PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਇਤਿਹਾਸਿਕ ਪੈੜਾਂ ਸੱਜਰੀ ਖ਼ਬਰ ਗਿਆਨ-ਵਿਗਿਆਨ

23 ਵਰ੍ਹਿਆਂ ਦੀ ਉਮਰ ‘ਚ ਦੇਸ਼ ਤੋਂ ਕੁਰਬਾਨ ਹੋਣ ਵਾਲਾ ਭਗਤ ਸਿੰਘ

Advertisement
Spread Information

23 ਵਰ੍ਹਿਆਂ ਦਾ ਦੇਸ਼ ਤੋਂ ਕੁਰਬਾਨ ਹੋਣ ਵਾਲਾ ਭਗਤ ਸਿੰਘ

ਬੰਦੂਕ ਅਤੇ ਕਿਤਾਬ ਦਾ ਸੁਮੇਲ ਭਗਤ ਸਿੰਘ


ਪਰਦੀਪ ਕਸਬਾ ,ਬਰਨਾਲਾ  , 28 ਸਤੰਬਰ   2021

28 ਸਤੰਬਰ 1907 ਨੂੰ ਬੰਗੇ ਚੱਕ 105 ਜ਼ਿਲ੍ਹਾ ਲਾਇਲਪੁਰ ਵਿੱਚ ਜਨਮ ਲੈਣ ਵਾਲਾ ਨੌਜਵਾਨ ਭਗਤ ਸਿੰਘ ਦੁਨੀਆਂ ਦੀਆਂ ਸਰਹੱਦਾਂ ਦਾ ਮੁਹਤਾਜ ਨਹੀਂ ਰਿਹਾ । ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਵਿਚ ਉਸ ਦਾ ਨਾਮ ਦੇਸ਼ ਦੀ ਆਜ਼ਾਦੀ ਦੇ ਨਾਮ ਵਾਂਗ ਚਮਕ ਰਿਹਾ ਹੈ ।

ਸ਼ਹੀਦ ਭਗਤ ਸਿੰਘ ਨੂੰ ਅਕਸਰ ਹੀ ਸਾਡੀ ਨੌਜਵਾਨ ਪੀੜ੍ਹੀ ਬੰਬ ਬੰਦੂਕਾਂ ਵਾਲਾ ਹੀ ਨੌਜਵਾਨ ਸਮਝ ਰਹੀ ਹੈ । ਜ਼ਿਆਦਾਤਰ ਨੌਜਵਾਨ ਹੱਥ ਵਿਚ ਪਿਸਤੌਲ ਵਾਲੇ ਭਗਤ ਸਿੰਘ ਨੂੰ ਹੀ ਆਪਣਾ ਆਦਰਸ਼ ਮੰਨ ਰਹੇ ਹਨ । ਇਸ ਤੋਂ ਇਲਾਵਾ ਬਹੁਤ ਸਾਰੇ ਨੌਜਵਾਨ ਭਗਤ ਸਿੰਘ ਨੂੰ ਟੋਪੀ ਵਾਲਾ ਜਾਂ ਪੱਗ ਵਾਲਾ ਮੰਨ ਕੇ ਹੀ ਉਸ ਦੇ ਰਾਹ ‘ਤੇ ਚੱਲਣ ਦਾ ਭਰਮ ਪਾਲ ਰਹੇ ਹਨ। ਜਦ ਕਿ ਭਗਤ ਸਿੰਘ ਦੀ ਹੋਂਦ ਇਸ ਕਰਕੇ ਹੈ ਕਿ ਉਸ ਨੇ ਬੰਬ ਬੰਦੂਕਾਂ ਦੇ ਨਾਲ ਨਾਲ ਅਧਿਐਨ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ । ਇਸੇ ਲਈ ਅਜੋਕੇ ਦੌਰ ਵਿੱਚ ਭਗਤ ਸਿੰਘ ਦੇ ਦਾਰਸ਼ਨਿਕ ਚਿਹਰੇ ਨੂੰ ਅੱਗੇ ਲੈ ਕੇ ਆਉਣਾ ਅਹਿਮ ਬਣਦਾ ਜਾ ਰਿਹਾ ਹੈ ।

