ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਸ਼ੁਰੂ
ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖਲ ਕਰਨ ਦਾ ਅਮਲ ਸ਼ੁਰੂ
- ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਉਮੀਦਵਾਰ ਨਾਲ 2 ਵਿਅਕਤੀ ਹੀ ਜਾ ਸਕਣਗੇ
ਪਰਦੀਪ ਕਸਬਾ ,ਸੰਗਰੂਰ, 25 ਜਨਵਰੀ:2022
ਪੰਜਾਬ ਵਿੱਚ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ- 2022 ਲਈ ਨਾਮਜ਼ਦਗੀਆਂ ਭਰਨ ਦਾ ਅਮਲ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ 5 ਵਿਧਾਨ ਸਭਾ ਹਲਕਿਆਂ ਵਿੱਚ ਨਾਮਜ਼ਦਗੀ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਦੇ ਅਨੁਸਾਰ 25 ਜਨਵਰੀ ਨੂੰ ਨੋਟਿਸ ਜਾਰੀ ਹੋ ਗਿਆ ਹੈ ਅਤੇ ਨਾਮਜ਼ਦਗੀ ਪੱਤਰ ਭਰਨ ਦੀ ਆਖ਼ਰੀ ਮਿਤੀ ਇੱਕ ਫਰਵਰੀ ਹੋਵੇਗੀ ਅਤੇ ਉਮੀਦਵਾਰ ਜਾਂ ਉਸ ਦੇ ਕਿਸੇ ਵੀ ਪ੍ਰਸਤਾਵਕ ਦੁਆਰਾ ਨਾਮਜ਼ਦਗੀ ਪੱਤਰ 1 ਫ਼ਰਵਰੀ , 2022 ਤੱਕ (ਸਰਕਾਰੀ ਛੁੱਟੀ ਤੋਂ ਬਿਨਾਂ) ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਦਾਖ਼ਲ ਕੀਤੇ ਜਾ ਸਕਦੇ ਹਨ। ਜਦਕਿ ਨਾਮਜ਼ਦਗੀਆਂ ਦੀ ਪਡ਼ਤਾਲ 2 ਫ਼ਰਵਰੀ ਨੂੰ ਕੀਤੀ ਜਾਵੇਗੀ ।ਉਮੀਦਵਾਰੀ ਵਾਪਸ ਲੈਣ ਦੀ ਆਖ਼ਰੀ ਮਿਤੀ 4 ਫਰਵਰੀ ਨਿਸ਼ਚਿਤ ਕੀਤੀ ਗਈ ਹੈ ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਰਿਟਰਨਿੰਗ ਅਫਸਰ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਉਮੀਦਵਾਰ ਨਾਲ 2 ਵਿਅਕਤੀ ਹੀ ਜਾ ਸਕਣਗੇ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਜਾਣ ਲਈ ਪਹਿਲਾਂ ਤੋਂ ਜਾਰੀ 3 ਗੱਡੀਆਂ ਦੀ ਗਿਣਤੀ ਨੂੰ ਘਟਾ ਕੇ 2 ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਲਹਿਰਾ (99) ਲਈ ਨਾਮਜ਼ਦਗੀ ਪੱਤਰ ਉਪ ਮੰਡਲ ਮੈਜਿਸਟ੍ਰੇਟ ਲਹਿਰਾ ਦੇ ਦਫ਼ਤਰ,ਵਿਧਾਨ ਸਭਾ ਹਲਕਾ ਦਿੜ੍ਹਬਾ (100) ਲਈ ਨਾਮਜ਼ਦਗੀ ਪੱਤਰ ਉਪਮੰਡਲ ਮੈਜਿਸਟ੍ਰੇਟ ਦਿੜ੍ਹਬਾ (ਬਿਲਡਿੰਗ ਮਾਰਕੀਟ ਕਮੇਟੀ ) ਦੇ ਦਫ਼ਤਰ ,ਵਿਧਾਨ ਸਭਾ ਹਲਕਾ ਸੁਨਾਮ (101) ਲਈ ਉੱਪ ਮੰਡਲ ਮੈਜਿਸਟ੍ਰੇਟ ਸੁਨਾਮ ਦੇ ਦਫ਼ਤਰ,ਵਿਧਾਨ ਸਭਾ ਹਲਕਾ ਧੂਰੀ (107) ਲਈ ਕੋਰਟ ਰੂਮ ਉਪਮੰਡਲ ਮੈਜਿਸਟ੍ਰੇਟ ਧੂਰੀ ਅਤੇ ਵਿਧਾਨ ਸਭਾ ਹਲਕਾ ਸੰਗਰੂਰ (108) ਲਈ ਉਪ ਮੰਡਲ ਮੈਜਿਸਟ੍ਰੇਟ ਸੰਗਰੂਰ ਦੇ ਦਫ਼ਤਰ ਦੇ ਕਮਰਾ ਨੰਬਰ 1 ਕੋਰਟ ਰੂਮ ਵਿਖੇ ਦਾਖ਼ਲ ਕੀਤੇ ਜਾ ਸਕਦੇ ਹਨ ।