ਸੱਚੇ ਸੌਦੇ ਦੀ ਸੰਜੀਵਨੀ ਨਾਲ ‘ਸੱਤਾ ਦੇ ਜੁਗਾੜ’ ’ਚ ਜੁਟੇ ਸਿਆਸੀ ਨੇਤਾ
ਸੱਚੇ ਸੌਦੇ ਦੀ ਸੰਜੀਵਨੀ ਨਾਲ ‘ਸੱਤਾ ਦੇ ਜੁਗਾੜ’ ’ਚ ਜੁਟੇ ਸਿਆਸੀ ਨੇਤਾ
ਅਸ਼ੋਕ ਵਰਮਾ,ਬਠਿੰਡਾ,17 ਫਰਵਰੀ 2022:
ਵਿਧਾਨ ਸਭਾ ਚੋਣਾਂ ਦੌਰਾਨ ਜਿੱਤ ਪ੍ਰਾਪਤ ਕਰਨ ਲਈ ਵੱਖ ਵੱਖ ਪਾਰਟੀਆਂ ਦੇ ਸਿਆਸੀ ਲੀਡਰਾਂ ਨੇ ਡੇਰਾ ਸੱਚਾ ਸੌਦਾ ਸਰਸਾ ਦੇ ਪੈਰੋਕਾਰਾਂ ਦੀਆਂ ਵੋਟਾਂ ਹਾਸਲ ਕਰਨ ਲਈ ਯਤਨ ਤੇਜ ਕਰ ਦਿੱਤੇ ਹਨ। ਭਾਜਪਾ ਅਤੇ ਅਕਾਲੀ ਦਲ ਦਾ ਗੱਠਜੋੜ ਟੁੱਟਣ , ਆਮ ਆਦਮੀ ਪਾਰਟੀ ਵੱਲੋਂ ਜਿੱਤਣ ਲਈ ਸਾਰੀ ਤਾਕਤ ਝੋਕਣ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਦੇ ਬੈਨਰ ਹੇਠ ਕਿਸਾਨ ਧਿਰਾਂ ਦੇ ਚੋਣ ਮੈਦਾਨ ’ਚ ਕੁੱਦਣ ਕਾਰਨ ਐਤਕੀ ਹੋਣ ਜਾ ਰਹੇ ਸਿਆਸੀ ਦੰਗਲ ਕਾਰਨ ਬਹੁਤੇ ਲੀਡਰਾਂ ਨੂੰ ਡੇਰੇ ਦੀਆਂ ਵੋਟਾਂ ’ਚ ‘ਸੱਤਾ ਦੀ ਸੰਜੀਵਨੀ’ ਨਜ਼ਰ ਆ ਰਹੀ ਹੈ।
ਹਾਲਾਂਕਿ ਜਨਤਕ ਤੌਰ ਤੇ ਜਾਹਰ ਕਰਨ ਤੋਂ ਸਿਆਸੀ ਆਗੂਆਂ ਨੇ ਪਾਸਾ ਵੱਟਿਆ ਹੋਇਆ ਹੈ ਪਰ ਇਸ ਗੱਲ ਦਾ ਵੀ ਡਰ ਹੈ ਕਿ ਜੇਕਰ ਵਿਰੋਧੀਆਂ ਨੂੰ ਫਤਵਾ ਮਿਲ ਗਿਆ ਤਾਂ ‘ਸਿਆਸੀ ਹਵਾ’ ਘੁੰਮਦਿਆਂ ਦੇਰ ਨਹੀਂ ਲੱਗਣੀ ਹੈ। ਇਹੋ ਕਾਰਨ ਹੈ ਕਿ ਵੋਟਾਂ ਦੀ ਆਸ ‘ਚ ਕਈ ਲੀਡਰ ਆਪੋ ਆਪਣੇ ਢੰਗ ਨਾਲ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੂੰ ਅਰਜੋਈ ਕਰਨ ’ਚ ਲੱਗੇ ਹੋਏ ਹਨ। ਵੇਰਵਿਆਂ ਅਨੁਸਾਰ 69 ਵਿਧਾਨ ਸਭਾ ਹਲਕਿਆਂ ਵਾਲਾ ਖਿੱਤਾ ਹੋਣ ਕਰਕੇ ਮਾਲਵੇ ਦੀ ਹਮੇਸ਼ਾ ਹੀ ਸਰਕਾਰ ਬਨਾਉਣ ਵਿੱਚ ਨਿਰਣਾਇਕ ਭੂਮਿਕਾ ਹੁੰਦੀ ਹੈ।