ਭਗਤ ਸਿੰਘ ਨੂੰ ਆਪਣੇ ਘਰ ਤੋਂ ਹੀ ਕ੍ਰਾਂਤੀਕਾਰੀ ਬਣਨ ਦੀ ਗੁੜ੍ਹਤੀ ਪ੍ਰਾਪਤ ਹੋਈ। ਦਾਦਾ ਅਰਜਨ ਸਿੰਘ ਸਮਾਜ ਸੇਵੀ ਅਤੇ ਅਗਾਂਹਵਧੂ ਵਿਚਾਰਾਂ ਦੇ ਇਨਸਾਨ ਸਨ , ਜਿਨ੍ਹਾਂ ਦੀ ਉਂਗਲ ਫੜ ਕੇ ਭਗਤ ਸਿੰਘ ਨੇ ਸਮਾਜ ਵਿੱਚ ਫੈਲੀ ਆ ਬਰਾਬਰਤਾ ਖ਼ਿਲਾਫ਼ ਆਪਣਾ ਪਹਿਲਾ ਕਦਮ ਪੁੱਟਿਆ । ਦਾਦਾ ਅਰਜਨ ਸਿੰਘ ਨੇ ਪਿੰਡ ਅਤੇ ਇਲਾਕੇ ਵਿੱਚ ਹੁੰਦੇ ਜ਼ੁਲਮਾਂ , ਦਬਾਅ ਅਤੇ ਲੁੱਟ ਦੇ ਖ਼ਿਲਾਫ਼ ਲੜਨ ਲਈ ਆਪਣੇ ਪੁੱਤਰਾਂ ਅਤੇ ਉਸ ਤੋਂ ਅਗਲੀ ਪੀੜ੍ਹੀ ਨੂੰ ਇਸ ਦੇ ਰਾਹ ਪਾਇਆ।

ਭਗਤ ਸਿੰਘ ਨੂੰ ਸ਼ਹੀਦ ਏ ਆਜ਼ਮ ਸ਼ਹੀਦ ਭਗਤ ਸਿੰਘ ਬਣਨ ਲਈ ਉਸ ਦੇ ਪਰਿਵਾਰਕ ਅਤੇ ਸਮੇਂ ਦੀਆਂ ਪਦਾਰਥਕ ਹਾਲਤਾਂ ਨੇ ਅਹਿਮ ਰੋਲ ਅਦਾ ਕੀਤਾ । ਭਗਤ ਸਿੰਘ ਜਦੋਂ ਆਪਣੇ ਪਿਤਾ ਕਿਸ਼ਨ ਸਿੰਘ ਨਾਲ ਜਦ ਕਦੇ ਜਲਸੇ ਵਿੱਚ ਜਾਂਦਾ ਤਾਂ ਮੌਕਾ ਮਿਲਣ ‘ਤੇ ਤਕਰੀਰ ਵੀ ਕਰਦਾ । 10- 12 ਸਾਲ ਦੀ ਉਮਰ ਵਿੱਚ ਹੀ ਭਗਤ ਸਿੰਘ ਨੇ ਜੱਲ੍ਹਿਆਂਵਾਲਾ ਬਾਗ਼ ਅੰਮ੍ਰਿਤਸਰ ਦੀ ਘਟਨਾ ਨੂੰ ਅੱਖੀਂ ਦੇਖਿਆ , ਘਟਨਾ ਦੇ ਅਗਲੇ ਹੀ ਦਿਨ ਭਗਤ ਸਿੰਘ ਜਲ੍ਹਿਆਂਵਾਲੇ ਬਾਗ ਵਿਚੋਂ ਖੂਨ ਨਾਲ ਲੱਥਪੱਥ ਮਿੱਟੀ ਨੂੰ ਆਪਣੇ ਨਾਲ ਘਰ ਲੈ ਆਇਆ । ਇਸ ਘਟਨਾ ਨੇ ਛੋਟੀ ਉਮਰ ਦੇ ਭਗਤ ਸਿੰਘ ਦੇ ਮਨ ‘ਚ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢਣ ਲਈ ਦ੍ਰਿੜ੍ਹਤਾ ਵੀ ਪੈਦਾ ਕੀਤੀ । ਜਲ੍ਹਿਆਂਵਾਲੇ ਬਾਗ ਵਿਚ ਵਿੱਚੋਂ ਲਿਆਂਦੀ ਗਈ ਮਿੱਟੀ ਭਗਤ ਸਿੰਘ ਨੇ ਆਪਣੀ ਅਲਮਾਰੀ ਵਿਚ ਕਾਫੀ ਲੰਮਾ ਸਮਾਂ ਸੰਭਾਲ ਕੇ ਰੱਖੀ ।

