ਵਧੀਕ ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰ ਦੀ ਕੀਤੀ ਚੈਕਿੰਗ
ਵਧੀਕ ਡਿਪਟੀ ਕਮਿਸ਼ਨਰ ਨੇ ਸੇਵਾ ਕੇਂਦਰ ਦੀ ਕੀਤੀ ਚੈਕਿੰਗ
- ਲੋਕਾਂ ਦੇ ਕੰਮ ਤੈਅ ਸਮੇਂ ਤੋਂ ਪਹਿਲਾਂ ਹੋਣ ’ਤੇ ਕੀਤਾ ਤਸੱਲੀ ਦਾ ਪ੍ਰਗਟਾਵਾ
- ਵੱਖ-ਵੱਖ ਸਕੀਮਾਂ ਦੇ ਲਾਭਪਾਤਰਾਂ ਨੇ ਤੈਅ ਸਮੇਂ ਅੰਦਰ ਕੰਮ ਹੋਣ ਲਈ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 17 ਦਸੰਬਰ: 2021
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਨੀਤਾ ਦਰਸ਼ੀ ਨੇ ਅੱਜ ਸੇਵਾ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ। ਚੈਕਿੰਗ ਦੌਰਾਨ ਉਨ੍ਹਾਂ ਪਾਇਆ ਕਿ ਸੇਵਾ ਕੇਂਦਰ ਵੱਲੋਂ ਲੋਕਾਂ ਦੇ ਕੰਮ ਤੈਅ ਸਮੇਂ ਤੋਂ ਪਹਿਲਾਂ ਪੂਰੇ ਕੀਤੇ ਜਾ ਰਹੇ ਹਨ ਜਿਸ ਦੀ ਉਨ੍ਹਾਂ ਸ਼ਲਾਘਾ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਦਰਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕੰਮ ਤੈਅ ਸਮੇਂ ਅੰਦਰ ਕਰਨ ਸਬੰਧੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਲੋਕਾਂ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕੰਮ ਇੱਕੋ ਛੱਤ ਹੇਠ ਤੈਅ ਸਮੇਂ ਅੰਦਰ ਕੀਤੇ ਜਾਂਦੇ ਹਨ ਜਿਸ ਨਾਲ ਲੋਕਾਂ ਨੂੰ ਵੱਖ-ਵੱਖ ਦਫ਼ਤਰਾਂ ਦੇ ਗੇੜੇ ਨਹੀਂ ਮਾਰਨੇ ਪੈਂਦੇ ਅਤੇ ਉਨ੍ਹਾਂ ਦੇ ਕੰਮ ਤੈਅ ਸਮੇਂ ਅੰਦਰ ਹੋ ਜਾਂਦੇ ਹਨ।
ਸੇਵਾ ਕੇਂਦਰ ਵਿੱਚ ਪੈਨਸ਼ਨ ਦੇ ਮਨਜੂਰੀ ਪੱਤਰ ਲੈਣ ਆਏ ਪਿੰਡ ਸ਼ਾਦੀਪੁਰ ਦੇ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਅਤੇ ਤਾਈ ਜੀ ਨੇ ਇੱਕ ਹਫਤਾ ਪਹਿਲਾਂ ਪੈਨਸ਼ਨ ਦੇ ਫਾਰਮ ਭਰੇ ਸਨ ਅਤੇ ਉਨ੍ਹਾਂ ਨੂੰ ਅੱਜ ਸੇਵਾ ਕੇਂਦਰ ਵਿੱਚ ਬੁਲਾ ਕੇ ਮਨਜੂਰੀ ਪੱਤਰ ਦਿੱਤਾ ਗਿਆ ਹੈ ਇਸ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ।
ਇਸੇ ਤਰ੍ਹਾਂ ਪਿੰਡ ਸੈਦਪੁਰਾ ਦੇ ਐਡਵੋਕੇਟ ਪਵਨਜੀਤ ਸਿੰਘ ਸੈਦਪੁਰਾ ਨੇ ਦੱਸਿਆ ਕਿ ਉਸ ਨੇ ਵਿਆਹ ਦੀ ਰਜਿਸਟਰੇਸ਼ਨ ਕਰਵਾਉਣੀ ਸੀ ਜੋ ਕਿ ਅੱਜ ਮੁਕੰਮਲ ਹੋ ਗਈ ਹੈ ਅਤੇ ਉਸ ਨੂੰ ਸਰਟੀਫਿਕੇਟ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਫੈਸਲੇ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਤੈਅ ਸਮੇਂ ਅੰਦਰ ਮੈਰਿਜ ਰਜਿਸਟਰੇਸ਼ਨ ਦਾ ਸਰਟੀਫਿਕੇਟ ਮਿਲਣ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ।
ਹਮਾਯੂਪੁਰ ਸਰਹਿੰਦ ਦੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਸ ਨੇ ਲੇਬਰ ਕਾਰਡ ਬਣਵਾਉਣਾ ਸੀ ਜਿਸ ਲਈ ਉਸ ਨੇ ਫਾਰਮ ਭਰੇ ਸਨ। ਉਸ ਨੇ ਕਿਹਾ ਕਿ ਉਸ ਨੂੰ ਅੱਜ ਤੈਅ ਸਮੇਂ ਵਿੱਚ ਸੇਵਾ ਕੇਂਦਰ ਵੱਲੋਂ ਲੇਬਰ ਕਾਰਡ ਦਿੱਤਾ ਗਿਆ ਹੈ। ਰਾਜੇਸ਼ ਕੁਮਾਰ ਨੇ ਤੈਅ ਸਮੇਂ ਅੰਦਰ ਲੋਕਾਂ ਦੇ ਕੰਮ ਹੋਣ ਸਬੰਧੀ ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ।ਕੈਪਸ਼ਨ:
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਅਨੀਤਾ ਦਰਸ਼ੀ, ਸੇਵਾ ਕੇਂਦਰ ਫ਼ਤਹਿਗੜ੍ਹ ਸਾਹਿਬ ਵਿਖੇ ਵੱਖ-ਵੱਖ ਸਕੀਮਾਂ ਦੇ ਲਾਭਪਾਤਰਾਂ ਨੂੰ ਸਰਟੀਫਿਕੇਟ ਵੰਡਦੇ ਹੋਏ।