75ਵੇਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ 9 ਦਿਨਾਂ ਪੇਂਟਿੰਗ ਵਰਕਸ਼ਾਪ ਸਮਾਪਤ-ਕਲਾ ਕੁੰਭ
‘ਕਲਾ ਕੁੰਭ’ – ਚਿਤਕਾਰਾ ਯੂਨੀਵਰਸਿਟੀ ਵਿਖੇ 75ਵੇਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ 9 ਦਿਨਾਂ ਪੇਂਟਿੰਗ ਵਰਕਸ਼ਾਪ ਸਮਾਪਤ
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਵਿਦਿਆਰਥੀਆਂ ਨੂੰ ਡਾ ਅਬਦੁਲ ਕਲਾਮ ਨੂੰ ਆਪਣਾ ਰੋਲ ਮਾਡਲ ਬਣਾਉਣ ਦਾ ਸੱਦਾ
-ਆਜ਼ਾਦੀ ਦੇ ਪ੍ਰਵਾਨਿਆ ਦੇ ਸੁਪਨੇ ਦਾ ਭਾਰਤ ਅਜੇ ਅਸੀਂ ਬਣਾਉਣਾ ਹੈ ਅਤੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਹੈ-ਬਨਵਾਰੀ ਲਾਲ ਪੁਰੋਹਿਤ
ਰਿਚਾ ਨਾਗਪਾਲ,ਰਾਜਪੁਰਾ, 2 ਜਨਵਰੀ 2022
ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਅੱਜ ਮੁੱਖ ਮਹਿਮਾਨ ਵਜੋਂ ਚਿਤਕਾਰਾ ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ 250 ਕਲਾਕਾਰਾਂ ਦੁਆਰਾ ਤਿਆਰ ਕੀਤੀ ਗਈ ਵਿਸ਼ਾਲ ਅਤੇ ਸ਼ਾਨਦਾਰ ਸਕਰੋਲ ਪੇਂਟਿੰਗ ਦਾ ਨਿਰੀਖਣ ਕੀਤਾ ਜਿਸ ਵਿੱਚ ਵੱਖ-ਵੱਖ ਰਾਜਾਂ ਦੇ ਅਣਗਿਣਤ ਨਾਇਕਾਂ ਦੇ ਜੀਵਨ ਸਕੈਚ ਅਤੇ ਯੋਗਦਾਨ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ। ਵਰਕਸ਼ਾਪ- ਕਲਾ ਕੁੰਭ ਸੰਸਕ੍ਰਿਤੀ ਮੰਤਰਾਲੇ, ਰੱਖਿਆ ਮੰਤਰਾਲੇ ਅਤੇ ਐਨਜੀਐਮਏ (ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ) ਨਵੀਂ ਦਿੱਲੀ ਦੁਆਰਾ ਸਾਂਝੇ ਤੌਰ ‘ਤੇ ਆਯੋਜਿਤ ਕੀਤੀ ਗਈ ਸੀ।
ਬਨਵਾਰੀ ਲਾਲ ਪੁਰੋਹਿਤ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੱਦਾ ਦਿੱਤਾ ਕਿ ਉਹ ਡਾ ਅਬਦੁਲ ਕਲਾਮ ਨੂੰ ਆਪਣਾ ਰੋਲ ਮਾਡਲ ਬਣਾਉਣ। ਉਹਨਾਂ ਕਿਹਾ ਕਿ ਆਜ਼ਾਦੀ ਦੇ ਪ੍ਰਵਾਨਿਆ ਦੇ ਸੁਪਨੇ ਦਾ ਭਾਰਤ ਅਜੇ ਅਸੀਂ ਬਣਾਉਣਾ ਹੈ ਅਤੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਹੈ। ਸ਼੍ਰੀ ਪੁਰੋਹਿਤ ਨੇ ਸਾਰੇ ਕਲਾਕਾਰਾਂ ਨਾਲ ਗੱਲਬਾਤ ਕੀਤੀ ਅਤੇ ਸਕਰੋਲ ਕਲਾ ਦੇ ਕੰਮ ਬਾਰੇ ਜਾਣਕਾਰੀ ਵੀ ਹਾਸਲ ਕੀਤੀ,ਜੋ ਕਿ 450 ਮੀਟਰ ਲੰਬੀ ਅਤੇ 3 ਮੀਟਰ ਉਚੀ ਤਿਆਰ ਕੀਤਾ ਗਈ ਹੈ। ਇਸ ਕਲਾ ਚ ਲੱਦਾਖ, ਕਸ਼ਮੀਰ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਤੇਲੰਗਾਨਾ ਸਮੇਤ ਵੱਖ-ਵੱਖ ਰਾਜਾਂ ਦੇ ਆਜ਼ਾਦੀ ਘੁਲਾਟੀਆਂ ਦੀਆਂ ਕਹਾਣੀਆਂ ਹਨ ਅਤੇ ਨਾਲ ਦੇ ਨਾਲ ਕਰਨਾਟਕ, ਕੇਰਲਾ, ਮਹਾਰਾਸ਼ਟਰ, ਹਰਿਆਣਾ, ਪੰਜਾਬ, ਦਿੱਲੀ, ਗੁਜਰਾਤ ਤੇ ਰਾਜਸਥਾਨ ਦੇ ਮਹਾਂਨਾਇਕਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਹੈ। ਇਨ੍ਹਾਂ ਰਾਜਾਂ ਦੀ ਕਲਾ, ਸੱਭਿਆਚਾਰ, ਸਾਹਿਤ, ਜੀਵਨ ਸ਼ੈਲੀ ਅਤੇ ਪ੍ਰਸਿੱਧ ਸਥਾਨਾਂ ਨੂੰ ਪੇਂਟਿੰਗਾਂ ਰਾਹੀਂ ਦਰਸਾਇਆ ਗਿਆ ਹੈ ਜੋ ਕਿ 26 ਜਨਵਰੀ ਨੂੰ ਰਾਜ ਪਥ ਵਿਖੇ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਇਸਦਾ ਉਦਘਾਟਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰਨਗੇ।
ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਕਿਹਾ ਕਿ ਆਪਣੇ ਉਸਤਾਦਾਂ ਦੀ ਯੋਗ ਅਗਵਾਈ ਹੇਠ ਕਲਾਕਾਰਾਂ ਨੇ ਮਹਾਨ ਕੰਮ ਕੀਤਾ ਹੈ ਅਤੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਬਾਰੇ ਦਸਤਾਵੇਜ਼ੀ ਤੌਰ ‘ਤੇ ਕੰਮ ਕੀਤਾ ਹੈ, ਜਿਨ੍ਹਾਂ ਨੂੰ ਬਹੁਤਾ ਜਾਣਿਆ ਨਹੀਂ ਜਾਂਦਾ ਪਰ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਸੀ। ਉਨ੍ਹਾਂ ਨੇ ਆਸ਼ਾ ਪ੍ਰਗਟ ਕੀਤੀ ਕਿ ਅਜਿਹੀ ਵਿਸ਼ਾਲ ਪੇਂਟਿੰਗ ਦਾ ਦਰਸ਼ਕਾਂ ‘ਤੇ ਚਿਰਸਥਾਈ ਪ੍ਰਭਾਵ ਪਵੇਗਾ ਅਤੇ ਸਾਰੇ ਨਾਗਰਿਕ ਦੇਸ਼ ਭਗਤਾਂ ਬਾਰੇ ਵਿਲੱਖਣ ਕਲਾਤਮਕ ਢੰਗ ਨਾਲ ਜਾਣੂ ਹੋਣਗੇ।