1921 ਵਿਚ ਗੁਰਦੁਆਰਾ ਨਨਕਾਣਾ ਸਾਹਿਬ ਦੇ ਮਹੰਤ ਖ਼ਿਲਾਫ਼ ਚੱਲੇ ਅੰਦੋਲਨ ਵਿਚ ਅੰਗਰੇਜ਼ ਸਰਕਾਰ ਦੇ ਸਰਪ੍ਰਸਤ ਮਹੰਤ ਨਰੈਣ ਦਾਸ ਨੇ ਜਥੇਦਾਰ ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਅੱਗ ਲਾ ਦਿੱਤੀ ਅਤੇ ਕਈ ਸਿੱਖਾਂ ਨੂੰ ਜਿਊਂਦੇ ਭੱਠੀਆਂ ਵਿਚ ਪਾ ਕੇ ਸਾੜ ਦਿੱਤਾ । ਮਹੰਤ ਖ਼ਿਲਾਫ਼ ਚੱਲੇ ਸੰਘਰਸ਼ ਦੌਰਾਨ ਜਿਥੇ ਪੰਜਾਬ ਵਿਚ ਸੈਂਕੜੇ ਜਥੇ ਰਵਾਨਾ ਹੋਏ ਉੱਥੇ ਹੀ ਪੰਜਾਬੀਆਂ ਨੇ ਕਾਲੀਆਂ ਪੱਗਾਂ ਬੰਨ੍ਹ ਕੇ ਰੋਸ ਜ਼ਾਹਰ ਕੀਤਾ । ਭਗਤ ਸਿੰਘ ਵਿੱਚ ਇਸ ਅੰਦੋਲਨ ਵਿੱਚ ਪਿੱਛੇ ਨਹੀਂ ਰਿਹਾ ਜਿੱਥੇ ਉਸ ਨੇ ਕਾਲੀ ਪੱਗ ਬੰਨ੍ਹ ਕੇ ਰੋਹ ਜ਼ਾਹਰ ਰੋਸ ਜ਼ਾਹਰ ਕੀਤਾ ਉੱਥੇ ਹੀ ਨਨਕਾਣਾ ਸਾਹਿਬ ਜਾ ਕੇ ਸਾਕੇ ਦਾ ਸਾਰਾ ਹਾਲ ਦੇਖਿਆ ਅਤੇ ਘਰ ਵਾਪਸੀ ਸਮੇਂ ਸ਼ਹੀਦਾਂ ਦਾ ਕੈਲੰਡਰ ਵੀ ਨਾਲ ਲੈ ਕੇ ਆਇਆ ।

