ਸ਼ਰਾਬ ਫੜ੍ਹਨ ਗਈ ਪੁਲਿਸ ਨੂੰ ਘਰ ਅੰਦਰ ਤਾੜ ਕੇ ਕੁੱਟਿਆ, ਵਰਦੀ ਪਾੜੀ
ਇੱਕ ਔਰਤ ਸਣੇ ਤਿੰਨ ਜਣਿਆਂ ਖਿਲਾਫ ਪਰਚਾ ਦਰਜ, ਦੋਸ਼ੀ ਹੋਏ ਫਰਾਰ
ਹਰਿੰਦਰ ਨਿੱਕਾ , ਪਟਿਆਲਾ 27 ਜਨਵਰੀ 2022
ਜਿਲ੍ਹੇ ਦੇ ਥਾਣਾ ਜੁਲਕਾ ਦੀ ਪੁਲਿਸ ਪਾਰਟੀ ਪਿੰਡ ਹਾਜ਼ੀਪੁਰ ਦੇ ਦੇਸੀ ਸ਼ਰਾਬ ਕੱਢਣ ਵਾਲਿਆਂ ਦੇ ਘਰ ਛਾਪਾ ਮਾਰਨ ਲਈ ਪਹੁੰਚੀ ਤਾਂ ਅੱਗੋਂ ਇੱਕ ਔਰਤ ਸਣੇ ਪਰਿਵਾਰ ਦੇ ਤਿੰਨ ਜਣਿਆਂ ਨੇ ਉਨ੍ਹਾਂ ਨੂੰ ਘਰ ਅੰਦਰ ਤਾੜ ਕੇ ਹਮਲਾ ਕਰ ਦਿੱਤਾ । ਨਾਮਜ਼ਦ ਦੋਸ਼ੀਆਂ ਨੇ ਸੀਨੀਅਰ ਸਿਪਾਹੀ ਦੀ ਘਸੁੰਨ ਮੁੱਕੀਆਂ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਛੁਡਾਉਣ ਪਹੁੰਚੇ ਹੌਲਦਾਰ ਦੇ ਗਲ ਵਿੱਚ ਹੱਥ ਪਾ ਕੇ ਉਸਦੀ ਵਰਦੀ ਪਾੜ ਦਿੱਤੀ। ਜਦੋਂ ਹੋਰ ਪੁਲਿਸ ਪਹੁੰਚੀ ਤਾਂ ਸਾਰੇ ਦੋਸ਼ੀ ਫਰਾਰ ਹੋ ਗਏ। ਪੁਲਿਸ ਨੇ ਅਮਰਜੀਤ ਸਿੰਘ ਦੇ ਬਿਆਨ ਪਰ ਕੇਸ ਦਰਜ਼ ਕਰਕੇ,ਉਨਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਤਫਤੀਸ਼ ਅਧਿਕਾਰੀ ਨੇ ਪੁਲਿਸ ਨੂੰ ਦਰਜ਼ ਕਰਵਾਏ ਬਿਆਨਾਂ ਵਿੱਚ ਦੱਸਿਆ ਕਿ ਉਸ ਨੂੰ ਇਤਲਾਹ ਮਿਲੀ ਸੀ ਕਿ ਸੁਖਵਿੰਦਰ ਸਿੰਘ ਅਤੇ ਬੱਗਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਹਾਜੀਪੁਰ, ਥਾਣਾ ਜੁਲਕਾ ਨਜ਼ਾਇਜ਼ ਸ਼ਰਾਬ ਕਸੀਦ ਕਰਕੇ ਵੇਚਣ ਦਾ ਧੰਦਾ ਕਰਦੇ ਹਨ। ਇਤਲਾਹ ਪੱਕੀ ਹੋਣ ਪਰ ਮੁਦਈ ਸਮੇਤ ਪੁਲਿਸ ਪਾਰਟੀ ਦੇ ਉਕਤ ਨਾਮਜ਼ਦ ਦੋਸ਼ੀਆਂ ਦੇ ਘਰ ਪਰ ਪੁੱਜਾ ਤਾ ਦੋਸ਼ੀ ਪੁਲਿਸ ਪਾਰਟੀ ਨੂੰ ਦੇਖ ਕੇ ਤਹਿਸ ਵਿੱਚ ਆ ਗਏ , ਦੋਵੇਂ ਉੱਚੀ—ਉੁਚੀ ਬੋਲਣ ਲੱਗ ਪਏ। ਜਦੋਂ ਮੁਦਈ ਨੇ ਮਕਾਨ ਦੀ ਤਲਾਸ਼ੀ ਦੀ ਗੱਲ ਕੀਤੀ ਤਾ ਦੋਸ਼ੀ, ਪੁਲਿਸ ਪਾਰਟੀ ਦੇ ਗਲ ਪੈ ਗਏ। ਇਸੇ ਦੌਰਾਨ ਬੱਗੇ ਨੇ ਸੀਨੀਅਰ ਸਿਪਾਹੀ ਅਮਰਜੀਤ ਸਿੰਘ ਦੇ ਘੁਸੰਨ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਦੋਸ਼ੀ ਸਿੰਦਾ ਨੇ ਸਿਪਾਹੀ ਅਮਰਜੀਤ ਸਿੰਘ ਦੇ ਪਿੱਠ ਤੇ ਡਾਂਗ ਮਾਰੀ, ਜਿਸ ਕਾਰਨ ਅਮਰਜੀਤ ਸਿੰਘ ਹੇਠਾਂ ਡਿੱਗ ਪਿਆ । ਨਾਮਜਦ ਦੋਸ਼ਣ ਚਰਨਜੀਤ ਕੌਰ ਨੇ ਮਕਾਨ ਦਾ ਗੇਟ ਬੰਦ ਕਰ ਦਿੱਤਾ ਅਤੇ ਜਦੋ ਪੁਲਿਸ ਪਾਰਟੀ ,ਅਮਰਜੀਤ ਸਿੰਘ ਨੂੰ ਛੁਡਾਉਣ ਲੱਗੀ ਤਾ ਦੋਸ਼ੀ ਬੱਗੇ ਨੇ ਹੌਲਦਾਰ ਪ੍ਰਿਤਪਾਲ ਸਿੰਘ ਨੂੰ ਗਲ ਤੋ ਫੜ੍ਹ ਕੇ ਉਸ ਦੀ ਵਰਦੀ ਪਾੜ ਦਿੱਤੀ ।
ਲੋਕਾਂ ਦਾ ਇੱਕਠ ਹੁੰਦਾ ਦੇਖ ਅਤੇ ਹੋਰ ਪੁਲਿਸ ਪਾਰਟੀ ਦੇ ਆਉਣ ਦੀ ਭਿਣਕ ਪੈਂਦਿਆਂ ਹੀ ਦੋਸ਼ੀ ਮੌਕਾ ਤੋ ਫਰਾਰ ਹੋ ਗਏ। ਮਾਮਲੇ ਦੇ ਤਫਤੀਸ਼ ਅਫਸਰ ਨੇ ਦੱਸਿਆ ਕਿ ਮੁਦਈ ਦੇ ਬਿਆਨ ਪਰ ਦੋਸ਼ੀਆਂ ਖਿਲਾਫ ਅਧੀਨ ਜ਼ੁਰਮ 353,186,332,342, 323,506 ਆਈਪੀਸੀ ਤਹਿਤ ਥਾਣਾ ਜੁਲਕਾ ਵਿਖੇ ਕੇਸ ਦਰਜ਼ ਕਰਕੇ,ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।