ਵੋਟਾਂ ਸਬੰਧੀ ਵੱਖ-ਵੱਖ ਨਿਗਰਾਨ ਟੀਮਾਂ ਵਧੇਰੇ ਚੌਕਸ: ਜ਼ਿਲਾ ਚੋਣ ਅਫ਼ਸਰ
ਵੋਟਾਂ ਸਬੰਧੀ ਵੱਖ-ਵੱਖ ਨਿਗਰਾਨ ਟੀਮਾਂ ਵਧੇਰੇ ਚੌਕਸ: ਜ਼ਿਲਾ ਚੋਣ ਅਫ਼ਸਰ
- ਟੀਮਾਂ ਵੱਲੋਂ ਚੈਕਿੰਗ ਮੁਹਿੰਮ ਵੱਡੇ ਪੱਧਰ ਉਤੇ ਜਾਰੀ
ਰਘਬੀਰ ਹੈਪੀ,ਬਰਨਾਲਾ, 18 ਫਰਵਰੀ 2022
20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਾਂ ਤੋਂ ਪਹਿਲਾਂ ਸਟੈਂਰਡ ਅਪਰੇਟਿੰਗ ਪ੍ਰੋਸੀਜ਼ਰ ਤਹਿਤ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲਿਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਤੇ ਚੋਣ ਖਰਚ ਦੀ ਨਿਗਰਾਨੀ ਸਬੰਧੀ ਐਫਐਸਟੀ, ਐਸਐਸਟੀ, ਵੀਐਸਟੀ, ਵੀਵੀਟੀ, ਈਐਮਸੀ, ਐਕਸਾਈਜ਼ ਟੀਮਾਂ, ਐਮਸੀਐਮਸੀ, ਅਕਾਊਂਟਿੰਗ ਟੀਮਾਂ ਤੇ ਕੰਟਰੋਲ ਰੂਮ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ, ਜਿਨਾਂ ਵੱਲੋਂ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਐਫਐਸਟੀਜ਼ ਨੂੰ ਪਬਲਿਕ ਐਡਰੈਸ ਸਿਸਟਮ ਨਾਲ ਲੈਸ ਕੀਤਾ ਗਿਆ ਹੈ। ਇਨਾਂ ਟੀਮਾਂ ਵੱਲੋਂ ਲਗਾਤਾਰ ਸੰਵੇਦਨਸ਼ੀਲ ਥਾਵਾਂ ਤੇ ਇਮਾਰਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਵੀਐਸਟੀਜ਼ ਵੱਲੋਂ ਲਗਾਤਾਰ ਉਮੀਦਵਾਰਾਂ ਦੀ ਹਰ ਗਤੀਵਿਧੀ ਉਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਜਿਹੀ ਗਤੀਵਿਧੀ ਨਾ ਹੋਵੇ ਜਿਹੜੀ ਜਾਤ, ਭਾਈਚਾਰੇ ਅਤੇ ਧਰਮ ਦੇ ਨਾਂ ਉਤੇ ਨਫ਼ਰਤ ਪੈਦਾ ਕਰਦੀ ਹੋਵੇ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਸ੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਫਲਾਇੰਗ ਸਕੁੁਐਡਜ਼ ਅਤੇ ਸਟੈਟਿਕ ਸਰਵੀਲੈਂਸ ਟੀਮਾਂ ਵੱਲੋਂ ਵੀ ਨਕਦੀ ਅਤੇ ਸ਼ਰਾਬ ਸਬੰਧੀ ਚੈਕਿੰਗ ਤੇਜ਼ ਕਰ ਦਿੱਤੀ ਗਈ ਹੈ। ਇਸ ਦੇ ਨਾਲ-ਨਾਲ ਵੱਖ-ਵੱਖ ਟੀਮਾਂ ਵੱਲੋਂ ਜ਼ਿਲੇ ਨੂੰ ਹੋਰਨਾਂ ਜ਼ਿਲਿਆਂ ਨਾਲ ਜੋੜਦੀਆਂ ਸੜਕਾਂ ਸਮੇਤ ਵੱਖ-ਵੱਖ ਥਾਈਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਮੀਦਵਾਰਾਂ ਦੇ ਨਾਲ ਚੱਲਣ ਵਾਲੇ ਵਿਅਕਤੀਆਂ ਵੱਲੋਂ ਵਰਤੇ ਜਾ ਰਹੇ ਵਾਹਨਾਂ ਉਤੇ ਵੀ ਉਚੇਚੇ ਤੌਰ ’ਤੇ ਨਜ਼ਰ ਰੱਖੀ ਜਾ ਰਹੀ ਹੈ। ਉਨਾਂ ਕਿਹਾ ਕਿ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਯਕੀਨੀ ਬਣਾਈ ਗਈ ਹੈ। ਉਨਾਂ ਦੱਸਿਆ ਕਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਲਈ ਕੁੱਲ 60 ਮਾਈਕ੍ਰੋ ਆਬਜ਼ਰਵਰ ਲਾਏ ਗਏ ਹਨ ਤੇ 48 ਮਾਈਕ੍ਰੋ ਆਬਜ਼ਰਵਰ ਇਕੋ ਵੇਲੇ ਤਾਇਨਾਤ ਰਹਿਣਗੇ।
ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਜ਼ਿਲੇ ਵਿਚਲੇ ਸਾਰੇ 558 ਪੋਲਿੰਗ ਸਟੇਸ਼ਨਾਂ ਉਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਕਿਸੇ ਵੀ ਵੋਟਰ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਚੋਣਾਂ ਸਬੰਧੀ ਕੋਈ ਵੀ ਸ਼ਿਕਾਇਤ ਜ਼ਿਲਾ ਪ੍ਰਸ਼ਾਸਨ ਦੇ ਸ਼ਿਕਾਇਤ ਸੈੱਲ ਦੇ ਨੰਬਰ 01679-244364 ਉੱਤੇ ਕੀਤੀ ਜਾ ਸਕਦੀ ਹੈ, ਜੋ 24 ਘੰਟੇ ਚਾਲੂ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚਲੇ ਸਾਰੇ ਵੋਟਰ 100 ਫੀਸਦ ਪੋਲਿੰਗ ਯਕੀਨੀ ਬਣਾਉਣ ਲਈ ਅੱਗੇ ਵੱਧ ਕੇ ਵੋਟ ਜ਼ਰੂਰ ਪਾਉਣ।ਬੌਕਸ ਲਈ ਪ੍ਰਸਤਾਵਿਤ
ਸੁਰੱਖਿਆ ਲਈ ਫੋਰਸ ਦੀਆਂ 20 ਕੰਪਨੀਆਂ ਤਾਇਨਾਤ: ਜ਼ਿਲਾ ਪੁਲੀਸ ਮੁਖੀ
ਜ਼ਿਲਾ ਪੁਲੀਸ ਮੁਖੀ ਸ੍ਰੀਮਤੀ ਅਲਕਾ ਮੀਨਾ ਨੇ ਦੱਸਿਆ ਜ਼ਿਲੇ ਵਿਚ ਚੋਣਾਂ ਦਾ ਅਮਲ ਸ਼ਾਂਤੀਪੂਰਬਕ ਢੰਗ ਨਾਲ ਸਿਰੇ ਚੜਾਉਣ ਲਈ ਪੈਰਾ ਮਿਲਟਰੀ ਫੋਰਸ ਦੀਆਂ 16 ਕੰਪਨੀਆਂ ਅਤੇ 4 ਕੰਪਨੀਆਂ ਸਟੇਟ ਆਰਮਡ ਪੁਲੀਸ ਨਾਗਾਲੈਂਡ ਦੀਆਂ ਤਾਇਨਾਤ ਹਨ। ਇਸ ਤੋਂ ਇਲਾਵਾ ਬਰਨਾਲਾ ਪੁਲੀਸ ਦੇ ਮੁਲਾਜ਼ਮ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਡਟੇ ਹੋਏ ਹਨ। ਉਨਾਂ ਦੱਸਿਆ ਕਿ ਤਿੰਨ ਵਿਧਾਨ ਸਭਾ ਹਲਕਿਆਂ ਵਿਚ 43 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਐਲਾਨੇ ਗਏ ਹਨ। ਜ਼ਿਲਾ ਪੁਲੀਸ ਮੁਖੀ ਨੇ ਦੱਸਿਆ ਕਿ ਪੁਲਿਸ ਨਾਲ ਸਬੰਧਤ ਕੋਈ ਵੀ ਚੋਣਾਂ ਸਬੰਧੀ ਸ਼ਿਕਾਇਤ/ਜਾਣਕਾਰੀ ਲਈ 01679-231683, 01679-231684, 01679-231685 ’ਤੇ ਸੰਪਰਕ ਕੀਤਾ ਜਾਵੇ।