PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਗਿਆਨ-ਵਿਗਿਆਨ ਪੰਜਾਬ ਫ਼ਤਿਹਗੜ੍ਹ ਸਾਹਿਬ ਮਾਲਵਾ ਮੁੱਖ ਪੰਨਾ

ਸਮਾਜ ਦੇ ਦਬੇ ਕੁਚਲੇ ਲੋਕਾਂ ਨੂੰ ਉਚਾ ਚੁੱਕ ਕੇ ਹੀ ਸਮਾਜਿਕ ਵਿਕਾਸ ਸੰਭਵ ਹੈ: ਡਾ: ਵੇਰਕਾ

Advertisement
Spread Information

ਸਮਾਜ ਦੇ ਦਬੇ ਕੁਚਲੇ ਲੋਕਾਂ ਨੂੰ ਉਚਾ ਚੁੱਕ ਕੇ ਹੀ ਸਮਾਜਿਕ ਵਿਕਾਸ ਸੰਭਵ ਹੈ: ਡਾ: ਵੇਰਕਾ

  • – ਮਾਪਿਆਂ ਦਾ ਸਾਥ ਦੁਨੀਆਂ ਦੀ ਸਭ ਤੋਂ ਵੱਡੀ ਦੇਣ
  • – ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇਣ ਵਾਲੇ ਦੇਸ਼ ਲਈ ਭਰੂਣ ਹੱਤਿਆ ਸਭ ਤੋਂ ਵੱਧ ਸ਼ਰਮਨਾਕ
  • –  ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵੱਲੋਂ ਕੈਬਨਿਟ ਮੰਤਰੀ ਡਾ: ਰਾਜ ਕੁਮਾਰ ਵੇਰਕਾ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ

ਅਸ਼ੋਕ ਧੀਮਾਨ,ਮੰਡੀ ਗੋਬਿੰਦਗੜ੍ਹ/ਫ਼ਤਹਿਗੜ੍ਹ  ਸਾਹਿਬ, 11 ਦਸੰਬਰ:2021

   ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਡਾ: ਰਾਜ ਕੁਮਾਰ ਵੇਰਕਾ ਨੇ ਅੱਜ ਇਥੇ ਦੇਸ਼ ਭਗਤ ਯੂਨੀਵਰਸਿਟੀ ਦੀ ਵਿਸ਼ੇਸ਼ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਬਣੇ ਕੌਮੀ ਕਮਿਸ਼ਨ ਦੇ ਵਾਈਸ ਚੇਅਰਮੈਨ ਰਹਿੰਦਿਆਂ ਉਨ੍ਹਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਸਮੇਂ ਮਹਿਸੂਸ ਕੀਤਾ ਕਿ ਸਮਾਜ ਦੇ ਦਬੇ ਕੁਚਲੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮਾਜਿਕ ਵਿਕਾਸ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਹਰੇਕ ਵਰਗ ਦਾ ਵਿਕਾਸ ਕੀਤਾ ਜਾਵੇ। ਇਥੇ ਵਰਨਣਯੋਗ ਹੈ ਕਿ ਡਾ: ਵੇਰਕਾ ਵੱਲੋਂ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕੀਤੇ ਗਏ ਕੰਮਾਂ ਬਦਲੇ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਉਨ੍ਹਾਂ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਗਈ।

    ਡਾ: ਵੇਰਕਾ ਨੇ ਕਿਹਾ ਕਿ ਭਰੂਣ ਹੱਤਿਆ ਮਾਨਵਤਾ ਲਈ ਸ਼ਰਮਨਾਕ ਗੱਲ ਹੈ ਕਿਉਂਕਿ ਅੱਜ ਜਦੋਂ ਔਰਤਾਂ ਹਰੇਕ ਖੇਤਰ ਵਿੱਚ ਵੱਡੀਆਂ ਮੱਲ੍ਹਾਂ ਮਾਰ ਰਹੀਆਂ ਹਨ ਉਸ ਸਮੇਂ ਕੁਝ ਸੌੜੀ ਸੋਚ ਦੇ ਵਿਅਕਤੀਆਂ ਵੱਲੋਂ ਆਪਣੀ ਝੂਠੀ ਸ਼ਾਨ ਵਿਖਾਉਣ ਲਈ ਲੜਕੀਆਂ ਨੂੰ ਕੁੱਖਾਂ ਵਿੱਚ ਹੀ ਮਾਰਨ ਵਰਗੀਆਂ ਸ਼ਰਮਸ਼ਾਰ ਕਰਨ ਵਾਲੀਆਂ ਗਲਤੀਆਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਜਿਸ ਨੇ ਦੁਨੀਆਂ ਨੂੰ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਅਤੇ ਉਸ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਨਿੰਦਣਯੋਗ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਔਰਤਾਂ ਨੂੱ ਮਰਦਾਂ ਵਾਂਗ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾਣ ਤਾਂ ਜੋ ਸਾਡਾ ਦੇਸ਼ ਇੱਕ ਖੁਸ਼ਹਾਲ ਦੇਸ਼ ਬਣ ਸਕੇ।

