ਪੰਜਾਬ ਸਰਕਾਰ ਕਰੇਗੀ ਹਰ ਵਰਗ ਦੇ ਸਾਰੇ ਮਸਲਿਆਂ ਹੱਲ- MLA ਪਠਾਣਮਾਜਰਾ
ਪੰਜਾਬ ਸਰਕਾਰ ਕਰੇਗੀ ਹਰ ਵਰਗ ਦੇ ਸਾਰੇ ਮਸਲਿਆਂ ਹੱਲ- MLA ਪਠਾਣਮਾਜਰਾ
ਪਟਿਆਲਾ, 6 ਅਗਸਤ (ਰਿਚਾ ਨਾਗਪਾਲ)
ਸਨੌਰ ਹਲਕੇ ਦੇ ਵਿਧਾਇਕ ਸ. ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਇੱਥੇ ਮਾਲ ਰੋਡ ‘ਤੇ ਸਥਿਤ ਪੰਜਾਬ ਰਾਜ ਬਿਜਲੀ ਨਿਗਮ ਦੇ ਦਫ਼ਤਰ ਮੂਹਰੇ ਧਰਨੇ ‘ਤੇ ਬੈਠੇ ਅਪ੍ਰੈਟਿੰਸ ਲਾਇਨਮੈਨ ਯੂਨੀਅਨ ਦੇ ਧਰਨਾਕਾਰੀਆਂ ਨੂੰ ਮਿਲਕੇ ਧਰਨਾ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਦੇ ਹਰ ਵਰਗ ਦੀਆਂ ਸਮੱਸਿਆਵਾਂ ਦਾ ਨਿਵਾਰਨ ਕਰਨ ਲਈ ਵਚਨਬੱਧ ਹੈ।
ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਪੱਕੇ ਮੌਕੇ ਪ੍ਰਦਾਨ ਕਰਨ ਲਈ ਪਹਿਲੇ ਦਿਨ ਤੋਂ ਹੀ ਕੰਮ ਕਰ ਰਹੀ ਹੈ ਉਥੇ ਹੀ ਪੰਜਾਬ ਸਰਕਾਰ, ਪਿਛਲੀਆਂ ਸਰਕਾਰਾਂ ਦੇ ਸਤਾਏ 36 ਹਜ਼ਾਰ ਦੇ ਕਰੀਬ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਮਸਲਾ ਵੀ ਹੱਲ ਕਰਨ ਦੇ ਨੇੜੇ ਹੈ।
ਇਸ ਮੌਕੇ ਯੂਨੀਅਨ ਆਗੂਆਂ ਨੇ ਵਿਧਾਇਕ ਪਠਾਣਮਾਜਰਾ ਨੂੰ ਮੰਗ ਪੱਤਰ ਸੌਂਪਿਆ, ਜਿਸ ‘ਤੇ ਐਮ.ਐਲ.ਏ. ਨੇ ਕਿਹਾ ਕਿ ਉਹ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣਗੇ ਅਤੇ ਉਨ੍ਹਾਂ ਦੇ ਸਨਮੁੱਖ ਅਪ੍ਰੈਟਿੰਸ ਲਾਇਨਮੈਨ ਯੂਨੀਅਨ ਦਾ ਮਸਲਾ ਰੱਖਣਗੇ ਅਤੇ ਉਨ੍ਹਾਂ ਨੂੰ ਪੂਰਨ ਉਮੀਦ ਵੀ ਹੈ ਕਿ ਮੁੱਖ ਮੰਤਰੀ ਧਰਨਾਕਾਰੀਆਂ ਦਾ ਮਸਲਾ ਆਉਂਦੇ ਕੁਝ ਦਿਨਾਂ ‘ਚ ਹੱਲ ਕਰ ਦੇਣਗੇ।
ਵਿਧਾਇਕ ਨੇ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਕੋਈ ਵੀ ਗ਼ਲਤ ਕਦਮ ਨਾ ਚੁੱਕਣ ਅਤੇ ਆਪਣਾ ਧਰਨਾ ਸਮਾਪਤ ਕਰ ਦੇਣ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਦੀ ਵਾਂਗਡੋਰ ਸੰਭਾਲੀ ਹੈ ਅਤੇ ਪਿਛਲੀਆਂ ਸਰਕਾਰਾਂ ਦੀਆਂ ਗ਼ਲਤੀਆਂ ਕਰਕੇ ਪੰਜਾਬ ਦੇ ਬਹੁਤ ਵੱਡੇ ਮਸਲੇ ਹੱਲ ਕਰਨੇ ਅਜੇ ਬਾਕੀ ਹਨ, ਜਿਸ ਲਈ ਧਰਨਾਕਾਰੀ ਚਿੰਤਾ ਨਾ ਕਰਨ ਅਤੇ ਉਨ੍ਹਾਂ ਸਮੇਤ ਸੂਬੇ ਦੇ ਹਰ ਵਰਗ ਦੇ ਸਾਰੇ ਮਸਲੇ ਲਾਜਮੀ ਹੱਲ ਹੋਣਗੇ।