PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਰਾਜਸੀ ਹਲਚਲ

ਮੁਜ਼ੱਫਰਨਗਰ ‘ਚ ਹੋਏ ਲਾਮਿਸਾਲ ਇਕੱਠ ਨੇ ਧਰਨਾਕਾਰੀਆਂ ਦੇ ਹੌਂਸਲੇ ਬੁਲੰਦ ਕੀਤੇ: ਕਿਸਾਨ ਆਗੂ

Advertisement
Spread Information

ਮੁਜ਼ੱਫਰਨਗਰ ‘ਚ ਹੋਏ ਲਾਮਿਸਾਲ ਇਕੱਠ ਨੇ ਧਰਨਾਕਾਰੀਆਂ ਦੇ ਹੌਂਸਲੇ ਬੁਲੰਦ ਕੀਤੇ: ਕਿਸਾਨ ਆਗੂ

* ਕਿਸਾਨਾਂ ਨੇ ਪੁਲਿਸ ਕੇਸ ਰੱਦ ਕਰਨ ਲਈ ਪੰਜਾਬ ਸਰਕਾਰ ਨੂੰ 8 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ।

  *ਜਨਮ ਦਿਵਸ ਮੌਕੇ  ਗੁਰੂ ਭਗਤ ਸ਼ਹੀਦ ਭਾਈ ਜੀਵਨ ਸਿੰਘ( ਭਾਈ ਜੈਤਾ) ਜੀ ਨੂੰ ਸਿਜਦਾ ਕੀਤਾ ਗਿਆ।

* ਅਧਿਆਪਕ ਦਿਵਸ : ਚੰਗਾ ਸਮਾਜ ਸਿਰਜਣ ਲਈ ਅਧਿਆਪਕਾਂ ਦੀ ਭੂਮਿਕਾ ਬਹੁਤ ਅਹਿਮ :  ਉਪਲੀ


ਪਰਦੀਪ ਕਸਬਾ  , ਬਰਨਾਲਾ:  05 ਸਤੰਬਰ, 2021

    ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 340 ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ‘ਚ ਮੁਜ਼ੱਫਰਨਗਰ ( ਯੂ.ਪੀ) ਦੀ ਕਿਸਾਨ ਮਹਾਂ-ਪੰਚਾਇਤ ਲਈ ਜੁੜ੍ਹੇ ਲਾਮਿਸਾਲ ਇਕੱਠ ਦੀ ਚਰਚਾ ਹੁੰਦੀ ਰਹੀ। ਬੁਲਾਰਿਆਂ ਨੇ ਕਿਹਾ ਕਿ 300 ਤੋਂ ਵੱਧ ਕਿਸਾਨ ਜਥੇਬੰਦੀਆਂ ਅਤੇ 17 ਸੂਬਿਆਂ ‘ਚੋਂ ਆਏ ਵੱਡੇ ਕਿਸਾਨ ਕਾਫਲਿਆਂ ਨੇ ਕਿਸਾਨ ਅੰਦੋਲਨ ਦੇ ਦੇਸ਼-ਵਿਆਪੀ ਖਾਸੇ ‘ਤੇ ਇੱਕ ਵਾਰ ਫਿਰ ਪੱਕੀ ਮੋਹਰ ਲਾ ਦਿੱਤੀ ਹੈ। ਹੁਣ ਅੰਦੋਲਨ ਦੇ ਵਿਰੋਧੀਆਂ ਦਾ ਮੂੰਹ ਪੱਕੇ ਤੌਰ ‘ਤੇ ਬੰਦ ਹੋ ਜਾਣਾ ਚਾਹੀਦਾ ਹੈ ਜੋ ਕੂੜ-ਪ੍ਰਚਾਰ ਕਰਦੇ ਰਹਿੰਦੇ ਸਨ ਕਿ ਇਹ ਦੋ ਸੂਬਿਆਂ ਤੇ ਚੰਦ ਕਿਸਾਨਾਂ ਤੱਕ ਸੀਮਤ ਅੰਦੋਲਨ ਹੈ। ਸ਼ਾਂਤਮਈ ਤੇ ਅਨੁਸ਼ਾਸਿਤ ਰਹਿ ਕੇ ਅੰਦੋਲਨਕਾਰੀਆਂ ਨੇ ਅੰਦੋਲਨ ਨੂੰ ਇਸ ਦੇ ਇੱਛੁਤ ਅੰਜ਼ਾਮ  ਤੱਕ ਪਹੁੰਚਾਉਣ ਦਾ ਇਰਾਦਾ ਸਪੱਸ਼ਟ ਕਰ ਦਿੱਤਾ ਹੈ। ਇਸ ਲਾਮਿਸਾਲ ਲਾਮਬੰਦੀ ਨੇ ਕਿਸਾਨਾਂ ਦੇ ਹੌਂਸਲੇ ਸੱਤਵੇਂ ਅਸਮਾਨ ‘ਤੇ ਪਹੁੰਚਾ ਦਿੱਤੇ ਹਨ ਅਤੇ ਉਹ ਕਾਲੇ ਖੇਤੀ ਕਾਨੂੰਨ ਵਾਪਸ ਕਰਵਾਏ ਬਗੈਰ ਘਰ ਨਹੀਂ ਪਰਤਣਗੇ।