    ਅਜੋਕੇ ਸਮੇਂ ਅੰਦਰ ਬਜੁਰਗਾਂ ਨੂੰ ਬ੍ਰਿਧ ਆਸ਼ਰਮ ਭੇਜੇ ਜਾਣ ਦੇ ਰੁਝਾਨ ਬਾਰੇ ਬੋਲਦਿਆਂ ਡਾ: ਵੇਰਕਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਤਰੱਕੀ ਵਿੱਚ ਮਾਪਿਆਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਅਤੇ ਮਾਪਿਆਂ ਦਾ ਸਾਥ ਜਿੰਦਗੀ ਵਿੱਚ ਸਭ ਤੋਂ ਅਹਿਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਾਂ ਜਿਉਂਦੀ ਰਹਿੰਦੀ ਹੈ ਵਿਅਕਤੀ ਇੱਕ ਬੱਚੇ ਵਾਂਗ ਹੀ ਵਿਚਰਦਾ ਹੈ। ਪ੍ਰੰਤੂ ਅਜੋਕੇ ਸਮੇਂ ਅੰਦਰ ਮਾਂ-ਬਾਪ ਦੀ ਕਦਰ ਨਾ ਕਰਨ ਵਰਗੀਆਂ ਲਾਹਣਤਾਂ ਮਾਨਵਤਾ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਅੱਜ ਹਰੇਕ ਵਿਅਕਤੀ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਮਾਪਿਆਂ ਦਾ ਹਰ ਕਦਮ ’ਤੇ ਸਾਥ ਦੇਣਗੇ ਅਤੇ ਮਾਪਿਆਂ ਨੂੰ ਕਦੇ ਵੀ ਇਕੱਲੇਪਣ ਦਾ ਅਹਿਸਾਸ ਨਹੀਂ ਕਰਨ ਦੇਣਗੇ। ਉਨ੍ਹਾਂ ਕਿਹਾ ਕਿ ਮਾਪੇ ਆਪਣੀ ਪੂਰੀ ਉਮਰ ਦੀ ਕਮਾਈ ਆਪਣੇ ਬੱਚੇ ਦੀ ਵਿਕਾਸ ਲਈ ਖਰਚ ਕਰ ਦਿੰਦੇ ਹਨ ਇਸ ਲਈ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕ‌ਿ ਉਹ ਹਰੇਕ ਦੁੱਖ ਸੁੱਖ ਦੀ ਘੜੀ ਵਿੱਚ ਆਪਣੇ ਮਾਪਿਆਂ ਦੇ ਨਾਲ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਰਿਸ਼ਤਿਆਂ ਵਿੱਚ ਵਿਸ਼ਵਾਸ ਵਧਾ ਕੇ ਹੀ ਮਾਨਵਤਾ ਦੀ ਤਰੱਕੀ ਹੋ ਸਕਦੀ ਹੈ।

    ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਕੁਲਪਤੀ ਡਾ: ਜ਼ੋਰਾ ਸਿੰਘ ਮਾਨ ਨੇ ਡਾ: ਵੇਰਕਾ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ। ਇਸ ਮੌਕੇ ਯੂਨੀਵਰਸਿਟੀ ਵੱਲੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ ਨੂੰ ਖੇਡਾਂ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਦੇਣ ਬਦਲੇ ਸਨਮਾਨਤ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਪ੍ਰੋ: ਚਾਂਸਲਰ ਡਾ: ਤੇਜਿੰਦਰ ਕੌਰ, ਡਾ: ਹਰਦੇਵ ਸਿੰਘ, ਡਾ: ਸ਼ਾਲਿਨੀ ਗੁਪਤਾ, ਡਾ: ਸੰਜੀਵ ਕਾਲੀਆ, ਡਾ: ਹਰਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਸਟਾਫ ਮੈਂਬਰ ਮੌਜੂਦ ਸਨ।.


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!