ਲੁਧਿਆਣਾ ‘ਚ 100 ਫੁੱਟ ਉੱਚਾ ਤਿਰੰਗਾ ਹੋਵੇਗਾ ਸਥਾਪਤ- ਭਾਰਤ ਭੂਸ਼ਣ ਆਸ਼ੂ
– ਝੰਡਾ ਸਥਾਪਤ ਕਰਨ ਦਾ ਕੰਮ ਜਾਰੀ, ਅਗਲੇ ਕੁੱਝ ਦਿਨਾਂ ‘ਚ ਮੁਕੰਮਲ ਹੋਣ ਦੀ ਹੈ ਉਮੀਦ
ਦਵਿੰਦਰ ਡੀ.ਕੇ,ਰਾਏਕੋਟ (ਲੁਧਿਆਣਾ), 6 ਦਸੰਬਰ – 2021
ਸਾਡੇ ਲੁਧਿਆਣਾ ‘ਚ ਵਸਦੇ ਸਾਥੀਆਂ ‘ਚ ਰਾਸ਼ਟਰੀ ਏਕਤਾ ਦੀ ਭਾਵਨਾ ਪੈਦਾ ਕਰਨ ਦੇ ਮੰਤਵ ਨਾਲ, ਸ਼ਹਿਰ ਵਿੱਚ ਜਲਦ ਹੀ 100 ਫੁੱਟ ਉੱਚਾ ਰਾਸ਼ਟਰੀ ਝੰਡਾ ਸਥਾਪਤ ਕੀਤਾ ਜਾਵੇਗਾ। ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਯਤਨਾਂ ਸਦਕਾ ਜਗਰਾਉਂ ਪੁਲ ‘ਤੇ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਬੁੱਤਾਂ ਨੇੜੇ ਤਿਰੰਗਾ ਸਥਾਪਤ ਕੀਤਾ ਜਾ ਰਿਹਾ ਹੈ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ 100 ਫੁੱਟ ਉੱਚਾ ਤਿਰੰਗਾ ਸਥਾਪਤ ਕਰਨ ਦੇ ਨਾਲ-ਨਾਲ ਉਸਦੀ ਦਿੱਖ ਨੂੰ ਮਨਮੋਹਕ ਬਣਾਉਣ ਲਈ ਵਿਸ਼ੇਸ਼ ਐਲ.ਈ.ਡੀ. ਲਾਈਟਾਂ ਦੀ ਵਰਤੋਂ ਕੀਤੀ ਜਾਵੇਗੀ, ਜਿਸ ਨਾਲ ਉਸਦੇ ਅੰਦਰੂਨੀ ਖੇਤਰ ਦਾ ਸੁੰਦਰੀਕਰਨ ਵੀ ਕੀਤਾ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਅਗਲੇ ਕੁਝ ਦਿਨਾਂ ਵਿੱਚ ਇਸ ਸਬੰਧੀ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਝੰਡੇ ਦਾ ਮਾਪ 20 ਫੁੱਟ × 30 ਫੁੱਟ ਹੋਵੇਗਾ ਅਤੇ ਤਿਰੰਗਾ ਲਹਿਰਾਉਣ ਲਈ ਵਿਸ਼ੇਸ਼ ਇਲੈਕਟ੍ਰੀਕਲ ਮੋਟਰ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਝੰਡੇ ਦਾ ਕੰਮ ਮੁਕੰਮਲ ਹੋ ਜਾਣ ‘ਤੇ ਸਾਡਾ ਰਾਸ਼ਟਰੀ ਝੰਡਾ ਵੀ ਦੂਰੋਂ ਨਜ਼ਰ ਆਵੇਗਾ।
ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਬੁੱਤਾਂ ਨੂੰ ਉਜਾਗਰ ਕਰਨ ਲਈ ਵੀ ਵਿਸ਼ੇਸ਼ ਐਲ.ਈ.ਡੀ. ਲਾਈਟਾਂ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੁਧਿਆਣਾ ਸਮਾਰਟ ਸਿਟੀ ਲਿਮਟਿਡ, ਲੁਧਿਆਣਾ ਸ਼ਹਿਰ ਵਿੱਚ ਸਾਰੇ ਸੁਤੰਤਰਤਾ ਸੈਨਾਨੀਆਂ ਅਤੇ ਉੱਘੀਆਂ ਸ਼ਖਸੀਅਤਾਂ ਦੇ ਬੁੱਤਾਂ ‘ਤੇ ਵਿਸ਼ੇਸ਼ ਐਲ.ਈ.ਡੀ. ਲਾਈਟਾਂ ਲਗਾਉਣ ਦੀ ਪ੍ਰਕਿਰਿਆ ਵਿੱਚ ਹੈ।