  ਅੱਜ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਦੇ ਅਨਿੰਨ ਭਗਤ ਸ਼ਹੀਦ ਭਾਈ ਜੀਵਨ ਸਿੰਘ (ਭਾਈ ਜੈਤਾ) ਜੀ ਦਾ ਜਨਮ ਦਿਵਸ ਹੈ। ਦਿੱਲੀ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਦੀ ਜੀ ਕੁਰਬਾਨੀ ਤੋਂ ਬਾਅਦ ਭਾਈ ਜੈਤਾ ਜੀ ਉਨ੍ਹਾਂ ਦਾ ਸੀਸ  ਲੈ ਕੇ ਆਨੰਦਪੁਰ ਸਾਹਿਬ  ਪਹੁੰਚੇ  ਸਨ। ਅੱਜ ਧਰਨੇ ‘ਚ ਉਨ੍ਹਾਂ ਦੀ ਕੁਰਬਾਨੀ ਨੂੰ ਸ਼ਰਧਾਪੂਰਬਕ ਯਾਦ ਕਰਦਿਆਂ ਸਿਜਦਾ ਕੀਤਾ ਗਿਆ ।
ਅੱਜ ਅਧਿਆਪਕ ਦਿਵਸ ਮੌਕੇ ਉਨ੍ਹਾਂ ਦੀ ਸਮਾਜ ਵਿੱਚ ਅਹਿਮ ਭੂਮਿਕਾ ਬਾਰੇ ਚਰਚਾ ਕੀਤੀ ਗਈ।  ਅਧਿਆਪਕ ਦਾ ਕਿਸਾਨਾਂ ਨਾਲ ਬਹੁਤ ਨਜਦੀਕੀ ਰਿਸ਼ਤਾ ਹੈ। ਕਿਸਾਨਾਂ ਦੀ ਤਰ੍ਹਾਂ ਹੀ ਅਧਿਆਪਕਾਂ ਨੂੰ ਹੀ ਸਮਾਜ ਦੀਆਂ ਬੁਰਾਈਆਂ ਨਾਲ ਅਤੇ ਸਰਕਾਰਾਂ ਨਾਲ ਲੜ੍ਹਨਾ ਪੈਂਦਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਅਧਿਆਪਕਾਂ ਦਾ ਸਨਮਾਨ ਕਰਨ ਦੀ ਬਜਾਏ ਨਿੱਤ ਦਿਨ ਉਨ੍ਹਾਂ ‘ਤੇ ਡਾਂਗਾਂ ਦੀ ਵਾਰਿਸ਼ ਕਰ ਰਹੀ ਹੈ। ਅਸੀਂ ਅਧਿਆਪਕਾਂ ਦੇ ਘੋਲ ਦੀ ਹਮਾਇਤ ਕਰਦੇ ਹਾਂ ਅਤੇ ਇਸ ਦਿਵਸ ਮੌਕੇ ਸਮਾਜ ਸਿਰਜਕ ਅਧਿਆਪਕਾਂ ਨੂੰ ਸਲਾਮ ਕਰਦੇ ਹਾਂ।
  ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਉਜਾਗਰ ਸਿੰਘ ਬੀਹਲਾ, ਕਾਕਾ ਸਿੰਘ ਫਰਵਾਹੀ, ਨਛੱਤਰ ਸਿੰਘ ਸਹੌਰ, ਨੇਕਦਰਸ਼ਨ ਸਿੰਘ, ਪ੍ਰੇਮਪਾਲ ਕੌਰ,ਜਸਪਾਲ ਕੌਰ ਕਰਮਗੜ੍ਹ, ਮੇਲਾ ਸਿੰਘ ਕੱਟੂ, ਗੁਰਜੰਟ ਸਿੰਘ ਟੀਐਸਯੂ, ਅਮਰਜੀਤ ਕੌਰ, ਬਲਜੀਤ ਸਿੰਘ ਚੌਹਾਨਕੇ, ਗੁਰਨਾਮ ਸਿੰਘ ਠੀਕਰੀਵਾਲਾ ਤੇ ਜਸਪਾਲ ਚੀਮਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਮੋਗਾ ਵਿਖੇ ਇੱਕ ਪਾਸੇ ਤਾਂ ਕਿਸਾਨਾਂ ‘ਤੇ ਵਹਿਸ਼ੀ ਲਾਠੀਚਾਰਜ ਕੀਤਾ ਗਿਆ ਅਤੇ  ਉਲਟਾ ਉਨ੍ਹਾਂ ਪੀੜਤ ਕਿਸਾਨਾਂ ਵਿਰੁੱਧ ਹੀ ਪੁਲਿਸ ਕੇਸ  ਵੀ ਦਰਜ ਕੀਤੇ ਗਏ ਹਨ। ਕਿਸਾਨਾਂ ਦੀ ਸਮਰਥਕ ਹੋਣ ਦੀਆਂ ਟਾਹਰਾਂ ਮਾਰਨ ਵਾਲੀ ਪੰਜਾਬ ਸਰਕਾਰ  ਨੇ ਕੇਸ ਦਰਜ ਕਰਕੇ ਆਪਣਾ ਕਿਸਾਨ- ਦੋਖੀ ਚਿਹਰਾ ਨੰਗਾ ਕਰ ਦਿੱਤਾ ਹੈ। ਆਗੂਆਂ ਨੇ ਪੰਜਾਬ ਸਰਕਾਰ ਨੂੰ ਇਹ ਕੇਸ ਤੁਰੰਤ ਰੱਦ ਕਰਨ ਲਈ 8 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ। ਉਨ੍ਹਾਂ  ਚਿਤਾਵਨੀ ਦਿੱਤੀ ਕਿ ਵਰਨਾ ਸੰਘਰਸ਼ ਤਿੱਖਾ ਕੀਤਾ ਜਾਵੇਗਾ ਅਤੇ ਸਰਕਾਰੀ ਮੰਤਰੀਆਂ ਤੇ ਦਫਤਰਾਂ ਦੇ ਘਿਰਾਉ ਕੀਤੇ ਜਾਣਗੇ।


Spread Information
Advertisement
Advertisement
error: Content is protected !!