1922 ਵਿੱਚ ਭਗਤ ਸਿੰਘ ਨੇ ਲਾਹੌਰ ਦੇ ਨੈਸ਼ਨਲ ਕਾਲਜ ਵਿਚ ਖਾਸ ਇਮਤਿਹਾਨ ਪਾਸ ਕਰਨ ਉਪਰੰਤ ਦਾਖਲਾ ਲਿਆ । ਜਿੱਥੇ ਉਨ੍ਹਾਂ ਦੀ ਮੁਲਾਕਾਤ ਭਗਵਤੀ ਚਰਨ ਵੋਹਰਾ ਸ਼ਹੀਦ ਸੁਖਦੇਵ ਅਤੇ ਹੋਰ ਸਾਥੀਆਂ ਨਾਲ ਹੋਈ। ਭਗਤ ਸਿੰਘ ਨੇ ਇਸ ਸਮੇਂ ਦੌਰਾਨ ਕਿਤਾਬਾਂ ਤੇ ਵਿਚਾਰ ਅਤੇ ਬਹਿਸ ਵਟਾਂਦਰਾ ਵੀ ਕੀਤਾ। ਭਗਤ ਸਿੰਘ ਕਾਲਜ ਤਕ ਰੁਕਣ ਵਾਲਾ ਨਹੀਂ ਸੀ, ਉਸ ਦੇ ਮਨ ਅੰਦਰ ਅੰਗਰੇਜ਼ੀ ਸਾਮਰਾਜ ਦੇ ਖ਼ਿਲਾਫ਼ ਜੱਦੋਜਹਿਦ ਹੋਰ ਵੀ ਤੇਜ਼ ਹੋ ਰਹੀ ਸੀ। ਨੈਸ਼ਨਲ ਕਾਲਜ ਦੇ ਇੱਕ ਅਧਿਆਪਕ ਜੈ ਚੰਦ ਵਿੱਦਿਆਲੰਕਰ ਨੇ ਭਗਤ ਸਿੰਘ ਦਾ ਮਿਲਾਪ ਕਾਨਪੁਰ ਦੇ ਇਨਕਲਾਬੀਆਂ ਨਾਲ ਕਰਵਾ ਦਿੱਤਾ ਜਿੱਥੇ ਭਗਤ ਸਿੰਘ ਦੀ ਮੁਲਾਕਾਤ ਬੀ ਕੇ ਦੱਤ, ਸ਼ਿਵ ਵਰਮਾ, ਜੈਦੇਵ ਕਪੂਰ ਨਾਲ ਹੋਈ । ਇਸ ਦੇ ਨਾਲ ਹੀ ਭਗਤ ਸਿੰਘ ਕਾਕੋਰੀ ਦੇ ਦੇਸ਼ ਭਗਤਾਂ, ਸ਼ਹੀਦ ਬਿਸਮਿਲ ਅਤੇ ਚੰਦਰਸ਼ੇਖਰ ਆਜ਼ਾਦ ਨਾਲ ਜੁੜ ਗਏ ।

