ਖੇਤੀਬਾੜੀ ਮੰਤਰੀ ਵੱਲੋਂ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਦੁਕਾਨਦਾਰਾਂ ਨੂੰ ਦਿੱਤੇ ਮਾਲਕੀ ਹੱਕ
ਖੇਤੀਬਾੜੀ ਮੰਤਰੀ ਵੱਲੋਂ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਦੁਕਾਨਦਾਰਾਂ ਨੂੰ ਦਿੱਤੇ ਮਾਲਕੀ ਹੱਕ
- ਪੰਜਾਬ ਸਰਕਾਰ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਕਰ ਰਹੀ ਸੂਬੇ ਦਾ ਸਰਵਪੱਖੀ ਵਿਕਾਸ : ਨਾਭਾ
- ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਇੱਕ ਪਰਿਵਾਰਕ ਮੈਂਬਰ ਨੂੰ ਦਿੱਤੇ ਜਾ ਰਹੇ ਨਿਯੁਕਤੀ ਪੱਤਰ
- ਤਰਸ ਦੇ ਆਧਾਰ ’ਤੇ ਇੱਕ ਲਾਭਪਾਤਰੀ ਨੂੰ ਦਿੱਤੀ ਗਈ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿੱਚ ਨੌਕਰੀ
ਅਸ਼ੋਕ ਧੀਮਾਨ,ਮੰਡੀ ਗੋਬਿੰਦਗੜ੍ਹ, 08 ਜਨਵਰੀ:2022
ਪੰਜਾਬ ਸਰਕਾਰ ਵੱਲੋਂ ਹਰੇਕ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਸੂਬੇ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਦੇਸ਼ ਦੇ ਨਮੂਨੇ ਦੇ ਸੂਬੇ ਵਜੋਂ ਵਿਕਸਤ ਕੀਤਾ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਮੰਤਰੀ ਸ. ਰਣਦੀਪ ਸਿੰਘ ਨਾਭਾ ਨੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕੈਬਨਿਟ ਮੰਤਰੀ ਸ. ਰਣਦੀਪ ਸਿੰਘ ਦੀ ਅਗਵਾਈ ਵਿੱਚ ਹੋਈ ਨਗਰ ਕੌਂਸਲ ਦੀ ਮੀਟਿੰਗ ਦੌਰਾਨ ਮੰਡੀ ਗੋਬਿੰਦਗੜ੍ਹ ਦੇ 81 ਦੁਕਾਨਦਾਰਾਂ ਨੂੰ ਦੁਕਾਨਾਂ ਦੇ ਮਾਲਕਾਨਾ ਹੱਕ ਵੀ ਦਿੱਤੇ ਅਤੇ ਤਰਸ ਦੇ ਆਧਾਰ ’ਤੇ ਇੱਕ ਲਾਭਪਾਤਰੀ ਨੂੰ ਨਗਰ ਕੌਂਸਲ ਵਿੱਚ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੇ ਮੁੱਖ ਚੌਕ ਦਾ ਨਾਮ ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਦੇ ਨਾਮ ’ਤੇ ਹੀ ਹੋਵੇਗਾ ਅਤੇ ਇਸ ਚੌਕ ਦੀ ਦੇਖ ਰੇਖ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਵੱਲੋਂ ਲੋਕ ਹਿੱਤ ਵਿੱਚ ਇਤਿਹਾਸਕ ਫੈਸਲੇ ਕੀਤੇ ਗਏ ਹਨ ਜਿਸ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵੱਲੋਂ ’ਸਰਬੱਤ ਦੇ ਭਲੇ’ ’ਤੇ ਚਲਦੇ ਹੋਏ ਅਹਿਮ ਫੈਸਲੇ ਲਾਗੂ ਕੀਤੇ ਗਏ ਹਨ ਜਿਨ੍ਹਾਂ ਵਿੱਚ 2 ਕਿਲੋਵਾਟ ਤੱਕ ਲੋਡ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਦੇ 20 ਲੱਖ ਤੋਂ ਵੱਧ ਪਰਿਵਾਰਾਂ ਦੇ 1500 ਕਰੋੜ ਰੁਪਏ ਬਕਾਏ ਬਿਲ ਮੁਆਫ ਕੀਤੇ ਗਏ ਹਨ ਤੇ ਬਿਜਲੀ ਸਸਤੀ ਕੀਤੀ ਗਈ ਜਿਸ ਨਾਲ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।
ਇਸ ਤੋਂ ਇਲਾਵਾ ਲਾਲ ਲਕੀਰ ਅੰਦਰ ਮਲਕੀ ਹੱਕ ਦੇਣ ਲਈ ’ ਮੇਰਾ ਘਰ ਮੇਰੇ ਨਾਮ ’ ਸਕੀਮ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਲੰਮੇਂ ਸਮੇਂ ਤੋਂ ਸਸਤੀ ਬਿਜਲੀ ਅਤੇ ਸਸਤਾ ਰੇਤਾ ਦੀ ਮੰਗ ਕਰ ਰਹੇ ਸਨ ਜਿਸ ਨੂੰ ਵੇਖਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੇਤਾ, ਬਿਜਲੀ, ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਏ ਗਏ ਜਿਸ ਦਾ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਹੋ ਰਿਹਾ ਹੈ।
ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਗੋਰਾਇਆ ਪ੍ਰਿੰਸ, ਮਾਰਕੀਟ ਕਮੇਟੀ ਅਮਲੋਹ ਦੇ ਵਾਈਸ ਚੇਅਰਮੈਨ ਰਜਿੰਦਰ ਸਿੰਘ ਬਿੱਟੂ, ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਉਪ ਪ੍ਰਧਾਨ ਅਸ਼ੋਕ ਕੁਮਾਰ ਸ਼ਰਮਾ, ਕੈਬਨਿਟ ਮੰਤਰੀ ਦੇ ਪੀ.ਏ. ਰਾਮ ਕ੍ਰਿਸ਼ਨ ਭੱਲਾ, ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਸ਼੍ਰੀ ਕੇ.ਐਸ. ਬਰਾੜ,ਡਾ: ਮਨਮੋਹਣ ਕੌਸ਼ਲ, ਜੋਗਿੰਦਰ ਸਿੰਘ ਮੈਣੀ ਤੋਂ ਇਲਾਵਾ ਸਮੂਹ ਕੌਂਸਲਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।