ਡੇਰਾ ਸਿਰਸਾ ਦਾ ਮਾਲਵੇ ਦੀਆਂ 40 ਤੋਂ 45 ਹਲਕਿਆਂ ਵਿੱਚ ਵੱਡਾ ਵੋਟ ਬੈਂਕ ਕਾਇਮ ਹੈ ਜਿਸ ਕਰਕੇ ਸਿਆਸੀ ਆਗੂਆਂ ਨੂੰ ਡੇਰਾ ਸਿਰਸਾ ਦੇ ਪ੍ਰਬੰਧਕਾਂ ਤੋਂ ਵੋਟਾਂ ਦੀ ਝਾਕ ਰੱਖਣੀ ਪੈਂਦੀ ਹੈ। ਉਂਜ ਵੀ ਐਤਕੀਂ ਸਖਤ ਮੁਕਾਬਲੇ ਹੋਣ ਕਾਰਨ ਹਰ ਵੋਟ ਕੀਮਤੀ ਹੈ ਜਦੋਂਕਿ ਡੇਰਾ ਸਿਰਸਾ ਦਾ ਵੱਡਾ ਤੇ ਫੈਸਲਾਕੁੰਨ ਵੋਟ ਹੈ ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ। ਵਿਧਾਨ ਸਭਾ ਦੀ ਚੋਣ ਲਈ 20 ਫਰਵਰੀ ਨੂੰ ਵੋਟਾਂ ਪੁਆਈਆਂ ਜਾਣੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਡੇਰੇ ਦਾ ਸਿਆਸੀ ਵਿੰਗ 18 ਫਰਵਰੀ ਸ਼ੁੱਕਰਵਾਰ ਦੇਰ ਸ਼ਾਮ ਜਾਂ ਕਿਸੇ ਕਿਸਮ ਦੀ ਅੜਚਣ ਦੀ ਸੂਰਤ ’ਚ 19 ਫਰਵਰੀ ਵਾਲੇ ਦਿਨ ਡੇਰਾ ਪੈਰੋਕਾਰਾਂ ਨੂੰ ਆਪਣੇ ਫੈਸਲੇ ਤੋਂ ਜਾਣੂੰ ਕਰਵਾ ਸਕਦਾ ਹੈ।
ਸੂਤਰਾਂ ਦੀ ਮੰਨੀਏ ਤਾਂ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਪਿਛਲੇ ਕੁੱਝ ਦਿਨਾਂ ਦੌਰਾਨ ਬਲਾਕ ਅਤੇ ਜਿਲ੍ਹਾ ਪੱਧਰ ’ਤੇ ਡੇਰਾ ਪ੍ਰੇਮੀਆਂ ਨਾਲ ਵਿਚਾਰ ਵਟਾਂਦਰੇ ਦਾ ਸਿਲਸਿਲਾ ਖਤਮ ਕਰ ਲਿਆ ਹੈ। ਹੁਣ ਸਿਰਫ ਡੇਰੇ ਦੇ ਪ੍ਰਬੰਧਾਂ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ 45 ਮੈਂਬਰਾਂ ਦੀ ਸਲਾਹ ਲਈ ਜਾਣੀ ਹੈ ਜਿੰਨ੍ਹਾਂ ਨਾਲ ਸ਼ੁੱਕਰਵਾਰ ਸ਼ਾਮ ਤੱਕ ਮੀਟਿੰਗ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਡੇਰਾ ਪੈਰੋਕਾਰਾਂ ਨਾਲ ਕੀਤੀਆਂ ਹੁਣ ਤੱਕ ਦੀਆਂ ਮੀਟਿੰਗਾਂ ਦੌਰਾਨ ਚੰਗੇ ਅਤੇ ਡੇਰਾ ਪ੍ਰੇਮੀਆਂ ਨਾਲ ਖੜ੍ਹਨ ਵਾਲੇ ਉਮੀਦਵਾਰਾਂ ਨੂੰ ਹਮਾਇਤ ਦੇਣ ਬਾਰੇ ਗੱਲ ਆਈ ਹੈ।