ਮਾਰਚ 1924 ਵਿਚ ਜੈਤੋ ਦਾ ਮੋਰਚਾ ਲੱਗ ਚੁੱਕਾ ਸੀ ਪੰਜਾਬ ਵਿੱਚ ਲਗਾਤਾਰ ਸ਼ਹੀਦੀ ਜਥੇ ਜਾ ਰਹੇ ਸਨ। ਬਰਤਾਨਵੀ ਸਰਕਾਰ ਵੱਲੋਂ ਜਥੇ ਨਾਲ ਕਿਸੇ ਵੀ ਤਰ੍ਹਾਂ ਦਾ ਸਬੰਧ ਕਾਇਮ ਕਰਨ ਵਾਲੇ ਵਿਅਕਤੀਆਂ ‘ਤੇ ਕਾਰਵਾਈ ਅਤੇ ਸਖ਼ਤ ਸਜ਼ਾਵਾਂ ਦਾ ਐਲਾਨ ਕਰ ਦਿੱਤਾ ਗਿਆ। ਭਗਤ ਸਿੰਘ ਨੇ ਸਰਕਾਰ ਦੇ ਐਲਾਨ ਨੂੰ ਚੈਲੰਜ ਸਵੀਕਾਰ ਕਰਦਿਆਂ ਆਪਣੇ ਪਿੰਡ ਬੰਗੇ ‘ਚ ਤੇਰ੍ਹਵੇਂ ਜਥੇ ਨੂੰ ਲਿਆਏ। ਪੁਲਸ ਦੀ ਨਾਕਾਬੰਦੀ ਹੁੰਦੇ ਹੋਏ ਲੰਗਰ ਛਕਾਇਆ। ਜਥੇ ਦਾ ਹੌਸਲਾ ਵਧਾਇਆ। ਇਸ ਦਲੇਰੀ ਵਾਲੇ ਕੰਮ ਕਰਕੇ ਭਗਤ ਸਿੰਘ ਦੇ ਪੁਲਸ ਨੇ ਵਾਰੰਟ ਜਾਰੀ ਕਰ ਦਿੱਤੇ । ਪਿਤਾ ਕਿਸ਼ਨ ਸਿੰਘ ਨੇ ਭਗਤ ਸਿੰਘ ਨੂੰ ਕਾਨਪੁਰ ਭੇਜ ਦਿੱਤਾ ਤਾਂ ਜੋ ਛੇ ਮਹੀਨੇ ਦੀ ਮਿਆਦ ਪੁੱਗ ਜਾਵੇ । ਇਹ ਸਮਾਂ ਭਗਤ ਸਿੰਘ ਦੇ ਕ੍ਰਾਂਤੀਕਾਰੀ ਜੀਵਨ ਵਿਚ ਬਹੁਤ ਹੀ ਅਹਿਮ ਰਿਹਾ ।

9 ਅਗਸਤ 1925 ਨੂੰ ਕਾਕੋਰੀ ਕਾਂਡ ਵਾਪਰਿਆ, ਸ਼ਹੀਦ ਚੰਦਰਸ਼ੇਖਰ ਅਤੇ ਸ਼ਹੀਦ ਬਿਸਮਿਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਰਕਾਰੀ ਖ਼ਜ਼ਾਨਾ ਖੋਇਆ। ਇਸੇ ਦੌਰਾਨ ਸ਼ਹੀਦ ਬਿਸਮਿਲ ਸਮੇਤ ਕਈ ਸਾਥੀ ਗ੍ਰਿਫਤਾਰ ਹੋ ਗਏ । ਚੰਦਰਸ਼ੇਖਰ ਆਜ਼ਾਦ ਰੂਹ ਪੋਸ਼ ਹੋ ਗਏ। ਬਿਸਮਿਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਬਣਾਈ ਗਈ ਪਾਰਟੀ ਹਿੰਦੁਸਤਾਨ ਰਿਪਬਲਿਕਨ ਆਰਮੀ ਦੀ ਮੁੜ ਉਸਾਰੀ ਦਾ ਕੰਮ ਭਗਤ ਸਿੰਘ ਅਤੇ ਉਸਦੇ ਸਾਥੀਆਂ ਜ਼ਿੰਮੇ ਆ ਗਿਆ। ਭਗਤ ਸਿੰਘ ਰੂਸੀ ਕ੍ਰਾਂਤੀ ਤੋਂ ਬਹੁਤ ਪ੍ਰਭਾਵਿਤ ਸਨ , ਇਸੇ ਕਰਕੇ ਭਗਤ ਸਿੰਘ ਨੇ ਸਭ ਤੋਂ ਪਹਿਲਾਂ ਪਾਰਟੀ ਦਾ ਨਾਮ ਹਿੰਦੋਸਤਾਨ ਰਿਪਬਲਿਕਨ ਆਰਮੀ ਦੇ ਨਾਮ ਨਾਲ ਸਮਾਜਵਾਦ ਸ਼ਬਦ ਜੋਡ਼ ਦਿੱਤਾ । ਪਾਰਟੀ ਦਾ ਨਾਮ ਹਿੰਦੁਸਤਾਨ ਰੀਪਬਲਿਕਨ ਸਮਾਜਵਾਦੀ ਪਾਰਟੀ ਕਰ ਦਿੱਤਾ ਗਿਆ ।

ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਨਵੰਬਰ ਉਨੀ ਸੌ ਅਠਾਈ ਦੀ ਦੀਵਾਲੀ ਨੂੰ ਚਾਂਦ ਫਾਂਸੀ ਅੰਕ ਛਾਪਿਆ ਜੋ ਇਤਿਹਾਸਕ ਦਸਤਾਵੇਜ਼ ਬਣ ਗਿਆ ਜਿਸ ਵਿੱਚ ਕਾਕੋਰੀ ਦੀ ਸ਼ਹੀਦ , ਰਾਜਿੰਦਰ ਨਾਥ ਲਹਿਰੀ, ਰੋਸ਼ਨ ਸਿੰਘ , ਅਸ਼ਫਾਕ ਉੱਲਾ , ਰਾਮ ਪ੍ਰਸਾਦ ਬਿਸਮਿਲ , ਮਦਨ ਲਾਲ ਢੀਂਗਰਾ , ਬਾਲ ਮੁਕੰਦ , ਦਿੱਲੀ ਬੰਬ ਕਾਂਡ ਦੇ ਸ਼ਹੀਦ ਅਮੀਰ ਚੰਦਰ , ਅਵਧ ਬਿਹਾਰੀ, ਬਾਲ ਮੁਕੰਦ ਅਤੇ ਬਸੰਤ ਕੁਮਾਰ ਵਿਸਵਾਸ ਜੀਵਨੀਆਂ ਨੂੰ ਛਾਪਿਆ ਗਿਆ । ਇਸ ਤੋਂ ਇਲਾਵਾ ਇਸ ਅੰਕ ਵਿਚ ਬਰਤਾਨਵੀ ਸਰਕਾਰ ਵੱਲੋਂ ਕ੍ਰਾਂਤੀਕਾਰੀਆਂ ਨਾਲ ਕੀਤੇ ਜਾਂਦੇ ਗ਼ੈਰ ਮਨੁੱਖੀ ਵਤੀਰੇ ਦਾ ਖੁੱਲ੍ਹ ਕੇ ਜ਼ਿਕਰ ਕੀਤਾ ਗਿਆ । ਚਾਂਦ ਅੰਕ ‘ਤੇ 1928 ਵਿੱਚ ਹੀ ਯੂ ਪੀ ਸਰਕਾਰ ਨੇ ਰੋਕ ਲਾ ਦਿੱਤੀ ਸੀ ਅਤੇ ਇਸ ਨੂੰ ਥਾਂ ਥਾਂ ‘ਤੇ ਜ਼ਬਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ । ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਛਾਪੀ ਗਏ ਇਹ ਅੰਕ ਉਸ ਦੇ ਦਾਰਸ਼ਨਿਕ ਹੋਣ ਦਾ ਵੱਡਾ ਸਬੂਤ ਹੈ ।

