ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ, ਡਰ ਜਾਂ ਭੈਅ ਤੋਂ ਕਰਨਾ ਚਾਹੀਦਾ ਹੈ: ਜਿ਼ਲ੍ਹਾ ਚੋਣ ਅਫਸਰ
ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ, ਡਰ ਜਾਂ ਭੈਅ ਤੋਂ ਕਰਨਾ ਚਾਹੀਦਾ ਹੈ: ਜਿ਼ਲ੍ਹਾ ਚੋਣ ਅਫਸਰ
- ਵਿਧਾਨ ਸਭਾ ਚੋਣਾ ਵਿੱਚ ਜਿ਼ਲ੍ਹੇ ਦੇ 4 ਲੱਖ 45 ਹਜ਼ਾਰ 775 ਕਰਨਗੇ ਆਪਣੇ ਵੋਟ ਦਾ ਇਸਤੇਮਾ
- ਜਿ਼ਲ੍ਹੇ ਦੇ 4149 ਦਿਵਿਆਂਗ ਵੋਟਰ ਵੋਟ ਦੇ ਅਧਿਕਾਰ ਦੀ ਕਰਨਗੇ ਵਰਤੋ
- ਵੈਬਸਾਈਟ www.nvsp.in ਜਾਂ ਮੋਬਾਇਲ ਐਪ ’ ਵੋਟਰ ਹੈਲਪ ਲਾਈਨ ’ ’ਤੇ ਵੀ ਆਨ ਲਾਈਨ ਕਰਵਾਈ ਜਾ ਸਕਦੀ ਹੈ ਰਜਿ਼ਸਟਰੇਸ਼ਨ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 06 ਦਸੰਬਰ : 2021
ਪੰਜਾਬ ਵਿਧਾਨ ਸਭਾ ਦੀਆਂ 2022 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਨਾਗਰਿਕਾਂ ਦੀਆਂ ਵੋਟਾਂ ਬਣਾਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਕੋਈ ਵੀ ਯੋਗ ਨਾਗਰਿਕ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜਿ਼ਲ੍ਹਾ ਚੋਣ ਅਫਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਦੇ 4 ਲੱਖ 45 ਹਜ਼ਾਰ 775 ਵੋਟਰ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਜਿ਼ਲ੍ਹਾ ਚੋਣ ਅਫਸਰ ਨੈ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਜਿ਼ਲ੍ਹੇ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ ਫ਼ਤਹਿਗੜ੍ਹ ਸਾਹਿਬ, ਬਸੀ ਪਠਾਣਾ ਤੇ ਅਮਲੋਹ ਵਿੱਚ 4149 ਦਿਵਿਆਂਗ ਵੋਟਰ ਹਨ ਜਿਨ੍ਹਾਂ ਵਿੱਚੋਂ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ 1796 ਵੋਟਰ, ਵਿਧਾਨ ਸਭਾ ਹਲਕਾ ਬਸੀ ਪਠਾਣਾ ਵਿੱਚ 1281 ਵੋਟਰ ਅਤੇ ਵਿਧਾਨ ਸਭਾ ਹਲਕਾ ਅਮਲੋਹ ਵਿੱਚ 1072 ਵੋਟਰ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦਿਵਿਆਂਗ ਵੋਟਰ ਜਿਸ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਤਾਂ ਉਹ ਆਪਣੇ ਬੂਥ ਲੈਵਲ ਅਫਸਰ (ਬੀ.ਐਲ.ਓ) ਨਾਲ ਤਾਲਮੇਲ ਕਰਕੇ ਫਾਰਮ ਨੰ 6 ਭਰ ਕੇ ਬੀ.ਐਲ.ਓ. ਨੂੰ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨਾਲ ਹੀ ਲੋਕਤੰਤਰ ਨੂੰ ਮਜਬੂਤ ਰੱਖਿਆ ਜਾ ਸਕਦਾ ਹੈ. ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਚਲਾਈ ਜਾ ਰਹੀ ਮੁਹਿੰਮ ਦਾ ਸਮੂਹ ਨਾਗਰਿਕਾ ਨੂੰ ਲਾਭ ਉਠਾਉਣਾ ਚਾਹੀਦਾ ਹੈ।
ਜਿ਼ਲ੍ਹਾ ਚੋਣ ਅਫਸਰ ਨੇ ਕਿਹਾ ਕਿ ਸਾਡਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਅਤੇ ਸੰਵਿਧਾਨ ਨੇ 18 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਲਈ ਸਾਨੂੰ ਆਪਣੀ ਵੋਟ ਬਣਾਉਣ ਅਤੇ ਉਸ ਦੀ ਬਿਨਾਂ ਕਿਸੇ ਲਾਲਚ, ਡਰ ਜਾਂ ਭੈਅ ਤੋਂ ਵਰਤੋਂ ਕਰਨ ਲਈ ਕਦੇ ਅਵੇਸਲੇ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਵੋਟ ਦੇ ਅਧਿਕਾਰ ਤੋਂ ਅਵੇਸਲਾ ਹੋਣਾ ਆਪਣੀ ਸਮਾਜਿਕ ਜਿੰਮੇਵਾਰੀ ਤੋਂ ਭੱਜਣ ਬਰਾਬਰ ਹੈ ਇਸ ਲਈ ਹਰੇਕ ਵੋਟਰ ਨੂੰ ਆਪਣੇ ਅਧਿਕਾਰ ਬਾਰੇ ਜਾਗਰੂਕ ਹੋਣਾ ਚਾਹੀਦਾ ਹੈ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਵੋਟਰਾਂ ਨੂੰ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਵੀ.ਵੀ.ਪੈਟ ਬਾਰੇ ਜਾਗਰੂਕ ਕਰਨ ਲਈ ਹਲਕਾ ਪੱਧਰ ’ਤੇ ਕੈਂਪ ਲਗਾਏ ਜਾ ਰਹੇ ਹਨ ਅਤੇ ਜਾਗਰੂਕਤਾ ਵੈਨ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਮੰਤਵ ਵੋਟਰਾਂ ਨੂੰ ਜਾਗਰੂਕ ਕਰਕੇ ਵੋਟ ਬਣਾਉਣ ਤੇ ਉਸ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕਰਨਾ ਹੈ ।