ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵਿੱਚ ਹਲਚਲ
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵਿੱਚ ਹਲਚਲ
- ਰਾਜਨੀਤਿਕ ਪਾਰਟੀਆਂ ਕੱਸ ਰਹੀਆਂ ਹਨ ਇੱਕ ਦੂਜੇ ਪ੍ਰਤੀ ਵਿਚਾਂਰ-ਵਟਾਂਦਰਾ
ਰਵੀ ਸੈਣ,ਬਰਨਾਲਾ,3 ਫਰਵਰੀ:2022
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਧੜਾਵੀਆਂ ਵਾਂਗ ਹਲਕਾ ਭਦੌੜ ਵਿਖੇ ਆ ਰਿਹਾ ਹੈ। ਜੇਕਰ ਉਨ੍ਹਾਂ ਨੂੰ ਹਲਕਾ ਭਦੌੜ ਦੇ ਲੋਕਾਂ ਨਾਲ ਸੁੱਚਮੁੱਚ ਹੀ ਮੋਹ ਹੈ ਤਾਂ ਉਹ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਨਾਮਜਦਗੀ ਵਾਪਸ ਲੈ ਕੇ ਇਕੱਲੇ ਹਲਕਾ ਭਦੌੜ ਤੋਂ ਚੋਣ ਲੜ੍ਹਨ ਤਾਂ ਜੋ ਹਲਕਾ ਭਦੌੜ ਦੇ ਲੋਕਾਂ ਨਾਲ ਧੋਖਾ ਨਾ ਹੋ ਸਕੇ। ਇਹ ਸ਼ਬਦ ਹਲਕਾ ਭਦੌੜ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਕਸਬਾ ਸ਼ਹਿਣਾ ਵਿਖੇ ਮਹਿਲਾ ਕਾਂਗਰਸ ਦੀ ਜ਼ਿਲਾ ਜਨਰਲ ਸਕੱਤਰ ਤੇ ਮਜੂਦਾ ਪੰਚ ਜਸਪਾਲ ਕੌਰ ਦਿਉਲ ਨੂੰ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਹਿਲਾ ਅਕਾਲੀ ਦਲ ਨਿਯੁਕਤ ਕਰਨ ਸਮੇਂ ਉਨ੍ਹਾਂ ਦੇ ਗ੍ਰਹਿ ਵਿਖੇ ਕਹੇ। ਇਸ ਉਪਰੰਤ ਐਡਵੋਕੇਟ ਰਾਹੀ ਨੇ ਬੀਬੀ ਜਸਪਾਲ ਕੌਰ ਦਿਉਲ, ਉਨ੍ਹਾਂ ਦੇ ਪਤੀ ਹਰਬੰਸ ਸਿੰਘ ਤੇ ਬੀਬੀ ਚਰਨਜੀਤ ਕੌਰ ਨੂੰ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ। ਇਕ ਸਵਾਲ ਦੇ ਜਵਾਬ ਵਿੱਚ ਐਡਵੋਕੇਟ ਰਾਹੀ ਨੇ ਕਿਹਾ ਕਿ ਦਰਬਾਰਾ ਸਿੰਘ ਗੁਰੂ ਨੂੰ ਪਾਰਟੀ ਨੇ ਬਹੁਤ ਮਾਣ, ਸਨਮਾਣ ਤੋਂ ਇਲਾਵਾ ਉੱਚ ਅਹੁਦਾ ਦੇ ਕੇ ਨਿਵਾਜਿਆ ਸੀ। ਪਰ ਪਾਰਟੀ ਛੱਡਣ ਨਾਲ ਉਨ੍ਹਾਂ ਨੂੰ ਦੁੱਖ ਜਰੂਰ ਹੋਇਆ ਹੈ, ਜਦ ਕਿ ਪਾਰਟੀ ਵਿੱਚ ਉਤਰਾਅ ਚੜਾਅ ਤਾਂ ਆਉਂਦੇ ਜਾਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੇ ਵਿਧਾਇਕ ਦੀ ਟਿਕਟ ਕੱਟ ਕੇ ਦਰਬਾਰਾ ਸਿੰਘ ਗੁਰੂ ਨੂੰ ਵੀ ਦਿੱਤੀ ਸੀ ਤੇ ਹੁਣ ਉਨ੍ਹਾਂ ਦੀ ਟਿਕਟ ਕੱਟੀ ਨਹੀਂ ਗਈ, ਬਲਕਿ ਗੱਠਜੋੜ ਸਮਝੌਤੇ ਦੌਰਾਨ ਬਸਪਾ ਦੇ ਹਿੱਸੇ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਹੀ ਵਿਅਕਤੀ ਵੱਡਾ ਹੁੰਦਾਂ ਹੈ, ਪਰ ਪਾਰਟੀ ਛੱਡ ਜਾਣ ਵਾਲਾ ਵਿਅਕਤੀ ਆਪਣਾ ਸਿਆਸੀ ਕੈਰੀਅਰ ਖਤਮ ਕਰ ਲੈਦਾਂ ਹੈ। ਇਸ ਮੌਕੇ ਰਮਨਦੀਪ ਸਿੰਘ ਕਲੇਰ, ਗਗਨਦੀਪ ਸਿੰਗਲਾ, ਮਨਪ੍ਰੀਤ ਨੰਬਰਦਾਰ ਆਦਿ ਹਾਜ਼ਰ ਸਨ।
ਸੁਖਬੀਰ ਦੀ ਹਾਜ਼ਰੀ ਵਿੱਚ ਵੱਡੀ ਗਿਣਤੀ ਕਾਂਗਰਸੀ ਹੋਣਗੇ ਅਕਾਲੀ ਦਲ ਵਿੱਚ
ਇਸ ਦੌਰਾਨ ਬੀਬੀ ਜਸਪਾਲ ਕੌਰ ਪੰਚ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਹਿਲਾ ਅਕਾਲੀ ਦਲ ਨੇ ਕਿਹਾ ਕਿ ਪਾਰਟੀ ਲਈ ਦਿਨ ਰਾਤ ਇਕ ਕਰਨ ਦੇ ਬਾਵਜੂਦ ਕਾਂਗਰਸ ਵਿੱਚ ਉਨ੍ਹਾਂ ਦੀ ਖੁਦ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਆਮਦ ‘ਤੇ ਸ਼ਹਿਣਾ ਦੇ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਵੇ ਵਰਕਰ ਅੱਜ ਵੀ ਸ਼ਾਮਲ ਹੋਣ ਲਈ ਉਤਾਵਲੇ ਸਨ, ਪਰ ਜ਼ਿਆਦਾ ਇਕੱਠ ਨਾ ਕਰਨ ਕਰਕੇ ਇਹ ਅਗਲੇ ਦਿਨਾਂ ‘ਤੇ ਰੱਖਿਆ ਗਿਆ ਹੈ।