27 ਫਰਵਰੀ ਤੋਂ 01 ਮਾਰਚ 2022 ਤੱਕ ਚਲਾਈ ਜਾਵੇਗੀ ਪਲਸ ਪੋਲੀਓ ਮੁਹਿੰਮ: ਐਸ.ਡੀ.ਐਮ
27 ਫਰਵਰੀ ਤੋਂ 01 ਮਾਰਚ 2022 ਤੱਕ ਚਲਾਈ ਜਾਵੇਗੀ ਪਲਸ ਪੋਲੀਓ ਮੁਹਿੰਮ: ਐਸ.ਡੀ.ਐਮ
- 0 ਤੋਂ 5 ਸਾਲ ਦੇ 135511 ਬੱਚਿਆਂ ਨੂੰ ਪਿਆਈਆਂ ਜਾਣਗੀਆਂ ਪੋਲੀਓ ਦੀਆਂ ਬੂੰਦਾਂ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 24 ਫਰਵਰੀ 2022
ਜ਼ਿਲ੍ਹੇ ਅੰਦਰ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ 27 ਫਰਵਰੀ ਤੋਂ 01 ਮਾਰਚ 2022 ਤੱਕ ਪਿਆਈਆਂ ਜਾਣਗੀਆਂ। ਇਸ ਪਲਸ ਪੋਲੀਓ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਬਬੀਤਾ ਕਲੇਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਡੀ.ਐਮ. ਫਾਜ਼ਿਲਕਾ ਸ. ਰਵਿੰਦਰ ਸਿੰਘ ਅਰੋੜਾ ਨੇ ਜ਼ਿਲ੍ਹੇ ਦੇ ਵੱਖ–ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ।
ਐਸ.ਡੀ.ਐਮ. ਸ. ਰਵਿੰਦਰ ਸਿੰਘ ਅਰੋੜਾ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਪਲਸ ਪੋਲਿਓ ਮੁਹਿੰਮ ਸਬੰਧੀ ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ 27 ਫਰਵਰੀ ਤੋਂ 01 ਮਾਰਚ 2022 ਤੱਕ ਚਲਾਈ ਜਾ ਰਹੀ ਪਲਸ ਪੋਲਿਓ ਮੁਹਿੰਮ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੱਚਿਆ ਨੂੰ ਪੋਲਿਓ ਬੂਥਾਂ ’ਤੇ ਲਿਆ ਕੇ ਪੋਲਿਓ ਰੋਕੂ ਵੈਕਸੀਨ ਪਿਲਾ ਕੇ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਜਾਵੇ ਤਾਂ ਜ਼ੋ ਇਸ ਅਭਿਆਨ ਦੌਰਾਨ ਕੋਈ ਵੀ ਬੱਚਾ ਵਾਂਝਾ ਨਾ ਰਹਿ ਜਾਵੇ।
ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ 135511 ਬੱਚਿਆ ਨੂੰ ਪੋਲਿਓ ਰੋਕੂ ਵੈਕਸੀਨ ਪਿਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜਿਲਕਾ ਅੰਦਰ ਪਲਸ ਪੋਲਿਓੁ ਵੈਕਸੀਨ ਲਈ 32 ਟਰਾਂਜਿਟ ਅਤੇ 25 ਮੋਬਾਈਲ ਟੀਮਾਂ ਹੋਣਗੀਆਂ। ਉਨ੍ਹਾਂ ਕਿਹਾ ਕਿ 27 ਫਰਵਰੀ ਨੂੰ ਪੋਲੀਓ ਬੂਥ ਤੇ ਜਾ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਈਆਂ ਜਾ ਸਕਦੀਆਂ ਹਨ ਅਤੇ 28 ਮਾਰਚ ਤੇ 1 ਮਾਰਚ ਨੂੰ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਈਆਂ ਜਾਣਗੀਆਂ। ਇਸ ਮੁਹਿੰਮ ਲਈ 127 ਸੁਪਰਵਾਈਜ਼ਰ ਲਗਾਏ ਗਏ ਹਨ ਅਤੇ 1299 ਟੀਮਾਂ ਵੱਲੋਂ 179812 ਘਰਾਂ ਵਿੱਚ ਜਾ ਕੇ ਪੋਲੀਓ ਖੁਰਾਕ ਪਿਲਾਈ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਇਹ ਪੋਲੀਓ ਦੀਆਂ ਬੂੰਦਾਂ ਜ਼ਰੂਰ ਪਿਆਉਣ। ਇਸ ਮੌਕੇ ਡੀ.ਡੀ.ਪੀ.ਓ. ਹਰਮੇਲ ਸਿੰਘ, ਡਾ. ਰੁਪਾਲੀ ਮਹਾਜਨ, ਡਾ.ਕਵਿਤਾ, ਡਾ. ਸਾਵ ਰਾਮ, ਵਿਜੈ ਪਾਲ ਨੋਡਲ ਅਫ਼ਸਰ ਸਿੱਖਿਆ ਵਿਭਾਗ ਤੋਂ ਇਲਾਵਾ ਵੱਖ–ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।