ਡੇਰਾ ਪ੍ਰੇਮੀਆਂ ਨੇ ਆਖਿਆ ਹੈ ਕਿ ਅਜਮਾ ਕੇ ਦੇਖ ਲਿਆ ਹੈ ਪਰ ਔਖੇ ਵੇਲੇ ਕੋਈ ਵੀ ਸਿਆਸੀ ਆਗੂ ਡੇਰੇ ਦੇ ਹੱਕ ’ਚ ਨਹੀਂ ਬੋਲਿਆ ਇਸ ਲਈ ਸੋਚ ਸਮਝ ਕੇ ਫੈਸਲਾ ਲੈਣ ਦੀ ਲੋੜ ਹੈ। ਏਦਾਂ ਦੀ ਮੀਟਿੰਗ ’ਚ ਸ਼ਾਮਲ ਹੋਏ ਇੱਕ ਡੇਰਾ ਪ੍ਰੇਮੀ ਨੇ ਦੱਸਿਆ ਕਿ ਕਾਂਗਰਸ ਦੇ ਰਾਜ ’ਚ ਡੇਰਾ ਪ੍ਰੇਮੀਆਂ ਨੂੰ ਝੂਠੇ ਕੇਸਾਂ ’ਚ ਫਸਾਉਣ ਮੁੱਦਾ ਵੱਡੀ ਚਰਚਾ ਦਾ ਵਿਸ਼ਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੇਰੇ ਦੇ 45 ਮੈਂਬਰ ਮਹਿੰਦਰਪਾਲ ਬਿੱਟੂ ਅਤੇ ਭਗਤਾ ਭਾਈ ’ਚ ਡੇਰਾ ਪ੍ਰੇਮੀ ਮਨੋਹਰ ਲਾਲ ਤੋਂ ਇਲਾਵਾ ਡੇਰੇ ਨਾਲ ਜੁੜੇ ਲੋਕਾਂ ਦੀ ਹੱਤਿਆ ਪ੍ਰਤੀ ਵੀ ਡੂੰਘੀ ਚਿੰਤਾ ਪਾਈ ਗਈ ਹੈ।
ਦੱਸਣਯੋਗ ਹੈ ਕਿ ਸਾਲ 2007 ਦੀਆਂ ਅਸੈਂਬਲੀ ਚੋਣਾਂ ਤੋਂ ਡੇਰਾ ਸਿਰਸਾ ਨੇ ਖੱਲ੍ਹੇਆਮ ਸਿਆਸੀ ਹਮਾਇਤ ਦੇਣ ਦਾ ਐਲਾਨ ਕਰਨਾ ਸੁਰੂ ਕੀਤਾ ਹੈ ਜਦੋਂਕਿ ਉਸ ਤੋਂ ਪਹਿਲਾਂ ਡੇਰਾ ਸਿਰਸਾ ਗੁਪਤ ਰੂਪ ਵਿਚ ਵਿੱਚ ਹਮਾਇਤ ਕਰਦਾ ਆਇਆ ਹੈ। ਸੂਤਰਾਂ ਅਨੁਸਾਰ ਅਜਿਹੀਆਂ ਪ੍ਰਸਥਿਤੀਆਂ ਨੂੰ ਦੇਖਦਿਆਂ ਇਸ ਵਾਰ ਡੇਰੇ ਦੇ ‘ਸਿਆਸੀ ਵਿੰਗ’ ਵੱਲੋਂ ‘ਪਿੱਕ ਐਂਡ ਚੂਜ਼’ ਦੀ ਨੀਤੀ ਤਹਿਤ ਹਲਕਾ ਵਾਈਜ਼ ਹਮਾਇਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਦੋ ਉਮੀਦਵਾਰਾਂ ਨੇ ਹਮਾਇਤ ਮੰਗਣ ਵੇਲੇ ਡੇਰਾ ਪੈਰੋਕਾਰਾਂ ਦੇ ਹੱਕ ’ਚ ਹਮੇਸ਼ਾ ਖੜ੍ਹਨ ਦੀ ਦਲੀਲ ਦਿੱਤੀ ਹੈ। ਪਟਿਆਲਾ ਜਿਲ੍ਹੇ ਦੇ ਇੱਕ ਉਮੀਦਵਾਰ ਨੇ ਚੰਡੀਗੜ੍ਹ ਤੋਂ ਸਿਫਾਰਸ਼ ਪੁਆਈ ਹੈ। ਪਤਾ ਲੱਗਿਆ ਹੈ ਕਿ ਹਰੇਕ ਪਾਰਟੀ ਦੇ ਉਮੀਦਵਾਰ ਸਿਆਸੀ ਆਸ਼ੀਰਵਾਦ ਦੀ ਉਮੀਦ ’ਚ ਹਨ।
