ਜ਼ਿਲਾ ਮੈਜਿਸਟਰੇਟ ਵੱਲੋਂ ਫਾਜ਼ਿਲਕਾ ਜ਼ਿਲੇ ਵਿੱਚ ਵੱਖ-ਵੱਖ ਪਾਬੰਦੀਆਂ ਲਾਗੂ
- ਉਲੰਘਣਾ ਕਰਨ ਤੇ ਹੋਵੇਗੀ ਸਖਤ ਕਾਰਵਾਈ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 4 ਦਸੰਬਰ 2021
ਫੋਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਜ਼ਿਲਾ ਮੈਜਿਸਟਰੇਟ ਸ੍ਰੀਮਤੀ ਬਬੀਤਾ ਨੇ ਫਾਜ਼ਿਲਕਾ ਜ਼ਿਲੇ ਦੀ ਹਦੂਦ ਅੰਦਰ ਮਨਾਹੀ ਦੇ ਵੱਖ-ਵੱਖ ਹੁਕਮ ਜਾਰੀ ਕੀਤੇ ਹਨ।ਇਹ ਸਾਰੇ ਹੁਕਮ 31 ਜਨਵਰੀ 2022 ਤੱਕ ਲਾਗੂ ਰਹਿਣਗੇ ਅਤੇ ਹੁਕਮਾਂ ਦੀ ਉਲੰਘਨਾ ਤੇ ਸਖਤ ਕਾਰਵਾਈ ਕੀਤੀ ਜਾਵੇਗੀ।ਇਨਾਂ ਹੁਕਮਾਂ ਤਹਿਤ ਜਨਤਕ ਥਾਵਾਂ ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਨਤਕ ਥਾਵਾਂ ਤੇ ਕਿਸੇ ਵਿਅਕਤੀ ਵੱਲੋਂ ਨਾਅਰੇ ਲਗਾਉਣ ਜਾਂ ਭੜਕਾਊ ਭਾਸ਼ਣ ਦੇਣ ਜਾਂ ਉਤੇਜਿਕ ਸਬਦਾਂ ਦਾ ਇਸਤੇਮਾਲ ਕਰਨ ਤੇ ਪਾਬੰਦੀ ਲੱਗਾ ਦਿੱਤੀ ਹੈ।ਪਰ ਇਹ ਹੁਕਮ ਡਿਊਟੀ ਨਿਭਾਅ ਰਹੇ ਪੁਲਿਸ, ਫੌਜ਼ ਦੇ ਜਵਾਨਾਂ ਅਤੇ ਸਰਕਾਰੀ ਕਰਮਚਾਰੀਆਂ, ਵਿਆਹ, ਮਾਤਮੀ ਜਲੂਸ ਅਤੇ ਜਿਥੇ ਜ਼ਿਲਾ ਮੈਜਿਸਟਰੇਟ ਜਾਂ ਉਪ ਮੰਡਲ ਮੈਜਿਸਟਰੇਟ ਤੋ ਪ੍ਰਵਾਨਗੀ ਲਈ ਹੋਵੇ ਤੇ ਲਾਗੂੂ ਨਹੀਂ ਹੋਣਗੇ।
ਇਸੇ ਤਰਾਂ ਇਕ ਹੋਰ ਹੁਕਮ ਵਿੱਚ ਜ਼ਿਲਾ ਮੈਜਿਸਟਰੇਟ ਸ੍ਰੀਮਤੀ ਬਬੀਤਾ ਨੇ ਫਾਜ਼ਿਲਕਾ ਜ਼ਿਲੇ ਵਿੱਚ ਕੱਢੇ ਜਾਂਦੇ ਲੱਕੀ ਡਰਾਅ, ਸਕੀਮਾਂ, ਪ੍ਰਾਈਵੇਟ ਲਾਟਰੀਆਂ, ਕਮੇਟੀਆਂ ਜਿਸ ਵਿੱਚ ਹਫਤਾ ਵਾਰੀ ਜਾਂ ਮਹੀਨਾਵਾਰ ਪੈਸੇ ਇਕੱਠੇ ਕਰ ਕੇ ਡਰਾਅ ਕੱਢੇ ਜਾਂਦੇ ਹਨ ਜਾਂ ਡਰਾਅ ਰਾਹੀਂ ਪੈਸੇ, ਇਨਾਮੀ ਵਸਤੂ ਦਿੱਤੀ ਜਾਂਦੀ ਹੈ ਜਾਂ ਬੋਲੀ ਕੀਤੀ ਜਾਂਦੀ ਹੈ ਤੇ ਪਾਬੰਦੀ ਲੱਗਾ ਦਿੱਤੀ ਹੈ।
