12 ਮਾਰਚ ਨੂੰ ਹੋਵੇਗੀ ਕੌਮੀ ਲੋਕ ਅਦਾਲਤ: ਜਿਲਾ ਅਤੇ ਸੈਸ਼ਨ ਜੱਜ਼
12 ਮਾਰਚ ਨੂੰ ਹੋਵੇਗੀ ਕੌਮੀ ਲੋਕ ਅਦਾਲਤ: ਜਿਲਾ ਅਤੇ ਸੈਸ਼ਨ ਜੱਜ਼
ਪਰਦੀਪ ਕਸਬਾ,ਸੰਗਰੂਰ, 9 ਫ਼ਰਵਰੀ:2022
ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਤੀ 12 ਮਾਰਚ 2022 ਨੂੰ ਕੌਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਜਿਲਾ ਅਤੇ ਸੈਸ਼ਨ ਜੱਜ਼ -ਕਮ- ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਸ਼੍ਰੀ ਹਰਪਾਲ ਸਿੰਘ ਨੇ ਕਿਹਾ ਕਿ ਲੋਕ ਅਦਾਲਤ ਦੇਸ਼ ਦੀ ਹਰ ਤਹਿਸੀਲ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲਗਾਈ ਜਾ ਰਹੀ ਹੈ। ਕੌਮੀ ਲੋਕ ਅਦਾਲਤ ਵਿੱਚ ਦੋ ਧਿਰਾਂ ਦਾ ਆਪਸੀ ਰਜਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਕੌਮੀ ਲੋਕ ਅਦਾਲਤ ਵਿੱਚ 138 ਐਨ.ਆਈ.ਐਕਟ, ਬੈਂਕ ਰਿਕਵਰੀ ਕੇਸ, ਲੇਬਰ ਕੇਸ, ਜੰਗਲਾਤ ਵਿਭਾਗ ਦੇ ਕੇਸ, ਬਿਜਲੀ, ਪਾਣੀ, ਸੀਵਰੇਜ, ਵਾਟਰ ਸਪਲਾਈ, ਹਾਉਸ ਟੈਕਸ ਆਦਿ ਸਾਰੇ ਤਰਾਂ ਦੇ ਕੇਸਾਂ ਦਾ ਵੀ ਨਿਪਟਾਰਾ ਆਪਸੀ ਰਜਾਮੰਦੀ ਨਾਲ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ 12 ਮਾਰਚ 2022 ਨੂੰ ਕੋਮੀ ਲੋਕ ਅਦਾਲਤ, ਸੰਗਰੂਰ ਹੈਡ ਕੁਆਟਰ ਦੀਆਂ ਅਦਾਲਤਾਂ ਅਤੇ ਸਬ-ਡਵੀਜ਼ਨਾਂ ਮਲੇਰਕੋਟਲਾ, ਸੁਨਾਮ, ਧੂਰੀ ਅਤੇ ਮੂਨਕ ਵਿਖੇ ਵੀ ਲਗਾਈਆਂ ਜਾਣਗੀਆਂ।
ਜਿਲਾ ਅਤੇ ਸੈਸ਼ਨ ਜੱਜ਼ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀਮਤੀ ਦਿਪਤੀ ਗੋਇਲ, ਪੀ.ਸੀ.ਐੱਸ., ਸਿਵਲ ਜੱਜ (ਸੀਨੀਅਰ ਡੀਵੀਜ਼ਨ)/ਸੀ.ਜੇ.ਐਮ -ਕਮ- ਸਕੱਤਰ, ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵੱਲੋਂ ਬੈਂਕ ਅਧਿਕਾਰੀਆਂ ਨਾਲ ਕੌਮੀ ਲੋਕ ਅਦਾਲਤ ਸੰਬਧੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਬੈਂਕ ਅਧਿਕਾਰੀਆਂ ਨੂੰ ਕੌਮੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸ ਰੱਖਣ ਲਈ ਕਿਹਾ ਗਿਆ ਤਾਂ ਜੋ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਆਪਸੀ ਰਾਜੀਨਾਮੇ ਰਾਹੀਂ ਹੋ ਸਕੇ। ਉਨਾਂ ਦੱਸਿਆ ਕਿ ਜਿਹੜੇ ਮਾਮਲਿਆਂ ਦਾ ਨਿਪਟਾਰਾ ਲੋਕ ਅਦਾਲਤਾਂ ਵਿੱਚ ਹੋ ਜਾਂਦਾ ਹੈ, ਉਨਾਂ ਖਿਲਾਫ ਅੱਗੇ ਅਪੀਲ ਨਹੀ ਪਾਈ ਜਾ ਸਕਦੀ ਅਤੇ ਲੋਕ ਅਦਾਲਤਾਂ ਰਾਹੀਂ ਕੇਸਾਂ ਦਾ ਨਿਪਟਾਰਾ ਛੇਤੀ ਅਤੇ ਦੋਸਤਾਨਾ ਤਰੀਕੇ ਨਾਲ ਹੁੰਦਾ ਹੈ। ਉਨਾਂ ਕਿਹਾ ਕਿ ਲੋਕ ਅਦਾਲਤਾਂ ਵਿੱਚ ਲਏ ਗਏ ਫੈਸਲਿਆਂ ਨੂੰ ਦਿਵਾਨੀ ਕੋਰਟ ਦੀ ਡਿਗਰੀ ਵਾਲੀ ਮਾਨਤਾ ਪ੍ਰਾਪਤ ਹੈ।