ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਤਮਗਾ ਜੇਤੂ ਗੁਰਦੀਪ ਸਿੰਘ ਦਾ ਖੰਨਾ ਪਹੁੰਚਣ ‘ਤੇ ਜ਼ੋਰਦਾਰ ਸਵਾਗਤ
ਰਾਸ਼ਟਰਮੰਡਲ ਖੇਡਾਂ ‘ਚ ਕਾਂਸੀ ਤਮਗਾ ਜੇਤੂ ਗੁਰਦੀਪ ਸਿੰਘ ਦਾ ਖੰਨਾ ਪਹੁੰਚਣ ‘ਤੇ ਜ਼ੋਰਦਾਰ ਸਵਾਗਤ
ਖੰਨਾ/ਲੁਧਿਆਣਾ, 07 ਅਗਸਤ (ਦਵਿੰਦਰ ਡੀ ਕੇ)
ਕਾਮਨਵੈਲਥ ਖੇਡਾਂ ਬਰਮਿੰਘਮ 2022 ਵਿੱਚ ਵੇਟ ਲਿਫਟਿੰਗ ਦੀ ਹੈਵੀ ਵੇਟ ਕੈਟਾਗਿਰੀ ਵਿੱਚ ਕਾਂਸੀ ਤਮਗਾ ਜਿੱਤਣ ਵਾਲੇ ਸ੍ਰੀ ਗੁਰਦੀਪ ਸਿੰਘ ਪਿੰਡ ਮਾਜਰੀ ਦਾ ਖੰਨਾ ਸ਼ਹਿਰ ਵਿੱਚ ਪਹੁੰਚਣ ‘ਤੇ ਸਥਾਨਕ ‘ਸੈਲੀਬ੍ਰੇਸ਼ਨ ਬਾਜ਼ਾਰ’ ਨੇੜੇ ਜੀ.ਟੀ. ਰੋਡ ਵਿਖੇ, ਪੰਜਾਬ ਸਰਕਾਰ ਦੀ ਤਰਫੋਂ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਸ. ਤਰੁਨਪ੍ਰੀਤ ਸਿੰਘ ਸੌਂਦ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਦੀ ਤਰਫੋਂ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਮਰਜੀਤ ਬੈਂਸ ਵੱਲੋਂ ਵੱਖ-ਵੱਖ ਸਨਮਾਨ ਚਿੰਨ੍ਹ ਦੇ ਕੇ ਭਰਵਾ ਸਵਾਗਤ ਕੀਤਾ ਅਤੇ ਮੁਬਾਰਕਬਾਦ ਦਿੱਤੀ।
ਵਿਧਾਇਕ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਆਪਣੇ ਵਿਧਾਨ ਸਭਾ ਹਲਕਾ ਖੰਨਾ ਵਿਖੇ ਖਿਡਾਰੀ ਗੁਰਦੀਪ ਸਿੰਘ ਵੱਲੋਂ ਪਿੰਡ ਮਾਜਰੀ, ਖੰਨਾ ਸ਼ਹਿਰ, ਜਿਲ੍ਹਾ ਲੁਧਿਆਣਾ, ਪੰਜਾਬ ਅਤੇ ਭਾਰਤ ਦਾ ਨਾਂ ਰੋਸ਼ਨ ਕਰਨ ‘ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਖਿਡਾਰੀ ਗੁਰਦੀਪ ਸਿੰਘ ਦਾ ਬਣਦਾ ਹੋਰ ਮਾਣ-ਸਨਮਾਨ ਦਿਵਾਇਆ ਜਾਵੇਗਾ। ਉਹਨਾਂ ਕਿਹਾ ਕਿ ਚੌਣ ਵਾਅਦੇ ਮੁਤਾਬਿਕ, ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਲਦ ਜਲੰਧਰ ਵਿੱਚ ਇੱਕ ਬਹੁਤ ਵੱਡੀ ਖੇਡ ਯੂਨੀਵਰਸਿਟੀ ਬਨਾਉਣ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ 5 ਸਾਲ ਦੇ ਸਮੇਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ ਅਤੇ ਇਹ ਇੱਕ ਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਹੋਵੇਗੀ ਤਾਂ ਜ਼ੋ ਸਾਡਾ ਯੂਥ ਖੇਡਾਂ ਵਿੱਚ ਵੱਡੀਆਂ ਮੱਲਾਂ ਮਾਰਦਿਆਂ ਪੰਜਾਬ ਦਾ ਨਾਂ ਰੋਸ਼ਨ ਕਰ ਸਕੇ। ਇਸ ਮੌਕੇ ਹੋਰਨਾ ਤੋਂ ਇਲਾਵਾ ਤਹਿਸੀਲਦਾਰ ਖੰਨਾ ਸ੍ਰੀ ਨਵਦੀਪ ਸਿੰਘ ਭੋਗਲ, ਸ੍ਰੀ ਕਰਮਚੰਦ ਸ਼ਰਮਾ ਬੁਲਾਰਾ ਆਮ ਆਦਮੀ ਪਾਰਟੀ, ਯੂਥ ਪ੍ਰਧਾਨ ਸ੍ਰੀ ਗੁਰਸੀਰਤ ਸਿੰਘ, ਸ੍ਰੀ ਮਹੇਸ਼ ਕੁਮਾਰ ਪੀ.ਏ, ਸ੍ਰੀ ਜਸਵਿੰਦਰ ਸਿੰਘ ਬਲਿੰਗ, ਸ੍ਰੀ ਗੁਰਮਿੰਦਰ ਸਿੰਘ, ਸ੍ਰੀ ਗੁਰਜੀਤ ਸਿੰਘ ਗਿੱਲ, ਸ੍ਰੀ ਮਨਜੋਤ ਸਿੰਘ ਭੱਟੀ, ਸ੍ਰੀ ਕੁਲਵੰਤ ਸਿੰਘ ਮਹਿਮੀ, ਸ੍ਰੀ ਦਿਲਬਾਗ ਸਿੰਘ ਬਬਲੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।