
ਵਿਦੇਸ਼ਾਂ ਵਿੱਚ ਸਟੱਡੀ ਤੇ ਰੋਜ਼ਗਾਰ ਵਿੱਚ ਹੁੰਦੀ ਧੋਖਾਧੜੀ ਸਬੰਧੀ ਬਣਾਇਆ ਨੋਡਲ ਪੁਆਂਇੰਟ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 28 ਦਸੰਬਰ:2021
ਵਿਦੇਸ਼ ਯਾਤਰਾ, ਵਿਦੇਸ਼ਾਂ ਵਿੱਚ ਸਟੱਡੀ ਤੇ ਰੋਜ਼ਗਾਰ ਆਦਿ ਵਿੱਚ ਹੁੰਦੀ ਧੋਖਾਧੜੀ ਸਬੰਧੀ ਸਿ਼ਕਾਇਤਾਂ ਦਰਜ਼ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮਗਲਿੰਗ ਐਕਟ-2012/ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ-2014 ਰਾਹੀਂ ਜਿ਼ਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਨੋਡਲ ਪੁਆਂਇੰਟ ਬਣਾਇਆ ਗਿਆ ਹੈ ਜਿਥੇ ਰਜਿਸਟਰਡ/ਅਣਰਜਿਸਟਰਡ ਟਰੈਵਲ ਏਜੰਟਸ ਵਿਰੁੱਧ ਸਿ਼ਕਾਇਤ ਦਰਜ਼ ਕਰਵਾਈ ਜਾ ਸਕਦੀ ਹੈ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਨੀਤਾ ਦਰਸ਼ੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਵਿਦੇਸ਼ ਯਾਤਰਾ ਨੂੰ ਲੈ ਕੇ ਧੋਖੇ ਦਾ ਸਿ਼ਕਾਰ ਹੋਇਆ ਕੋਈ ਵੀ ਵਿਅਕਤੀ ਆਪਣੀ ਲਿਖਤੀ ਸਿ਼ਕਾਇਤ ਨੋਡਲ ਪੁਆਂਇੰਟ ਜਿ਼ਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕਮਰਾ ਨੰ: 119 ਵਿਖੇ ਕਿਸੇ ਵੀ ਕੰਮ ਵਾਲੇ ਦਿਨ ਆਪਣੇ ਯੌਗ ਪਹਿਚਾਣ ਪੱਤਰ ਰਾਹੀਂ ਦਰਜ਼ ਕਰਵਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਿ਼ਕਾਇਤ ਦਰਜ਼ ਕਰਵਾਉਣ ਸਮੇਂ ਯੋਗ ਦਸਤਾਵੇਜ ਲਗਾਏ ਜਾਣੇ ਲਾਜ਼ਮੀ ਹਨ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੋਡਲ ਪੁਆਂਇੰਟ ਵੱਲੋਂ ਸਿ਼ਕਾਇਤ ਦੀ ਵੈਰੀਫਿਕੇਸ਼ਨ ਇੱਕ ਹਫਤੇ ਵਿੱਚ ਕੀਤੀ ਜਾਵੇਗੀ। ਜੇਕਰ ਨੋਡਲ ਪੁਆਂਇੰਟ ਦੇ ਧਿਆਨ ਵਿੱਚ ਆਉਂਦਾ ਹੈ ਕਿ ਕੋਈ ਟਰੈਵਲ ਏਜੰਟ ਬਿਨਾਂ ਲਾਇਸੈਂਸ ਜਾਂ ਲਾਇਸੈਂਸ ਦੀ ਮਿਆਦ ਪੁੱਗ ਜਾਣ ਜਾਂ ਟਰੈਵਲ ਏਜੰਟ ਦੇ ਅਣ-ਰਜਿਸਟਰਡ ਹੋਣ ਸਬੰਧੀ ਕੋਈ ਮਾਮਲਾ ਆਉਂਦਾ ਹੈ ਤਾਂ ਪੁਲਿਸ ਵਿਭਾਗ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਐਫ.ਆਈ.ਆਰ. ਦਰਜ਼ ਹੋ ਸਕਦੀ ਹੈ। ਉਨ੍ਹਾਂ ਹੋਰ ਦੱਸਿਆ ਕਿ ਐਫ.ਆਈ.ਆਰ. ਦਰਜ਼ ਹੋਣ ਤੋਂ ਬਾਅਦ ਟਰੈਵਲ ਏਜੰਟਾਂ ਦੀ ਸੂਚਨਾ ਜਿ਼ਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਈਟ ’ਤੇ ਪਾ ਦਿੱਤੀ ਜਾਵੇਗੀ, ਤਾਂ ਜੋ ਇਸ ਸਬੰਧੀ ਹੋਰਨਾ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਸਕੇ।


