Skip to content
Advertisement
3 ਰੋਜ਼ਾ ਪਲਸ ਪੋਲੀਓ ਮੁਹਿੰਮ ਦੀ ਸੁਰੂਆਤ 27 ਫ਼ਰਵਰੀ ਤੋਂ ਹੋਵੇਗੀ:ਸਿਵਲ ਸਰਜਨ
ਪਰਦੀਪ ਕਸਬਾ ,ਸੰਗਰੂਰ, 24 ਫ਼ਰਵਰੀ 2022
ਪੋਲੀਓ ਦੀ ਬਿਮਾਰੀ ਤੋਂ ਬਚਾਅ ਲਈ 3 ਰੋਜ਼ਾ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦਾ ਆਗਾਜ਼ 27 ਫਰਵਰੀ ਨੂੰ ਹੋਣ ਜਾ ਰਿਹਾ ਹੈ, ਜਿਸ ਤਹਿਤ ਜ਼ਿਲੇ ’ਚ ਪੰਜ ਸਾਲ ਦੀ ਉਮਰ ਤੱਕ ਦੇ ਤਕਰੀਬਨ 1 ਲੱਖ 18 ਹਜ਼ਾਰ 166 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸਾਡਾ ਦੇਸ਼ ਪੋਲੀਓ ਵਿਰੁੱਧ ਜੰਗ ਪਹਿਲਾਂ ਤੋਂ ਹੀ ਜਿੱਤ ਚੁੱਕਾ ਹੈ। ਦੇਸ਼ ਵਿੱਚ 2010 ਤੋਂ ਬਾਅਦ ਕੋਈ ਵੀ ਪੋਲੀਓ ਦਾ ਕੇਸ ਸਾਹਮਣੇ ਨਹੀਂ ਆਇਆ। ਪਰ ਗਵਾਂਢੀ ਦੇਸ਼ਾਂ ਚ ਪੋਲੀਓ ਦੇ ਕੇਸ ਮਿਲਣ ਕਰਕੇ ਅਹਿਤਿਆਤ ਵਜੋਂ ਦੇਸ਼ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ। ਉਨਾਂ ਕਿਹਾ ਕਿ ਜ਼ਿਲੇ ਵਿੱਚ ਪੰਜ ਸਾਲ ਤੱਕ ਉਮਰ ਦਾ ਕੋਈ ਵੀ ਬੱਚਾ ਪੋਲੀਓ ਬੂੰਦਾਂ ਪੀਣ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।
ਇਸ ਸਬੰਧੀ ਤਿਆਰੀ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਉਨਾਂ ਕਿਹਾ ਕਿ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਸਿਰੇ ਚਾੜਨ ਲਈ ਜ਼ਿਲੇ ਵਿੱਚ 670 ਬੂਥ ਲਗਾਏ ਜਾ ਰਹੇ ਹਨ। ਪਹਿਲੇ ਦਿਨ ਬੱਚਿਆਂ ਨੂੰ ਬੂਥਾਂ ’ਤੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਅਤੇ ਜਿਹੜੇ ਬੱਚੇ ਬੂਥਾਂ ’ਤੇ ਨਹੀਂ ਜਾ ਸਕਣਗੇ ਉਨਾਂ ਨੂੰ ਅਗਲੇ ਦੋ ਦਿਨਾਂ ਵਿੱਚ ਮੋਬਾਈਲ ਟੀਮਾਂ ਵੱਲੋਂ ਘਰ ਘਰ ਜਾ ਕੇ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ । ਸਲੱਮ ਏਰੀਆ ,ਝੁੱਗੀਆਂ ਝੌਂਪੜੀਆਂ, ਭੱਠਿਆਂ, ਉਸਾਰੀ ਅਧੀਨ ਏਰੀਆ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਕਵਰ ਕਰਨ ਲਈ 20 ਸਪੈਸ਼ਲ ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਫਰ ਕਰ ਰਹੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ’ਤੇ 27 ਟਰਾਂਜਿਟਰੀ ਟੀਮਾਂ ਲਗਾਈਆਂ ਗਈਆਂ ਹਨ। ਇਸ ਮੁਹਿੰਮ ਦੀ ਸਫ਼ਲਤਾ ਲਈ 104 ਸੁਪਰਵਾਈਜਰ ਨਿਗਰਾਨੀ ਹਿਤ ਲਗਾਏ ਗਏ ਹਨ। ਉਨਾਂ ਸਮੂਹ ਮਾਪਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਪੰਜ ਸਾਲ ਤੱਕ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਦੋ ਬੂੰਦਾਂ ਪਿਲਾ ਕੇ ਇਸ ਬਿਮਾਰੀ ਤੋਂ ਸੁਰੱਖਿਅਤ ਕਰਨ ਦਾ ਫਰਜ ਨਿਭਾਉਣ।
Advertisement
Advertisement
error: Content is protected !!