱਲੋਂ ਵਾਰ-ਵਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਅਤੇ ਲਾਰੇ ਅਤੇ ਸਬਜ਼ਬਾਗ ਦਿਖਾਏ ਹਨ। ਹਕੂਮਤੀ ਗੱਦੀ ਸਾਂਭਣ ਤੋਂ ਬਾਅਦ ਹਰ ਪਾਰਟੀ ਵੱਲੋਂ ਉਹੀ ਵਾਅਦੇ ਲਾਰੇ ਰੱਦੀ ਦੀ ਟੋਕਰੀ ਦਾ ਸ਼ਿੰਗਾਰ ਬਣ ਜਾਂਦੇ ਰਹੇ ਹਨ। ਅਮੀਰ ਤੇ ਗਰੀਬ ਦਾ ਪਾੜਾ ਆਏ ਦਿਨ ਵਧ ਰਿਹਾ ਹੈ। ਹਕੂਮਤੀ ਗੱਦੀ ਉੱਪਰ ਕਿਸੇ ਵੀ ਰੰਗ ਦੀ ਪਾਰਲੀਮਾਨੀ ਪਾਰਟੀ ਕਬਜ਼ਾ ਕਰ ਲਵੇ, ਉਸ ਨੇ ਸਾਮਰਾਜੀ ਦਿਸ਼ਾ ਨਿਰਦੇਸ਼ਤ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਦਿਆਂ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਹੀ ਸੇਵਾ ਕੀਤੀ ਹੈ ਅਤੇ ਅਜਿਹਾ ਹੀ ਇੱਕ ਵਾਰ ਫਿਰ ਧੋਖੇ ਭਰੀ ਖੇਡ ਖੇਡਣ ਲਈ ਮੈਦਾਨ ਵਿੱਚ ਹਾਜਰ ਹਨ। ਇਨ੍ਹਾਂ ਨੀਤੀਆਂ ਕਾਰਨ ਹੀ ਇੱਕ ਪਾਸੇ ਅਰਬ ਪਤੀਆਂ ਦੀ ਗਿਣਤੀ ਵਧ ਰਹੀ ਹੈ, ਜਦ ਕਿ ਦੂਜੇ ਪਾਸੇ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਦੌਰਾਨ ਸਭ ਤੋਂ ਉੱਚੀ ਦਰ ਤੇ ਪਹੁੰਚ ਗਈ ਹੈ। ਰੁਜਗਾਰ ਮਿਲਣ ਦੀ ਥਾਂ ਰੁਜ਼ਗਾਰ ਖੁੱਸ ਰਿਹਾ ਹੈ। ਪੰਜਾਬ ਸਿਰ ਤਿੰਨ ਲੱਖ ਦੇ ਕਰੀਬ ਕਰਜ਼ੇ ਦੀ ਪੰਡ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਦਾ ਮੂੰਹ ਚਿੜਾ ਰਹੀ ਹੈ। ਸਾਢੇ ਤਿੰਨ ਲੱਖ ਤੋਂ ਵਧੇਰੇ ਕਿਸਾਨ ਖੁਦਕੁਸ਼ੀਆਂ ਕਰਨ ਵੱਲ ਧੱਕ ਦਿੱਤੇ ਗਏ ਹਨ। ਭੁੱਖਮਰੀ ਦੀ ਹਾਲਤ ਇਹ ਹੈ ਕਿ 116 ਮੁਲਕਾਂ ਦੀ ਆਕਸਫੈਮ ਵੱਲੋਂ ਜਾਰੀ ਕੀਤੀ ਤਾਜਾ ਰਿਪੋਰਟ ਅਨੁਸਾਰ ਸਾਡਾ ਮੁਲਕ 101 ਵੇਂ ਸਥਾਨ’ਤੇ ਹੈ। ਦੂਜੇ ਪਾਸੇ ਇੱਕ ਸਾਲ ਵਿੱਚ ਹੀ ਮੁਲਕ ਦੇ ਅਰਬ ਪਤੀਆਂ ਦੀ ਗਿਣਤੀ 102 ਤੋਂ 142 ਹੋ ਗਈ ਹੈ।