ਭਗਤ ਸਿੰਘ ਭਾਵੇਂ ਜ਼ਿੰਦਗੀ ਦੇ ਤੇਈ ਵਰ੍ਹੇ ਪੂਰੇ ਹੀ ਕਰ ਸਕਿਆ, ਜਿਨ੍ਹਾਂ ਵਿੱਚ ਵੀ ਦੋ ਸਾਲ ਜੇਲ੍ਹ ਦੇ ਅੰਦਰ ਬਿਤਾਏ । ਭਗਤ ਸਿੰਘ ਨੇ ਨੌਜਵਾਨਾਂ ਨੂੰ ਸੰਬੋਧਤ ਹੁੰਦੇ ਹੋਏ ਬਹੁਤ ਸਾਰੇ ਲੇਖ ਵੀ ਲਿਖੇ ,ਜਿਨ੍ਹਾਂ ਵਿਚੋਂ ਇੱਕ ਲੇਖ ਵਿਦਿਆਰਥੀ ਅਤੇ ਪਲੇਟਲੈਕਸ ਹੈ , ਜਿਸ ਵਿੱਚ ਭਗਤ ਸਿੰਘ ਨੇ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਪਹਿਲਕਦਮੀ ਕਰਦੇ ਹੋਏ ਬਰਤਾਨਵੀ ਸਰਕਾਰ ਖ਼ਿਲਾਫ਼ ਚੱਲੇ ਯੁੱਧ ਵਿਚ ਭਾਗ ਲੈਣਾ ਚਾਹੀਦਾ ਹੈ ਅਤੇ ਉਨ੍ਹਾਂ ਕਿਹਾ ਕਿ ਅਜਿਹੇ ਨੌਜੁਆਨ ਦੀ ਲੋੜ ਹੈ ਜਿਹੜੇ ਸੇਵਾ ਕਰਨ, ਕਸ਼ਟ ਝੱਲਣ ਅਤੇ ਕੁਰਬਾਨੀ ਦੇ ਅਸੂਲਾਂ ਤੇ ਚੱਲ ਸਕਦੇ ਹੋਣ ।

1928 ਵਿੱਚ ਸਾਈਮਨ ਕਮਿਸ਼ਨ ਦੇ ਵਿਰੋਧ ਕਰਦਿਆਂ ਲਾਲਾ ਲਾਜਪਤ ਰਾਏ ਗੰਭੀਰ ਜ਼ਖ਼ਮੀ ਹੋ ਗਏ , ਆਖਰ ਨਵੰਬਰ 1928 ਨੂੰ ਲਾਲਾ ਜੀ ਦੀ ਮੌਤ ਹੋ ਗਈ। ਜਿਸ ਨਾਲ ਦੇਸ਼ ਵਿਚ ਨਿਰਾਸ਼ਾ ਅਤੇ ਬੇਵਸੀ ਦੀ ਲਹਿਰ ਦੌੜ ਗਈ । ਇਸ ਖੜੋਤ ਨੂੰ ਤੋੜਨ ਅਤੇ ਲੋਕਾਂ ਦੇ ਮਨਾਂ ਚੋਂ ਅੰਗਰੇਜ਼ੀ ਹਕੂਮਤ ਦਾ ਡਰ ਕੱਢਣ ਲਈ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਸਾਂਡਰਸ ਦਾ ਕਤਲ ਕਰਨਾ ਪਿਆ।

ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਟੀਪਿਊਟ ਬਿਲ ਵਰਗੇ ਕਾਲੇ ਕਾਨੂੰਨ ਜੋ ਹਿੰਦੁਸਤਾਨ ਦੇ ਹਰ ਜਮਹੂਰੀ ਹੱਕਾਂ ਨੂੰ ਕੁਚਲਣ ਲਈ ਬਣਾਏ ਗਏ, ਜਿਸ ਦੇ ਵਿਰੋਧ 8 ਅਪ੍ਰੈਲ 1929 ਨੂੰ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਨੇ ਦਿੱਲੀ ਦੀ ਅਸੈਂਬਲੀ ਵਿੱਚ ਬੰਬ ਸੁੱਟਿਆ । ਅਦਾਲਤ ਦੀ ਕਾਰਵਾਈ ਦੌਰਾਨ ਬਿਲਾਂ ਦੇ ਖਿਲਾਫ ਜ਼ਬਰਦਸਤ ਆਵਾਜ਼ ਬੁਲੰਦ ਕੀਤੀ ਗਈ। ਇਸੇ ਦੌਰਾਨ ਜੇਲ੍ਹ ਵਿਚ ਹਿੰਦੋਸਤਾਨੀਆਂ ਕੈਦੀਆਂ ਨਾਲ ਗੈਰ ਮਨੁੱਖੀ ਵਤੀਰੇ ਖ਼ਿਲਾਫ਼ ਲੰਬੀ ਹਡ਼ਤਾਲ ਭੁੱਖ ਹੜਤਾਲ ਕੀਤੀ ਗਈ। ਇਹ ਭੁੱਖ ਹਡ਼ਤਾਲ ਜੂਨ 1929 ਤੋਂ ਇਹ ਭੁੱਖ ਹੜਤਾਲ ਚੱਲੀ । 13 ਸਤੰਬਰ 1929 ਨੂੰ ਭੁੱਖ ਹੜਤਾਲ ਦੌਰਾਨ ਜਤਿੰਦਰਨਾਥ ਦਾਸ ਸ਼ਹੀਦ ਹੋ ਗਏ । ਕੁਝ ਮੰਗਾਂ ਮੰਨ ਲਈਆਂ ਗਈਆਂ ਜਿਸ ਵਿੱਚ ਕਿਤਾਬਾਂ ਪਡ਼੍ਹਨ, ਨੋਟਸ ਬਣਾਉਣ ਅਤੇ ਲਿਖਣ ਦਾ ਵੀ ਰਾਜਸੀ ਕੈਦੀਆਂ ਨੂੰ ਹੱਕ ਪ੍ਰਾਪਤ ਹੋਇਆ। ਆਖਿਰ 7 ਅਕਤੂਬਰ 1930 ਨੂੰ ਮੁਕੱਦਮੇ ‘ਤੇ ਆਖ਼ਰੀ ਫ਼ੈਸਲਾ ਸੁਣਾਇਆ ਗਿਆ । ਤਿੰਨ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ , ਛੇ ਮਹੀਨੇ ਕਾਲਕੋਠੜੀ ਬੈਠ ਕੇ ਭਗਤ ਸਿੰਘ ਨੇ ਖੂਬ ਅਧਿਐਨ ਕੀਤਾ । ਭਗਤ ਸਿੰਘ ਨੇ ਬਹੁਤ ਸਾਰੇ ਵਿਸ਼ਿਆਂ ਤੇ ਵੱਡੇ ਲੇਖ ਲਿਖੇ ਜਿਨ੍ਹਾਂ ਵਿਚ ਮਨੁੱਖ ਦੀ ਆਜ਼ਾਦੀ , ਧਰਮ , ਸਮਾਜਵਾਦ, ਜਾਤ ਪਾਤ , ਨਾਸਤਿਕ ,ਆਸਤਿਕ , ਹਿੰਸਾ – ਅਹਿੰਸਾ ਆਦਿ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ । ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ ‘ਤੇ ਉਸ ਦੇ ਚਾਚਾ ਅਜੀਤ ਸਿੰਘ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਅਹਿਮ ਪ੍ਰਭਾਵ ਰਿਹਾ। ਭਗਤ ਸਿੰਘ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਦੇ ਮੰਨਦਾ ਸੀ । 23 ਮਾਰਚ 1931 ਦੇ ਆਖ਼ਰੀ ਦਿਨ ਭਗਤ ਸਿੰਘ ਲੈਨਿਨ ਦੀ ਕਿਤਾਬ ਜੀਵਨੀ ਪੜ੍ਹ ਰਹੇ ਸਨ । ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਭਗਤ ਸਿੰਘ ਬੰਬ ਬੰਦੂਕਾਂ ਨਾਲੋਂ ਕਿਤਾਬ ਦੀ ਤਾਕਤ ਨੂੰ ਅਹਿਮ ਮੰਨਦਾ ਸੀ ।

ਪ੍ਰਦੀਪ ਸਿੰਘ ਕਸਬਾ, ਫੋਨ ਨੰਬਰ 98147-52097 


Spread Information
Advertisement
Advertisement
error: Content is protected !!