ਵੋਟਰ ਜਾਗਰੂਕਤਾ ਅਭਿਆਨ ਤਹਿਤ ਕਰਵਾਇਆ ਜਾ ਰਿਹਾ ਹੈ ਵੀਡੀਓ ਮੇਕਿੰਗ ਮੁਕਾਬਲਾ :ਡੀ.ਸੀ
ਵੋਟਰ ਜਾਗਰੂਕਤਾ ਅਭਿਆਨ ਤਹਿਤ ਕਰਵਾਇਆ ਜਾ ਰਿਹਾ ਹੈ ਵੀਡੀਓ ਮੇਕਿੰਗ ਮੁਕਾਬਲਾ :ਡੀ.ਸੀ
-ਇਨ੍ਹਾਂ ਵੀਡੀਓ ਮੇਕਿੰਗ ਮੁਕਾਬਲਿਆਂ ਵਿੱਚ ਸਕੂਲਾਂ ਤੇ ਕਾਲਜ਼ਾਂ ਦੇ ਵਿਦਿਆਰਥੀ ਲੈਣਗੇ ਭਾਗ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 15 ਫਰਵਰੀ 2022
ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ 55-ਫ਼ਤਹਿਗੜ੍ਹ ਸਾਹਿਬ ਵੱਲੋਂ ਵੋਟਰ ਜਾਗਰੂਕਤਾ ਅਭਿਆਨ ਤਹਿਤ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦਾ ਵੀਡੀਓ ਮੇਕਿੰਗ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਪ੍ਰਾਇਮਰੀ ਵਰਗ ਦੇ ਵਿਦਿਆਰਥੀ, ਅਪਰ ਪ੍ਰਾਇਮਰੀ ਵਰਗ ਅਤੇ ਕਾਲਜ਼ ਪੱਧਰ ਦੇ ਵਿਦਿਆਰਥੀ ਭਾਗ ਲੈ ਸਕਣਗੇ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਇਹ ਵੀਡੀਓ ਮੇਕਿੰਗ ਮੁਕਾਬਲਾ ਪੰਜਾਬ ਵਿਧਾਨ ਸਭਾ ਵੋਟਾਂ ਦੇ ਪ੍ਰਸੰਗ ਵਿੱਚ ਵੋਟਰ ਜਾਗਰੂਕਤਾ ਅਭਿਆਨ ਤਹਿਤ ਕਰਵਾਇਆ ਜਾਵੇਗਾ।
ਸ਼੍ਰੀਮਤੀ ਪੂਨਮਦੀਪ ਕੌਰ ਨੇ ਵੀਡੀਓ ਮੇਕਿੰਗ ਮੁਕਾਬਲੇ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੀਡੀਓ ਘੱਟ ਤੋਂ ਘੱਟ ਇੱਕ ਮਿੰਟ ਦੀ ਅਤੇ ਵੱਧ ਤੋਂ ਵੱਧ ਤਿੰਨ ਮਿੰਟ ਦੀ ਹੋਣੀ ਚਾਹੀਦੀ ਹੈ ਅਤੇ ਵੀਡੀਓ ਕਿਸੇ ਸਿਆਸੀ ਪਾਰਟੀ ਦਾ ਸਿੱਧਾ ਜਾਂ ਅਸਿੱਧਾ ਪ੍ਰਚਾਰ ਨਾ ਕਰਦੀ ਹੋਵੇ। ਉਨ੍ਹਾਂ ਹੋਰ ਦੱਸਿਆ ਕਿ ਪਾਤਰਾਂ ਦੀ ਕੋਈ ਸੀਮਾਂ ਨਹੀਂ ਹੈ, ਪ੍ਰੰਤੂ ਵੀਡੀਓ ਦਾ ਸੁਨੇਹਾ ਸਪਸ਼ਟ ਹੋਣਾ ਚਾਹੀਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਵੀਡੀਓ ਵਿੱਚ ਲੇਖਕ ਤੇ ਨਿਰਦੇਸ਼ਕ ਬਾਹਰ ਦੇ ਹੋ ਸਕਦੇ ਹਨ ਪ੍ਰੰਤੂ ਅਦਾਕਾਰ ਸਬੰਧਤ ਵਰਗ ਦੇ ਵਿਦਿਆਰਥੀ ਹੋਣੇ ਚਾਹੀਦੇ ਹਨ।
ਜ਼ਿਲ੍ਹਾ ਚੋਣ ਅਫਸਰ ਨੇ ਹੋਰ ਦੱਸਿਆ ਕਿ ਵੀਡੀਓ ਵਿੱਚ ਢੁਕਵਾਂ ਸੰਗੀਤ ਵਰਤਿਆ ਜਾ ਸਕਦਾ ਹੈ ਅਤੇ ਵੀਡੀਓ ਐਡਟਿੰਗ ਕਰਕੇ ਬਣਾਈ ਜਾ ਸਕਦੀ ਹੈ।ਇਸ ਤੋਂ ਇਲਾਵਾ ਵੀਡੀਓ ਦੀ ਨੰਬਰਿੰਗ ਵਿੱਚ ਅੱਗੇ ਜਾਂ ਪਿਛੇ ਸੰਸਥਾ ਦਾ ਨਾਮ, ਉਸ ਦਾ ਵਰਗ ਅਤੇ 055-ਫ਼ਤਹਿਗੜ੍ਹ ਸਾਹਿਬ ਜਰੂਰ ਲਿਖਿਆ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਵੀਡੀਓ ਦਾ ਮਾਧਿਅਮ ਪੰਜਾਬੀ, ਅੰਗਰੇਜੀ, ਹਿੰਦੀ ਜਾਂ ਕਿਸੇ ਵੀ ਭਾਸ਼ਾ ਵਿੱਚ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਮੁਕੰਮਲ ਰੂਪ ਵਿੱਚ ਤਿਆਰ ਕਰਕੇ 20 ਫਰਵਰੀ, 2022 ਤੱਕ ਈਮੇਲ fatehgarhsahib055@gmail.comਤੇ ਭੇਜਣੀ ਜਰੂਰੀ ਹੈ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਹਰੇਕ ਵਰਗ ਵਿੱਚ ਪਹਿਲਾ ਇਨਾਮ 2000/-, ਦੂਜਾ ਇਨਾਮ 1500/-, ਤੀਜਾ ਇਨਾਮ 1100/-, ਚੌਥਾ ਇਨਾਮ 700/- ਅਤੇ ਪੰਜਵਾਂ ਇਨਾਮ 500/-ਰੁਪਏ ਦਾ ਹੋਵੇਗਾ ਅਤੇ ਹਰੇਕ ਸੰਸਥਾ ਨੂੰ ਪ੍ਰਮਾਣ ਪੱਤਰ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨਾਮ ਹਰੇਕ ਵਰਗ ਵਿੱਚ ਤਾਂ ਹੀ ਦਿੱਤਾ ਜਾਵੇਗਾ ਜੇਕਰ ਉਸ ਕੈਟਾਗਿਰੀ ਵਿੱਚ ਘੱਟੋ-ਘੱਟ 25 ਐਂਟਰੀਆਂ ਹੋਣਗੀਆਂ। ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਮੋਬਾਇਲ ਨੰ: 98768-20600 ਅਤੇ 90417-91000 ਤੇ ਸੰਪਰਕ ਕੀਤਾ ਜਾ ਸਕਦਾ ਹੈ।