ਅਜਿਹੀ ਹਾਲਤ ਵਿੱਚ ਇਨਕਲਾਬੀ ਕੇਂਦਰ ਸਮਝਦਾ ਹੈ ਕਿ  ਲੋਕਾਂ ਦੀ ਮੁਕਤੀ ਮਹਿਜ ਵੋਟ ਪਰਚੀ ਰਾਹੀਂ  ਨਹੀਂ ਹੋਣੀ ਸਗੋਂ ਲੋਕਾਂ ਦੇ ਬੁਨਿਆਦੀ ਸਮੱਸਿਆਵਾਂ ਦੇ ਹੱਲ ਲਈ ਲਗਾਤਾਰ ਸੰਘਰਸ਼ ਦਾ ਸੂਹਾ ਪਰਚਮ ਬੁਲੰਦ ਰੱਖਣਾ ਹੋਵੇਗਾ। ਇਸ ਲਈ ਵੋਟ ਪ੍ਰਬੰਧ ਤੋਂ ਭਲੇ ਦੀ ਝਾਕ ਛੱਡ ਤਬਕਾਤੀ ਸੰਘਰਸ਼ਾਂ ਦਾ ਸੂਹਾ ਪਰਚਮ ਬੁਲੰਦ ਰੱਖਦਿਆਂ ਲੋਕਾਂ ਦੀ ਪੁੱਗਤ ਵਾਲਾ ਨਵਾਂ ਜਮਹੂਰੀ ਰਾਜ ਸਿਰਜਣ ਲਈ ਜਮਾਤੀ ਜੱਦੋਜਹਿਦ ਦੇ ਰਾਹ ਪੈਣਾ ਪਵੇਗਾ। ਇਸ ਸਮੇਂ ਇਨਕਲਾਬੀ ਕੇਂਦਰ,ਪੰਜਾਬ ਦੇ ਆਗੂਆਂ ਵਿੰਦਰ ਠੀਕਰੀਵਾਲਾ, ਜਸਪਾਲ ਚੀਮਾ, ਨੌਜਵਾਨ ਆਗੂ ਜਗਮੀਤ ਨੇ ਕਿਹਾ ਕਿ ਲੋਕਾਈ ਨੂੰ ਇਸ ਵੋਟ ਪ੍ਰਬੰਧ ਨੂੰ ਸਮਝਣ ਲਈ ਅਤੇ ਬੀਤੇ ਇਤਿਹਾਸ ਵਿੱਚ ਲੋਕ ਮੁਕਤੀ ਲਈ ਚੱਲੀਆਂ ਇਤਿਹਾਸਕ ਬਗਾਵਤਾਂ ਦੇ ਰੂਬਰੂ ਹੋਣਾ ਵੱਡੀ ਲੋੜ ਹੈ। ਇਸ ਮੁਹਿੰਮ ਨੂੰ ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਰਾਜ ਸਿੰਘ,ਗੋਪਾਲ ਕਰਿਸ਼ਨ,ਮਾ ਪਿਸ਼ੌਰਾ ਸਿੰਘ ਹਮੀਦੀ,ਗੁਰਮੇਲ ਠੁੱਲੀਵਾਲ,ਗੁਦੇਵ ਮਾਂਗੇਵਾਲ,ਅਮਰਜੀਤ ਠੁੱਲੀਵਾਲ,ਮਜੀਦ ਕੁਰੜ ਨੇ ਭਰਵਾਂ ਸਹਿਯੋਗ ਦਿੱਤਾ।

Spread Information

Leave a Comment

Your email address will not be published. Required fields are marked *

error: Content is protected !!
Scroll to Top