ਵੈਕਸੀਨੇਸ਼ਨ ਲਗਾਉਣ ਦੀ ਪ੍ਰਕਿਰਿਆ ਵਿੱਚ ਲਿਆਂਦੀ ਜਾਵੇ ਤੇਜ਼ੀ-ਡਿਪਟੀ ਕਮਿਸ਼ਨਰ
ਵੈਕਸੀਨੇਸ਼ਨ ਲਗਾਉਣ ਦੀ ਪ੍ਰਕਿਰਿਆ ਵਿੱਚ ਲਿਆਂਦੀ ਜਾਵੇ ਤੇਜ਼ੀ-ਡਿਪਟੀ ਕਮਿਸ਼ਨਰ
- ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ 26 ਜਨਵਰੀ 2022
ਵਿਧਾਨ ਸਭਾ ਚੋਣਾਂ ਦੇ ਨਾਲ-ਨਾਲ ਵੈਕਸੀਨੇਸ਼ਨ ਲਗਾਉਣ ਦੀ ਪ੍ਰਕਿਰਿਆ ਵਿੱਚ ਵੀ ਤੇਜ਼ੀ ਲਿਆਂਦੀ ਜਾਵੇ। ਪਿੰਡ ਪੱਧਰ ਤੋਂ ਲੈ ਕੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਜਿੱਥੇ ਵੈਕਸੀਨੇਸ਼ਨ ਬਹੁਤ ਘੱਟ ਹੋਈ ਹੈ ਸਬੰਧੀ ਯੋਜਨਾ ਉਲੀਕ ਕੇ ਵੱਧ ਤੋਂ ਵੱਧ ਵੈਕਸੀਨ ਲਗਾਈ ਜਾਵੇ। ਜ਼ਿਲ੍ਹਾ ਚੋਣ ਅਫਸਰ ਕਮ-ਡਿਪਟੀ ਕਮਿਸ਼ਨਰ ਗਿਰਿਸ਼ ਦਿਆਲਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬੈਠਕ ਦੌਰਾਨ ਨਿਰਦੇਸ਼ ਦਿੰਦਿਆਂ ਕਿਹਾ ਕਿ ਵੈਕਸੀਨੇਸ਼ਨ ਲਗਾਉਣ ਦੀ ਪ੍ਰਕਿਰਿਆ ਆਸਾਨ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਵੈਕਸੀਨੇਸ਼ਨ ਲਗਵਾਉਣ ਤੋਂ ਪਹਿਲਾ ਨਾਮ, ਉਮਰ, ਆਈ.ਡੀ.ਨੰਬਰ ਅਤੇ ਮੋਬਾਇਲ ਨੰਬਰ ਸਬੰਧੀ ਪਹਿਲਾ ਤੋਂ ਹੀ ਲਿਸਟ ਬਣਾ ਲਈ ਜਾਵੇ ਅਤੇ ਮੌਕੇ ਤੇ ਇਸ ਨੂੰ ਅੱਪਲੋਡ ਕਰਨ ਲਈ ਟਾਈਮ ਜਾਇਆ ਨਾ ਕੀਤਾ ਜਾਵੇ। ਜਿਹੜਾ ਵੀ ਵੈਕਸੀਨ ਲਗਾਉਣ ਆਉਂਦਾ ਹੈ ਉਸੇ ਵੇਲੇ ਹੀ ਉਸਦੀ ਵੈਕਸੀਨ ਲਗਾ ਦਿੱਤੀ ਜਾਵੇ ਅਤੇ ਅੱਪਲੋਡ ਸਬੰਧੀ ਡਾਟਾ ਵੱਖਰੇ ਤੌਰ ਤੇ ਬਾਅਦ ਵਿੱਚ ਡਾਟਾ ਐਂਟਰੀ ਅਪਰੇਟਰ ਦੁਆਰਾ ਅਪਲੋਡ ਕੀਤਾ ਜਾਵੇ ਇਸ ਤਰ੍ਹਾਂ ਵੈਕਸੀਨ ਲਗਾਉਣ ਵਾਲੇ ਨੂੰ ਵੈਕਸੀਨ ਲਗਾਉਣ ਲਈ ਇੰਤਜਾਰ ਨਹੀਂ ਕਰਨਾ ਪਵੇਗਾ ਅਤੇ ਤੇਜ਼ੀ ਨਾਲ ਵੈਕਸੀਨ ਲੱਗੇਗੀ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਹਰ ਇੱਕ ਵਿਭਾਗ ਦਾ ਸਹਿਯੋਗ ਲਿਆ ਜਾਵੇ। ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਈਓਜ਼, ਆਂਗਣਵਾੜੀ ਤੇ ਆਸਾ ਵਰਕਰ, ਸਰਪੰਚ, ਪੰਚਾਇਤ ਸੈਕਟਰੀ, ਐੱਨ.ਜੀਓ, ਐੱਮ.ਸੀ.ਆਦਿ ਦਾ ਸਹਿਯੋਗ ਲਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਵੈਕਸੀਨੇਸ਼ਨ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੇ ਲਈ ਵੱਖਰੇ ਤੌਰ ਤੇ ਇਨਸੈਂਟਿਵ ਵੀ ਦਿੱਤਾ ਜਾਵੇਗਾ ਅਤੇ ਜੋ ਵੈਕਸੀਨੇਸ਼ਨ ਵਧਾਉਣ ਲਈ ਵਧੀਆ ਕੰਮ ਕਰੇਗਾ ਉਸਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵੈਕਸੀਨੇਸ਼ਨ ਲਗਾਉਣ ਦੇ ਕੰਮ ਨੂੰ ਪਹਿਲ ਦਿੱਤੀ ਜਾਵੇ ਅਤੇ ਹਰ ਹਾਲਤ ਵਿੱਚ ਜਿਸ ਨੇ ਵੈਕਸੀਨੇਸ਼ਨ ਨਹੀਂ ਲਗਾਈ ਹੈ ਉਸਨੂੰ ਵੈਕਸੀਨੇਸ਼ਨ ਲਗਾਉਣ ਲਈ ਜ਼ਮੀਨੀ ਪੱਧਰ ਤੇ ਯੋਜਨਾ ਉਲੀਕ ਕੇ ਕੰਮ ਕੀਤਾ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨ. ਅਮਿਤ ਮਹਾਜਨ, ਐੱਸ.ਡੀ. ਐਮ. ਫਿਰੋਜ਼ਪੁਰ ਓਮ ਪ੍ਰਕਾਸ਼, ਐੱਸ.ਡੀ.ਐੱਮ ਗੁਰੂਹਰਸਹਾਏ ਬਬਨਦੀਪ ਸਿੰਘ, ਐੱਸ.ਡੀ.ਐੱਮ ਜ਼ੀਰਾ ਸੂਬਾ ਸਿੰਘ ਅਤੇ ਸਿਵਲ ਸਰਜਨ ਡਾ. ਰਜਿੰਦਰ ਅਰੋੜਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।