” ਰਾਜ ਬਦਲੋ-ਸਮਾਜ ਬਦਲੋ ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ”

Spread Information

” ਰਾਜ ਬਦਲੋ-ਸਮਾਜ ਬਦਲੋ ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ”

  • ਮੁਹਿੰਮ ਤਹਿਤ ਚੀਮਾ ਅਤੇ ਜੋਧਪੁਰ ਵਿਖੇ ਘਰ-ਘਰ ਲੀਫਲੈੱਟ ਵੰਡੇ
  • ਲੋਕ ਸੱਥਾਂ ਵਿੱਚ ਸਾਰਥਿਕ ਵਿਚਾਰ ਚਰਚਾ

ਸੋਨੀ ਪਨੇਸਰ,ਬਰਨਾਲਾ 6 ਫਰਵਰੀ 2022
ਇਨਕਲਾਬੀ ਕੇਂਦਰ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਸ਼ੋਰੋਗੁਲ ਮੌਕੇ 1 ਫਰਬਰੀ ਤੋਂ 15 ਰੋਜਾ “ਰਾਜ ਬਦਲੋ-ਸਮਾਜ ਬਦਲੋ”” ਲੋਕਾਂ ਦੀ ਪੁੱਗਤ ਵਾਲਾ ਰਾਜ ਸਥਾਪਤ ਕਰੋ”ਮੁਹਿੰਮ ਪੂਰੀ ਵਿਉਂਤ ਬੱਧ ਢੰਗ ਨਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੁਹਿੰਮ ਤਹਿਤ ਚੀਮਾ ਅਤੇ ਜੋਧਪੁਰ ਵਿਖੇ ਜਿਲ੍ਹਾ ਬਰਨਾਲਾ ਦੀ ਆਗੂ ਟੀਮ ਵੱਲੋਂ ਡਾ ਰਜਿੰਦਰ ਪਾਲ, ਡਾ ਸੁਖਵਿੰਦਰ ਅਤੇ ਯਾਦਵਿੰਦਰ ਠੀਕਰੀਵਾਲਾ ਨੇ ਇਸ ਮੁਹਿੰਮ ਦੌਰਾਨ ਘਰ ਘਰ ਲੀਫਲੈੱਟ ਵੰਡਣ ਦੀ ਮੁਹਿੰਮ ਤਹਿਤ ਦੱਸਿਆ ਕਿ ਪਾਰਲੀਮਾਨੀ/ਵਿਧਾਨ ਸਭਾਈ ਚੋਣਾਂ ਦੇ ਬੀਤੇ 75 ਸਾਲ ਦੇ ਇਤਿਹਾਸ ਉੱਪਰ ਭਖਵੀਂ ਬਹਿਸ ਵਿਚਾਰ ਚਰਚਾ ਹੋਈ ਕਿ ਕਿਵੇਂ ਹਰ ਰੰਗ ਦੀ ਪਾਰਲੀਮਾਨੀ ਪਾਰਟੀ ਵੱਲੋਂ ਵਾਰ-ਵਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਅਤੇ ਲਾਰੇ ਅਤੇ ਸਬਜ਼ਬਾਗ ਦਿਖਾਏ ਜਾਂਦੇ ਹਨ। ਪਰ ਹਕੂਮਤੀ ਗੱਦੀ ਸਾਂਭਣ ਤੋਂ ਬਾਅਦ ਉਹੀ ਵਾਅਦੇ ਲਾਰੇ ਰੱਦੀ ਦੀ ਟੋਕਰੀ ਦਾ ਸ਼ਿੰਗਾਰ ਬਣ ਜਾਂਦੇ ਰਹੇ ਹਨ। ਸਿੱਟਾ ਇਹ ਨਿੱਕਲਿਆ ਹੈ ਕਿ ਆਮ ਲੋਕਾਂ ਦਾ ਜਿਉਣਾ ਦੁੱਭਰ ਹੋਇਆ ਹੈ। ਅਮੀਰ ਤੇ ਗਰੀਬ ਦਾ ਪਾੜਾ ਆਏ ਦਿਨ ਵਧ ਰਿਹਾ ਹੈ। ਹਕੂਮਤੀ ਗੱਦੀ ਉੱਪਰ ਕਿਸੇ ਵੀ ਰੰਗ ਦੀ ਪਾਰਲੀਮਾਨੀ ਪਾਰਟੀ ਕਬਜ਼ਾ ਕਰ ਲਵੇ, ਉਸ ਨੇ ਸਾਮਰਾਜੀ ਦਿਸ਼ਾ ਨਿਰਦੇਸ਼ਤ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਦਿਆਂ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦੀ ਹੀ ਸੇਵਾ ਕੀਤੀ ਹੈ ਅਤੇ ਅਜਿਹਾ ਹੀ ਇੱਕ ਵਾਰ ਫਿਰ ਧੋਖੇ ਭਰੀ ਖੇਡ ਖੇਡਣ ਲਈ ਮੈਦਾਨ ਵਿੱਚ ਹਾਜਰ ਹਨ। ਇਨ੍ਹਾਂ ਨੀਤੀਆਂ ਕਾਰਨ ਹੀ ਉੱਪਰਲੇ 1% ਅਮੀਰ ਘਰਾਣੇ ਮੁਲਕ ਦੇ 74% ਪੈਦਾਵਾਰ ਦੇ ਹਿੱਸੇ ਉੱਪਰ ਕਬਜ਼ਾ ਜਮਾਈ ਬੈਠੇ ਹਨ। ਜਦ ਕਿ ਦੂਜੇ ਪਾਸੇ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਦੌਰਾਨ ਸਭ ਤੋਂ ਉੱਚੀ ਦਰ ਤੇ ਪਹੁੰਚ ਗਈ ਹੈ। ਰੁਜਗਾਰ ਮਿਲਣ ਦੀ ਥਾਂ ਰੁਜ਼ਗਾਰ ਖੁੱਸ ਰਿਹਾ ਹੈ। ਪੰਜਾਬ ਸਿਰ 3 ਲੱਖ ਕਰੋੜ ਰੁ. ਦੀ ਕਰਜ਼ੇ ਦੀ ਪੰਡ ਹਾਕਮਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਦਾ ਮੂੰਹ ਚਿੜਾ ਰਹੀ ਹੈ। ਸਾਢੇ ਤਿੰਨ ਲੱਖ ਤੋਂ ਵਧੇਰੇ ਕਿਸਾਨ ਖੁਦਕੁਸ਼ੀਆਂ ਕਰਨ ਵੱਲ ਧੱਕ ਦਿੱਤੇ ਗਏ ਹਨ। ਅਜਿਹੀ ਹਾਲਤ ਵਿੱਚ ਇਨਕਲਾਬੀ ਕੇਂਦਰ ਸਮਝਦਾ ਹੈ ਕਿ ਵੋਟ ਪਰਚੀ ਲੋਕਾਂ ਦੇ ਬੁਨਿਆਦੀ ਸਮੱਸਿਆਵਾਂ ਦਾ ਹੱਲ ਨਹੀਂ, ਸਗੋਂ ਇਸ ਵੋਟ ਪ੍ਰਬੰਧ ਤੋਂ ਭਲੇ ਦੀ ਝਾਕ ਛੱਡਦਿਆਂ ਸੰਘਰਸ਼ਾਂ ਦਾ ਸੂਹਾ ਪਰਚਮ ਬੁਲੰਦ ਰੱਖਦਿਆਂ ਲੋਕਾਂ ਦੀ ਪੁੱਗਤ ਵਾਲਾ ਰਾਜ ਸਿਰਜਣ ਲਈ ਜਮਾਤੀ ਜੱਦੋਜਹਿਦ ਕਰਨਾ ਵਧੇਰੇ ਢੁੱਕਵਾਂ ਹੈ। ਇਸ ਸਮੇਂ ਇਨਕਲਾਬੀ ਕੇਂਦਰ,ਪੰਜਾਬ ਦੇ ਆਗੂਆਂ ਜਸਪਾਲ ਚੀਮਾ, ਖੁਸ਼ਮੰਦਰ ਪਾਲ ,ਨੌਜਵਾਨ ਆਗੂਆਂ ਹਰਪ੍ਰੀਤ,ਜਗਮੀਤ ,ਅਵਤਾਰ ਸਿੰਘ ਚੀਮਾ ਨੇ ਕਿਹਾ ਲੋਕਾਈ ਨੂੰ ਇਸ ਵੋਟ ਪ੍ਰਬੰਧ ਨੂੰ ਸਮਝਣ ਲਈ ਅਤੇ ਬੀਤੇ ਇਤਿਹਾਸ ਵਿੱਚ ਲੋਕ ਮਸਲਿਆਂ ਦੇ ਹੱਲ ਲਈ ਚੱਲੀਆਂ ਇਤਿਹਾਸਕ ਬਗਾਵਤਾਂ ਦੇ ਰੂਬਰੂ ਹੋਣਾ ਵੱਡੀ ਲੋੜ ਹੈ। ਇਸ ਮੁਹਿੰਮ ਦੌਰਾਨ ਘਰ ਘਰ ਜਾਕੇ ਲੀਫਲੈੱਟ ਵੰਡਿਆ ਗਿਆ। ਇਸ ਮੁਹਿੰਮ ਵਿੱਚ ਡਾ ਰਜਿੰਦਰ ਪਾਲ ਅਤੇ ਡਾ ਸੁਖਵਿੰਦਰ ਨੇ ਲੋਕ ਸੱਥਾਂ ਵਿੱਚ ਹਾਜਰ ਲੋਕਾਂ ਸਾਮ੍ਹਣੇ ਸੰਖੇਪ ਵਿਚਾਰ ਚਰਚਾ ਕੀਤੀ। ਅਜਾਦ ਸਪੋਰਟਸ ਕਲੱਬ ਦੇ ਨੌਜਵਾਨਾਂ ਰਮਨਦੀਪ, ਦਮਨ, ਲਖਵੀਰ ਅਤੇ ਰੰਮੀ, ਗੁਰਮੇਲ ਜੋਧਪੁਰ ਨੇ ਇਸ ਮੁਹਿੰਮ ਵਿੱਚ ਭਰਵਾਂ ਸਹਿਯੋਗ ਦਿੱਤਾ।

Spread Information

Leave a Comment

Your email address will not be published. Required fields are marked *

error: Content is protected !!
Scroll to Top