ਜੱਸੀ: ਘਰ ਦੀ ਮੁਰਗੀ ਦਾਲ ਬਰਾਬਰ
ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ’ਚ ਡੇਰਾ ਪ੍ਰੇਮੀਆਂ ਨੇ ਕਾਂਗਰਸ ਤੋਂ ਬਾਗੀ ਹੋਕੇ ਅਜਾਦ ਚੋਣ ਲੜ ਰਹੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੀ ਚੋਣ ਮੁਹਿੰਮ ਪਹਿਲੇ ਦਿਨ ਤੋਂ ਹੀ ਭਖਾਈ ਹੋਈ ਹੈ। ਜੱਸੀ ਡੇਰਾ ਸਿਰਸਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਕੁੜਮ ਹਨ। ਰਿਸ਼ਤੇਦਾਰੀ ਹੋਣ ਕਾਰਨ ਜੱਸੀ ਦੀ ਚੋਣ ਨੂੰ ਡੇਰਾ ਪੈਰੋਕਾਰਾਂ ਨੇ ਨੱਕ ਦਾ ਸਵਾਲ ਬਣਾਇਆ ਹੋਇਆ ਹੈ।
ਲੀਡਰਾਂ ’ਚ ਹੀਰੋ ਬਣਿਆ ਚੇਅਰਮੈਨ, ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੀ ਅਹਿਮ ਭੂਮਿਕਾ ਹੋਣ ਦੀ ਚਰਚਾ ਕਾਰਨ ਸਿਆਸੀ ਵਿੰਗ ਦਾ ਮੈਂਬਰ ਚੇਅਰਮੈਨ ਰਾਮ ਸਿੰਘ ਸਿਆਸੀ ਨੇਤਾਵਾਂ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ। ਡੇਰਾ ਆਗੂ ਰਾਮ ਸਿੰਘ ਦਾ ਕਹਿਣਾ ਸੀ ਕਿ ਵੋਟਾਂ ਮੰਗਣਾਂ ਹਰ ਸਿਆਸੀ ਨੇਤਾ ਦਾ ਅਧਿਕਾਰ ਹੈ । ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਲਗਾਤਾਰ ਫੋਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵਿਚਾਰਾਂ ਜਾਰੀ ਹਨ ਤੇ ਕਿਸੇ ਵੀ ਤਰਾਂ ਦਾ ਫੈਸਲਾ ਲਈਏ ਜਲਦੀ ਹੀ ਲਿਆ ਜਾਏਗਾ।