ਇਕ ਹੋਰ ਹੁਕਮ ਵਿੱਚ ਰੈਸਟੋਰੇਟਾਂ/ਹੁੱਕਾ ਬਾਰ ਵਿੱਚ ਗਾਹਕਾਂ ਨੂੰ ਹੁੱਕਾ ਪਰੋਸਨ ਤੇ ਰੋਕ ਲਗਾਈ ਗਈ ਹੈ, ਭਾਵ ਜ਼ਿਲੇ ਵਿੱਚ ਹੁੱਕਾ ਬਾਰ ਤੇ ਪਾਬੰਦੀ ਰਹੇਗੀ।ਇਸੇ ਤਰਾਂ ਇਕ ਹੋਰ ਹੁਕਮ ਰਾਹੀਂ ਜ਼ਿਲੇ ਫਾਜ਼ਿਲਕਾ ਦੀਆਂ ਸਰਕਾਰੀ ਇਮਾਰਤਾਂ ਅਤੇ ਪਾਣੀ ਦੀਆਂ ਟੈਂਕੀਆਂ ਆਦਿ ਦੀ ਸੁਰੱਖਿਆ ਲਈ ਸਬੰਧਤ ਮਹਿਕਮੇ ਦੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਆਉਂਦੇ ਕਰਮਚਾਰੀਆਂ/ ਚੌਕੀਦਾਰ ਦੀ 24 ਘੰਟੇ ਲਈ ਡਿਊਟੀ ਲਗਾਉਣ ਤਾਂ ਜ਼ੋ ਕਿਸੇ ਵੀ ਜਥੇਬੰਦੀ ਨੂੰ ਅਜਿਹੀਆਂ ਟੈਂਕੀਆ ਤੇ ਚੜਣ ਦੀ ਕਾਰਵਾਈ ਨੂੰ ਰੋਕਿਆ ਜਾ ਸਕੇ।
ਜ਼ਿਲਾ ਮੈਜਿਸਟਰੇਟ ਸ੍ਰੀਮਤੀ ਬਬੀਤਾ ਨੇ ਇਕ ਹੋਰ ਹੁਕਮ ਵਿੱਚ ਅੰਤਰਰਾਸ਼ਟਰੀ ਬਾਰਡਰ ਏਰੀਆ ਦੇ ਨਾਲ ਲੱਗਦੇ 4 ਕਿਲੋਮੀਟਰ ਦੇ ਏਰੀਏ ਵਿੱਚ ਪਾਕਿਸਤਾਨੀ ਸਿਮ ਕਾਰਡ ਰੱਖਣ ਅਤੇ ਵਰਤੋਂ ਕਰਨ ਤੇ ਪੂਰਨ ਪਾਬੰਦੀ ਲੱਗਾ ਦਿੱਤੀ ਗਈ ਹੈ।ਇਸੇ ਤਰਾਂ ਜ਼ਿਲਾ ਫਾਜ਼ਿਲਕਾ ਅੰਦਰ 50 ਮਾਈਕਰੋਨ ਤੋਂ ਘੱਟ ਮੋਟਾਈ, 8“ x13“ ਅਕਾਰ ਤੋਂ ਘੱਟ ਨਿਰਧਾਰਤ ਰੰਗ ਤੋਂ ਬਗੈਰ ਦੇ ਅਣਲੱਗ ਪਲਾਸਟਿਕ ਦੇ ਲਿਫਾਫਿਆ ਦੇ ਬਣਾਉਣ/ ਵਰਤੋਂ ਅਤੇ ਇਨਾਂ ਲਿਫਾਫਿਆ ਨੂੰ ਨਾਲੀਆਂ/ਸੀਵਰੇਜ਼ ਜਾਂ ਪਬਲਿਕ ਥਾਂਵਾਂ ਤੇ ਸੁਟਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ।
ਇਕ ਹੋਰ ਹੁਕਮ ਰਾਹੀਂ ਜ਼ਿਲਾ ਮੈਜਿਸਟਰੇਟ ਵੱਲੋਂ ਫਾਜ਼ਿਲਕਾ ਦੀ ਹਦੂਦ ਅੰਦਰ ਕੋਬਰਾ/ਕੰਡਿਆਲੀ ਤਾਰ ਨੂੰ ਵੇਚਣ ਖਰੀਦਣ ਅਤੇ ਵਰਤਣ ਤੇ ਪੂਰਣ ਪਾਬੰਦੀ ਲਗਾਈ ਗਈ ਹੈ।ਇਸੇ ਤਰਾਂ ਜ਼ਿਲਾ ਫਾਜ਼ਿਲਕਾ ਦੀ ਹਦੂਦ ਅੰਦਰ ਜਨਤਕ ਥਾਵਾਂ ਤੇ ਅਵਾਰਾ ਪਸ਼ੂਆਂ ਨੂੰ ਹਰਾ ਚਾਰਾ ਪਾਉਣ ਤੇ ਰੋਕ ਲਗਾਈ ਗਈ ਹੈ।ਇਸੇ ਤਰਾਂ ਜ਼ਿਲਾ ਫਾਜ਼ਿਲਕਾ ਅੰਦਰ ਨਜਾਇਜ ਤੌਰ ਤੇ ਚੱਲ ਰਹੀਆ ਮੋਬਾਇਲ ਆਟਾ ਚੱਕੀਆਂ ਤੇ ਵੀ ਪਾਬੰਦੀ ਲੱਗਾ ਦਿੱਤੀ ਗਈ ਹੈ।