9 ਦਿਨੀਂ ਵਰਕਸ਼ਾਪ ਕਲਾ ਕੁੰਭ ਦੇ ਸਮਾਪਤੀ ਦਿਨ ‘ਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਸਾਰੇ ਪ੍ਰਬੰਧਕਾਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਭਾਰਤ ਦੀ ਵਿਭਿੰਨਤਾ ਵਿੱਚ ਏਕਤਾ ਦੀ ਇੱਕ ਮਿਸਾਲ ਹੈ ਜਿੱਥੇ ਹਜ਼ਾਰਾਂ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਕਲਾ ਦੇ ਕਈ ਰੂਪ ਪ੍ਰਚੱਲਤ ਹਨ ਅਤੇ ‘ਗੁਰੂ-ਚੇਲਾ ਪਰੰਪਰਾ’ ਚ ਸਿੱਖਣ ਅਤੇ ਅਗਲੀ ਪੀੜ੍ਹੀ ਨੂੰ ਗਿਆਨ ਦੇਣ ਦੀ ਸ਼ਾਨਦਾਰ ਸ਼ੈਲੀ ਹੈ। ਸ਼੍ਰੀ ਪੁਰੋਹਿਤ ਨੇ ਇਸ ਸਕ੍ਰੌਲ ਪੇਂਟਿੰਗ ਵਰਕਸ਼ਾਪ ਦਾ ਹਿੱਸਾ ਬਣੇ ਐੱਨਸੀਸੀ ਕੈਡਿਟਾਂ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰਾਸ਼ਟਰ ਲਈ ਪਿਆਰ ਅਤੇ ਮਾਣ ਸਭ ਤੋਂ ਮਹੱਤਵਪੂਰਨ ਹਨ ਤੇ ਸਾਨੂੰ ਆਪਣੇ ਦੇਸ਼ ਦੇ ਇਤਿਹਾਸ ਅਤੇ ਅੰਗਰੇਜ਼ਾਂ ਨਾਲ ਲੰਬੀ ਲੜਾਈ ਤੋਂ ਬਾਅਦ ਅਸੀਂ ਆਜ਼ਾਦੀ ਕਿਵੇਂ ਪ੍ਰਾਪਤ ਕੀਤੀ, ਬਾਰੇ ਜਾਣਨਾ ਚਾਹੀਦਾ ਹੈ। ਇਸ ਮੌਕੇ ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ ਅਸ਼ੋਕ ਚਿਤਕਾਰਾ, ਪ੍ਰੋ ਚਾਂਸਲਰ ਡਾ ਮਧੂ ਚਿਤਕਾਰਾ ਵੀ ਮੌਜੂਦ ਸਨ।
ਰਾਸ਼ਟਰੀ ਆਧੁਨਿਕ ਕਲਾ ਸੰਗ੍ਆਲਯ ਦੇ ਮਹਾਨਿਦੇਸ਼ਕ ਸ਼੍ਰੀ ਅਦਵੈਤ ਗਰਨਾਇਕ ਨੇ ਕਲਾ ਕੁੰਭ ਦੇ ਸੰਕਲਪ ਅਤੇ ਸਿੱਟਾ ਪੇਸ਼ ਕਰਦੇ ਹੋਏ ਕਿਹਾ ਕਿ ਦਿਨ-ਰਾਤ ਕੰਮ ਕਰਨ ਵਾਲੇ 250 ਕਲਾਕਾਰਾਂ ਦੁਆਰਾ ਕੀਤਾ ਗਿਆ ਸ਼ਾਨਦਾਰ ਕੰਮ ਵਾਕਈ ਕਾਬਿਲੇ ਤਾਰੀਫ ਹੈ। 9 ਦਿਨਾਂ ਇਸ ਵਰਕਸ਼ਾਪ ਵਿੱਚ ਹਿੱਸਾ ਲੈਣ ਨਾਲ ਉਹ ਨਾ ਕੇਵਲ ਇੱਕ ਦੂਜੇ ਦੇ ਨੇੜੇ ਆਏ ਹਨ ਬਲਕਿ ਮਹਾਨ ਸਿੱਖਣ ਦਾ ਤਜ਼ੁਰਬਾ ਵੀ ਹਾਸਲ ਕੀਤਾ। ਉਨ੍ਹਾਂ ਨੇ ਕਈ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਦੇ ਹੋਏ ਵੱਖ-ਵੱਖ ਖੇਤਰਾਂ ਦੇ ਆਜ਼ਾਦੀ ਘੁਲਾਟੀਆਂ ਦੀ ਤਾਕਤ ਨੂੰ ਕੈਨਵਸ ਵਿੱਚ ਦਿਖਾਉਣ ਦੇ ਮੂਲ ਵਿਚਾਰ ‘ਤੇ ਕਾਇਮ ਰਹਿੰਦੇ ਹੋਏ ਪੇਂਟਿੰਗ ਦੀ ਆਪਣੀ ਸ਼ੈਲੀ ਨੂੰ ਪ੍ਰਦਰਸ਼ਿਤ ਕੀਤਾ, ਜੋ ਕਿ ਇਸਦੀ ਲੰਬਾਈ ਅਤੇ ਉਚਾਈ ਕਾਰਨ ਆਪਣੀ ਕਿਸਮ ਦਾ ਇੱਕ ਵਖਰਾ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਸਕ੍ਰੌਲ ਪੇਂਟਿੰਗ ਹੁਣ ਸ਼੍ਰੀ ਨਰੇਂਦਰ ਮੋਦੀ ਦੇ ਉਦਘਾਟਨ ਤੋਂ ਬਾਅਦ 26 ਜਨਵਰੀ ਨੂੰ ਵਿਆਪਕ ਦਰਸ਼ਕਾਂ ਲਈ ਖੁੱਲ੍ਹੀ ਹੋਵੇਗੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ।
ਚਿਤਕਾਰਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਅਰਚਨਾ ਮੰਤਰੀ ਨੇ ਕਿਹਾ ਕਿ ਕਲਾ ਕੁੰਭ ਨੇ ਇਸ ਉਤਰੀ ਭਾਰਤ ਖੇਤਰ ਦੇ ਲੋਕਾਂ ਨੂੰ ਇੰਨੇ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਵਿਸ਼ਾਲ ਕਲਾ ਨੂੰ ਦੇਖਣ ਦਾ ਸੁਨਹਿਰੀ ਮੌਕਾ ਦਿੱਤਾ ਹੈ, ਜਿੱਥੇ ਚਿੱਤਰਕਾਰਾਂ ਨੇ ਆਪਣੀ ਸਿਰਜਣਾਤਮਕ ਆਜ਼ਾਦੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਲਾ ਦੀਆਂ ਵਿਸ਼ੇਸ਼ ਸ਼ੈਲੀਆਂ ਖਾਸ ਤੌਰ ‘ਤੇ ਸਮਕਾਲੀ ਅਤੇ ਪਰੰਪਰਾਗਤ ਰੂਪ ਦੀ ਪ੍ਰਤੀਨਿਧਤਾ ਕੀਤੀ ਹੈ। । ਉਨ੍ਹਾਂ ਕਿਹਾ ਕਿ ਫੱਡ, ਭੀਲ, ਮੰਡਾਨਾ, ਕਾਂਗੜਾ, ਵੋਰਲੀ, ਥੰਗਾ, ਪਿਚਵਈ, ਕਲਾਮਕਾਰੀ ਸਭ ਤੋਂ ਵੱਧ ਆਕਰਸ਼ਿਤ ਰਵਾਇਤੀ ਰੂਪ ਸਨ ਜਦੋਂ ਕਿ ਬੁਰਸ਼, ਸਟਰੋਕ ਅਤੇ ਰੰਗਾਂ ਦੀ ਵਰਤੋਂ ਦੁਆਰਾ ਸਮਕਾਲੀ ਚਿੱਤਰਕਾਰੀ ਨੇ ਕਲਾਕਾਰਾਂ ਦੇ ਰਾਜਾਂ ਨੂੰ ਦਰਸਾਇਆ ਹੈ।
ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ: ਮਧੂ ਚਿਤਕਾਰਾ ਨੇ ਧੰਨਵਾਦ ਦਾ ਮਤਾ ਦਿੰਦੇ ਹੋਏ ਕਿਹਾ ਕਿ ਸਕ੍ਰੌਲ ਪੇਂਟਿੰਗ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਸਾਡੇ ਸੰਵਿਧਾਨ ਵਿੱਚ ਨੰਦਾ ਲਾਲ ਬੋਸ ਅਤੇ ਉਨ੍ਹਾਂ ਦੇ ਚੇਲਿਆਂ ਦੁਆਰਾ ਖਿੱਚੀਆਂ ਗਈਆਂ ਪੇਂਟਿੰਗਾਂ ਨੂੰ ਵੀ ਸਾਰੇ ਕੈਨਵਸ ਦੇ ਸਿਖਰ ‘ਤੇ ਪੇਂਟ ਕੀਤਾ ਗਿਆ ਹੈ ਜੋਕਿ ਨਿਰੰਤਰਤਾ ਅਤੇ ਸਾਡੇ ਦੇਸ਼ ਦੀ ਗਣਤੰਤਰ ਪ੍ਰਕਿਰਤੀ ਨੂੰ ਇਕ ਧਾਗੇ ਚ ਪਿਰੋਆ ਹੋਇਆ ਦਰਸਾਉਂਦੀ ਹੈ ਜੋ ਵਿਸ਼ਵ ਦੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਜਿਸ ‘ਤੇ ਪੂਰਾ ਦੇਸ਼ ਮਾਣ ਕਰਦਾ ਹੈ।
‘ਕਲਾ ਕੁੰਭ’ ਲੋਕ ਕਲਾਕਾਰਾਂ ਦੇ ਮਨਮੋਹਕ ਪ੍ਰਦਰਸ਼ਨ ਨਾਲ ਸਮਾਪਤ ਹੋਇਆ।