ਪੰਜਾਬ ਵਿਧਾਨ ਸਭਾ ਚੋਣਾਂ ”2022” ਤੋਂ ਪਹਿਲਾਂ ਉਮੀਦਵਾਰਾਂ ਲਈ ਆਦੇਸ਼ ਜਾਰੀ
ਪੰਜਾਬ ਵਿਧਾਨ ਸਭਾ ਚੋਣਾਂ ”2022” ਤੋਂ ਪਹਿਲਾਂ ਉਮੀਦਵਾਰਾਂ ਲਈ ਆਦੇਸ਼ ਜਾਰੀ
- ਵਿਸ਼ੇਸ਼ ਖਰਚਾ ਨਿਗਰਾਨ ਰੱਖਣਗੇ ਉਮੀਦਵਾਰਾਂ ਦੇ ਖ਼ਰਚਿਆਂ ’ਤੇ ਤਿੱਖੀ ਨਜ਼ਰ: ਵਧੀਕ ਜ਼ਿਲਾ ਚੋਣ ਅਫਸਰ
ਸੋਨੀ ਪਨੇਸਰ,ਬਰਨਾਲਾ, 10 ਜਨਵਰੀ 2022
ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ-2022 ਦੌਰਾਨ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਚੋਣ ਖ਼ਰਚਿਆਂ ਉੱਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਇੱਕ ਉਮੀਦਵਾਰ ਆਪਣੀ ਚੋਣ ਮੁਹਿੰਮ ’ਤੇ ਵੱਧ ਤੋਂ ਵੱਧ 40 ਲੱਖ ਰੁਪਏ ਹੀ ਖ਼ਰਚ ਕਰ ਸਕੇਗਾ, ਪਹਿਲਾਂ ਇਹ ਖਰਚਾ ਹੱਦ 30.80 ਲੱਖ ਰੁਪਏ ਸੀ, ਜੋ ਕਿ ਹੁਣ ਵਧਾ ਦਿੱਤੀ ਗਈ ਹੈ।
ਇਸ ਸਬੰਧੀ ਵਧੀਕ ਜ਼ਿਲਾ ਚੋਣ ਅਫਸਰ ਸ੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਜ਼ਿਲਾ ਪ੍ਰਸਾਸ਼ਨ ਨੂੰ ਸਹਿਯੋਗ ਦਾ ਭਰੋਸਾ ਦਿੱਤਾ। ਸ੍ਰੀ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਜਾਂਦੇ ਬੇਹਤਾਸ਼ਾ ਖ਼ਰਚੇ ਨੂੰ ਘੱਟ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਉਮੀਦਵਾਰ ਰੈਲੀਆਂ, ਪ੍ਰਚਾਰ ਸਮੱਗਰੀ, ਇਸ਼ਤਿਹਾਰਬਾਜ਼ੀ, ਗੱਡੀਆਂ ਤੇ ਚੋਣਾਂ ਲਈ ਜ਼ਰੂਰੀ ਹੋਰ ਫੁਟਕਲ ਕੰਮਾਂ ਉੱਤੇ ਹੀ ਖ਼ਰਚ ਸਕਣਗੇ। ਇਸ ਲਈ ਉਨਾਂ ਨੂੰ ਨਾਮਜ਼ਦਗੀ ਪੱਤਰ ਭਰਨ ਤੋਂ ਇੱਕ ਦਿਨ ਪਹਿਲਾਂ ਆਪਣੇ ਨਾਮ ਉੱਤੇ ਜਾਂ ਆਪਣੇ ਚੋਣ ਏਜੰਟ ਨਾਲ ਸਾਂਝਾ ਬੈਂਕ ਜਾਂ ਪੋਸਟਲ ਖਾਤਾ ਖੁਲਵਾਉਣਾ ਪਵੇਗਾ। ਉਮੀਦਵਾਰ ਸਾਰਾ ਚੋਣ ਖ਼ਰਚਾ ਇਸੇ ਖਾਤੇ ਵਿੱਚੋਂ ਕਰ ਸਕਣਗੇ। 10 ਹਜ਼ਾਰ ਰੁਪਏ ਤੱਕ ਦੀ ਅਦਾਇਗੀ ਨਗਦੀ ਕੀਤੀ ਜਾ ਸਕੇਗੀ, ਜਦਕਿ ਇਸ ਤੋਂ ਵੱਧ ਰਾਸ਼ੀ ਚੈੱਕ ਰਾਹੀਂ ਕਰਨੀ ਪਵੇਗੀ।
ਉਨਾਂ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਚੋਣਾਂ ਦੌਰਾਨ ਵੋਟਾਂ ਲੈਣ ਲਈ ਗ਼ੈਰਕਾਨੂੰਨੀ ਤਰੀਕੇ ਜਿਵੇਂ ਕਿ ਸ਼ਰਾਬ ਅਤੇ ਨਸ਼ਿਆਂ ਦੀ ਵੰਡ, ਨਗ਼ਦੀ ਦੀ ਵੰਡ, ਤੋਹਫ਼ਿਆਂ ਦੀ ਵੰਡ ਆਦਿ ਨਾ ਕੀਤੀ ਜਾਵੇ। ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖ਼ਰਚੇ ’ਤੇ ਨਿਗਰਾਨੀ ਰੱਖਣ ਲਈ ਜਿੱਥੇ ਚੋਣ ਕਮਿਸ਼ਨ ਵੱਲੋਂ ਵਿਸ਼ੇਸ਼ ਖਰਚਾ ਨਿਗਰਾਨ ਭੇਜੇ ਜਾਣਗੇ, ਉਥੇ ਹੀ ਸਥਾਨਕ ਪੱਧਰ ਉੱਤੇ ਵੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਮੀਦਵਾਰਾਂ ਵੱਲੋਂ ਜੋ ਵੀ ਖ਼ਰਚਾ ਕੀਤਾ ਜਾਵੇਗਾ, ਉਸ ਦਾ ਵੇਰਵਾ ਰੋਜ਼ਾਨਾ ਖ਼ਰਚਾ ਰਜਿਸਟਰ ਵਿੱਚ ਦਰਜ ਕਰਨਾ ਹੋਵੇਗਾ। ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਸ਼ੈਡੋ ਰਜਿਸਟਰ ਵਿੱਚ ਵੀ ਇਹੀ ਖ਼ਰਚਾ ਦਰਜ ਕੀਤਾ ਜਾਵੇਗਾ। ਦੋਵੇਂ ਰਜਿਸਟਰਾਂ ਦਾ ਖ਼ਰਚਾ ਆਪਸ ਵਿੱਚ ਮੇਲ ਖਾਣਾ ਚਾਹੀਦਾ ਹੈ। ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਨਤੀਜੇ ਆਉਣ ਤੱਕ ਦੇ ਸਾਰੇ ਖ਼ਰਚੇ ਦੇ ਬਿੱਲ ਅਤੇ ਵਾਊਚਰ ਸੰਭਾਲ ਕੇ ਰੱਖਣੇ ਪੈਣਗੇ। ਹਰੇਕ ਖ਼ਰਚੇ ਦੀ ਪ੍ਰਵਾਨਗੀ ਸਬੰਧਤ ਰਿਟਰਨਿੰਗ ਅਫ਼ਸਰ ਤੋਂ ਲੈਣੀ ਲਾਜ਼ਮੀ ਹੋਵੇਗੀ।
ਉਨਾਂ ਕਿਹਾ ਕਿ ਸਾਰਾ ਖ਼ਰਚਾ ਚੋਣ ਕਮਿਸ਼ਨ ਵੱਲੋਂ ਤੈਅ ਰੇਟਾਂ ਮੁਤਾਬਿਕ ਹੀ ਬੁੱਕ ਕੀਤਾ ਜਾਵੇਗਾ। ਖ਼ਰਚਾ ਨਿਗਰਾਨ ਪੂਰੀ ਚੋਣ ਪ੍ਰਕਿਰਿਆ ਦੌਰਾਨ ਖ਼ੁਦ ਤਿੰਨ ਵਾਰ ਹਰੇਕ ਉਮੀਦਵਾਰ ਦਾ ਚੋਣ ਖ਼ਰਚਾ ਰਜਿਸਟਰ ਚੈੱਕ ਕਰਨਗੇ। ਉਨਾਂ ਸਮੂਹ ਪਾਰਟੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ।
ਮੀਟਿੰਗ ਦੌਰਾਨ ਆਦਰਸ਼ ਚੋਣ ਜ਼ਾਬਤੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸ੍ਰੀ ਵਾਲੀਆ ਨੇ ਦੱਸਿਆ ਕਿ ਫਿਲਹਾਲ 15 ਜਨਵਰੀ ਤੱਕ ਚੋਣ ਰੈਲੀਆਂ ਤੇ ਇਕੱਠਾਂ ਉਤੇ ਰੋਕ ਹੈ। ਜਾਤ, ਧਰਮ, ਰੰਗ ਤੇ ਲਾਲਚ ਦੇ ਸਿਰ ਉੱਤੇ ਵੋਟਾਂ ਨਹੀਂ ਮੰਗੀਆਂ ਜਾ ਸਕਣਗੀਆਂ। ਹਰੇਕ ਰਾਜਸੀ ਸਰਗਰਮੀ ਲਈ ਅਗਾਊਂ ਪ੍ਰਵਾਨਗੀ ਲੈਣੀ ਪਾਵੇਗੀ। ਡੋਰ ਟੂ ਡੋਰ ਚੋਣ ਪ੍ਰਚਾਰ ਲਈ ਵੀ ਸਿਰਫ 5 ਵਿਅਕਤੀ ਹੀ ਜਾ ਸਕਦੇ ਹਨ। ਅਜਿਹਾ ਕੋਈ ਵੀ ਕੰਮ ਨਹੀਂ ਕੀਤਾ ਜਾਣਾ ਚਾਹੀਦਾ, ਜਿਸ ਨਾਲ ਸਮਾਜਿਕ ਭਾਈਚਾਰਾ ਅਤੇ ਸਦਭਾਵਨਾ ਦਾ ਮਾਹੌਲ ਖ਼ਰਾਬ ਹੋਵੇ। ਆਪਣਾ ਹਰ ਤਰਾਂ ਦਾ ਅਸਲਾ ਨੇੜਲੇ ਪੁਲਿਸ ਸਟੇਸ਼ਨ ’ਚ ਜਮਾਂ ਕਰਵਾਇਆ ਜਾਵੇ। ਉਨਾਂ ਅਪੀਲ ਕੀਤੀ ਕਿ ਕਰੋਨਾ ਤੋਂ ਬਚਾਅ ਲਈ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਸ ਮੌਕੇ ਤਹਿਸੀਲਦਾਰ ਚੋਣਾਂ ਹਰਜਿੰਦਰ ਕੌਰ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।