ਸ਼ਹੀਦੀ ਸਭਾ ਸਬੰਧੀ ਵਿਸ਼ੇਸ਼ ਸਫਾਈ ਮੁਹਿੰਮ
ਸ਼ਹੀਦੀ ਸਭਾ ਸਬੰਧੀ ਵਿਸ਼ੇਸ਼ ਸਫਾਈ ਮੁਹਿੰਮ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 15 ਦਸੰਬਰ 2021
ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 25 ਦਸੰਬਰ ਤੋਂ 27 ਦਸੰਬਰ ਤੱਕ ਮਨਾਈ ਜਾਣ ਵਾਲੀ ਸ਼ਹੀਦੀ ਸਭਾ ਨੂੰ ਮੁੱਖ ਰੱਖਦਿਆਂ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆ, ਅੰਮ੍ਰਿਤਸਰ ਦੇ ਜੱਥੇ ਵੱਲੋਂ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ ਹੈ, ਜਿਸਦੀ ਸੁਰੂਆਤ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਨੇੜੇ ਸ਼ਫਾਈ ਮੁਹਿੰਮ ਵਿੱਚ ਹਿੱਸਾ ਲੈਂਦੇ ਹੋਏ ਕਰਵਾਈ। ਇਸ ਮੌਕੇ ਐਸ ਡੀ ਐਮ ਫਤਹਿਗੜ੍ਹ ਸਾਹਿਬ ਸ੍ਰੀ ਹਿਮਾਂਸੂ ਗੁਪਤਾ ਨੇ ਵੀ ਸਫਾਈ ਮੁਹਿੰਮ ਵਿੱਚ ਹਿੱਸਾ ਲਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜਿੱਥੇ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਟੀਮਾਂ ਵੱਲੋਂ ਸ਼ਹੀਦੀ ਸਭਾ ਦੇ ਸਬੰਧ ਵਿੱਚ ਫਤਹਿਗੜ੍ਹ ਸਾਹਿਬ ਵਿਖੇ ਵੱਖ ਵੱਖ ਸਫਾਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਉੱਥੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਵੀ ਇਸ ਸਬੰਧ ਵਿੱਚ ਬੇਨਤੀ ਕੀਤੀ ਗਈ ਸੀ ਤੇ ਉਨ੍ਹਾਂ ਨੇ 25 ਮੈਂਬਰੀ ਟੀਮ ਦੇ ਨਾਲ ਨਾਲ ਤਿੰਨ ਵੱਡੀਆਂ ਸਫਾਈ ਮਸ਼ੀਨਾਂ, ਲਾਈਟਾਂ ਠੀਕ ਕਰਨ ਵਾਲੀਆਂ ਹਾਈਡਰੋਲਿਕ ਮਸ਼ੀਨ ਨੂੰ ਕੂੜਾ ਚੁੱਕਣ ਲਈ ਮਸ਼ੀਨਰੀ ਅਤੇ ਪਾਣੀ ਵਾਲੇ ਟੈਂਕਰ ਵੀ ਭੇਜੇ ਹਨ। ਇਸ ਨਾਲ ਸ਼ਹੀਦੀ ਸਭਾ ਸਬੰਧੀ ਕੀਤੇ ਜਾ ਰਹੇ ਸਫਾਈ ਕਾਰਜ ਵਿੱਚ ਵੱਡੀ ਮੱਦਦ ਮਿਲੇਗੀ ਅਤੇ ਸ਼ਹੀਦੀ ਸਭਾ ਦੌਰਾਨ ਅਤੇ ਉਸ ਉਪਰੰਤ ਵੀ ਸਫਾਈ ਕਾਰਜ ਸੁਚੱਜੇ ਢੰਗ ਨਾਲ ਨੇਪਰੇ ਚੜ ਸਕਣਗੇ।
ਉਨ੍ਹਾਂ ਦੱਸਿਆ ਕਿ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲੇ ਖੁਦ ਵੀ ਥੋੜੇ ਥੋੜੇ ਦਿਨਾਂ ਦੇ ਵਕਫੇ ਬਾਅਦ ਆਪਣੀ ਟੀਮ ਵੱਲੋਂ ਕੀਤੇ ਜਾ ਰਹੇ ਸਫਾਈ ਕਾਰਜਾਂ ਦਾ ਜਾਇਜਾ ਲੈਂਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਸਲਾਨਾ ਸ਼ਹੀਦੀ ਸਭਾ ਮੌਕੇ ਦੇਸ਼ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਸੰਗਤਾਂ ਦੀ ਸਹੂਲਤ ਲਈ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਸਫਾਈ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਜੱਥੇ ਵੱਲੋਂ ਭਾਈ ਅਮਰਜੀਤ ਸਿੰਘ ਅਤੇ ਬਾਬਾ ਆਤਮਾ ਸਿੰਘ, ਗੁਰਦੁਆਰਾ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਸ੍ਰੀ ਗੁਰਦੀਪ ਸਿੰਘ, ਮੀਤ ਮੈਨੇਜਰ ਬਲਵਿੰਦਰ ਸਿੰਘ, ਸੈਨੇਟਰੀ ਇੰਸਪੈਕਟਰ ਵਿਮਲ ਕੁਮਾਰ, ਮੁਖਤਿਆਰ ਸਿੰਘ ਫੌਜੀ, ਹਰਦੀਪ ਸਿੰਘ ਹਾਜਰ ਸਨ।