ਹੁਣ ਕਾਲੀ ਮਾਤਾ ਮੰਦਿਰ ਪਟਿਆਲਾ ‘ਚ ਬੇਅਦਬੀ ਦੀ ਕੋਸ਼ਿਸ਼, ਮੌਕੇ ਤੇ ਫੜ੍ਹਿਆ ਦੋਸ਼ੀ
ਗੱਗੀ ਪੰਡਿਤ ਦੀ ਪ੍ਰਸ਼ਾਸ਼ਨ ਨੂੰ ਧਮਕੀ, ਕਾਰਵਾਈ ਨਾ ਹੋਈ ਤਾਂ 24 ਘੰਟਿਆਂ ਬਾਅਦ ਕਰਾਂਗਾ ਮੰਦਿਰ ਮੂਹਰੇ ਆਤਮਦਾਹ
ਹਰਿੰਦਰ ਨਿੱਕਾ, ਪਟਿਆਲਾ 24 ਜਨਵਰੀ 2022
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਹੁਣ ਮੰਦਿਰ ਵਿੱਚ ਵੀ ਬੇਅਦਬੀ ਦੀ ਕੋਸ਼ਿਸ਼ ਹੋਈ ਹੈ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਇਹ ਕਾਰਾ ਲੱਖਾਂ ਲੋਕਾਂ ਦੀ ਆਸਥਾ ਦੇ ਕੇਂਦਰ ਸ਼੍ਰੀ ਕਾਲੀ ਮਾਤਾ ਮੰਦਿਰ ਪਟਿਆਲਾ ਵਿਖੇ ਅੱਜ ਬਾਅਦ ਦੁਪਿਹਰ ਵਾਪਰਿਆ ਹੈ। ਮੌਕੇ ਤੇ ਮੌਜੂਦ ਸ਼ਰਧਾਲੂਆਂ ਨੇ ਬੇਅਦਬੀ ਕਰਨ ਆਏ ਵਿਅਕਤੀ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ। ਜਿਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਦੇ ਆਲ੍ਹਾ ਅਧਿਕਾਰੀਆਂ ਦੇ ਦੇਰੀ ਨਾਲ ਪਹੁੰਚਣ ਤੋਂ ਭੜ੍ਹਕੇ ਸ਼ਰਧਾਲੂਆਂ ਨੇ ਪੁਲਿਸ, ਸਿਵਲ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਗੱਗੀ ਪੰਡਿਤ ਨੇ ਕਿਹਾ ਕਿ ਜੇਕਰ 24 ਘੰਟਿਆਂ ਦੇ ਅੰਦਰ ਅੰਦਰ ਦੋਸ਼ੀਆਂ ਦੇ ਖਿਲਾਫ ਅਤੇ ਸਾਜਿਸ਼ ਵਿੱਚ ਸ਼ਾਮਿਲ ਹੋਰ ਵਿਅਕਤੀਆਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਤਾਂ ਉਹ ਮੰਦਿਰ ਦੇ ਬਾਹਰ ਆਤਮਦਾਹ ਕਰਨਗੇ। ਇਸ ਮੌਕੇ ਰਾਜੇਸ਼ ਕੇਹਰ ਨੇ ਕਿਹਾ ਕਿ ਪ੍ਰਸ਼ਾਸ਼ਨ ਮੰਦਿਰ ਦਾ ਚੜ੍ਹਾਵਾ ਸਾਂਭਣ ਲਈ ਤਾਂ ਹਮੇਸ਼ਾ ਤਿਆਰ ਰਹਿੰਦੇ ਹਨ, ਪਰੰਤੂ ਮੰਦਿਰ ਦੀ ਸੁਰੱਖਿਆ ਅਤੇ ਹਿੰਦੂਆਂ ਦੀ ਭਾਵਨਾਵਾਂ ਨੂੰ ਦਰਕਿਨਾਰ ਕਰ ਰਹੇ ਹਨ। ਉਨਾਂ ਮੰਗ ਕੀਤੀ ਕਿ ਮੰਦਿਰ ਦੇ ਚੇਅਰਮੈਨ ਡਿਪਟੀ ਕਮਿਸ਼ਨਰ, ਮੰਦਿਰ ਦੇ ਤਾਇਨਾਤ ਪ੍ਰਬੰਧਕ ਅਤੇ ਮੌਕੇ ਤੇ ਤਾਇਨਾਤ ਸੁਰੱਖਿਆ ਮੁਲਾਜਮਾਂ ਦੇ ਖਿਲਾਫ ਵੀ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ। ਉੱਧਰ ਮੌਕੇ ਤੇ ਪਹੁੰਚੇ ਐਸ.ਪੀ. ਹਰਪਾਲ ਸਿੰਘ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਵੈਰੀਫਾਈ ਕਰਨ ਤੋਂ ਬਾਅਦ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।