ਭਾਸ਼ਾ ਵਿਭਾਗ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਕਵੀ ਦਰਬਾਰ ਦਾ ਆਯੋਜਨ
ਭਾਸ਼ਾ ਵਿਭਾਗ ਵੱਲੋਂ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਕਵੀ ਦਰਬਾਰ ਦਾ ਆਯੋਜਨ
-ਜੁਗ ਜੁਗ ਜੀਵੇ ਸਾਡੀ ਪਿਆਰੀ ਮਿੱਠੀ ਜ਼ੁਬਾਨ
ਰਿਚਾ ਨਾਗਪਾਲ,ਪਟਿਆਲਾ 21 ਫਰਵਰੀ 2022
ਭਾਸ਼ਾ ਵਿਭਾਗ ਪੰਜਾਬ ਵੱਲੋਂ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਅੱਜ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਮਾਤ ਭਾਸ਼ਾ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ।ਜਿਸ ਦੌਰਾਨ ਨਾਮਵਰ ਕਵੀਆਂ ਨੇ ਆਪਣੇ ਕਲਾਮ ਪੇਸ਼ ਕੀਤੇ। ਭਾਸ਼ਾ ਵਿਭਾਗ ਦੀ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਦੇਖ-ਰੇਖ ‘ਚ ਹੋਏ ਇਸ ਕਵੀ ਦਰਬਾਰ ‘ਚ ਹਿੱਸਾ ਲੈਣ ਵਾਲੇ ਕਵੀਆਂ ਨੂੰ ਵਿਭਾਗ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਕਵੀ ਦਰਬਾਰ ਦੀ ਸ਼ੁਰੂਆਤ ਕੁਲਵੰਤ ਸੈਦੋਕੇ ਨੇ ਆਪਣੀ ਰਚਨਾ ਮਾਂ ਬੋਲੀ ਪੰਜਾਬੀ ਸਾਡੀ ਜੁਗ ਜੁਗ ਜੀਵੇ ਨੂੰ ਤੁਰੰਨਮ ‘ਚ ਗਾਕੇ ਕੀਤੀ। ਬਾਲ ਸਾਹਿਤ ਪੁਰਸਕਾਰ ਜੇਤੂ ਕਵੀ ਸੱਤਪਾਲ ਭੀਖੀ ਨੇ ‘ਗੁਰੁ ਕਰਕੇ ਬੰਦਾ ਵੀ ਬਹਾਦਰ ਬਣ ਗਿਆ ਨਹੀਂ ਤਾਂ ਮਿੱਟੀ ਦਾ ਮਾਧੋ ਸੀ’ ਰਾਹੀਂ ਅਰਥਪੂਰਨ ਕਾਵਿ ਦੀ ਪੇਸ਼ਕਾਰੀ ਕੀਤੀ। ਸਤੀਸ਼ ਵਿਦਰੋਹੀ ਨੇ ਪੁਆਧੀ ਬੋਲੀ ‘ਚ ਅਜੋਕੇ ਸਮਾਜਿਕ ਵਰਤਾਰੇ ‘ਤੇ ਵਿਅੰਗ ਕਸਦੀ ਕਵਿਤਾ ‘ਪਹਿਲਾ ਮੈਂ ਠੀਕ ਸੀ ਹੁਣ ਬਿਮਾਰ ਹਾਂ’ ਰਾਹੀਂ ਮਾਹੌਲ ਨੂੰ ਖ਼ੁਸ਼ਨੁਮਾ ਬਣਾ ਦਿੱਤਾ।
ਸਰਬਜੀਤ ਕੌਰ ਜੱਸ ਨੇ ਅਜੋਕੀ ਨੌਜਵਾਨ ਪੀੜ੍ਹੀ ਦੇ ਵਿਦੇਸ਼ ਜਾਣ ਦੇ ਰੁਝਾਨ ਬਾਰੇ ਚਾਨਣਾ ਪਾਉਂਦੀ ਰਚਨਾ ‘ਅੰਗੂਠਾ ਬਾਪੂ ਦਾ ਹਵਾਈ ਅੱਡਾ ਬਣਿਆ ਪੁੱਤਰ ਜਹਾਜ਼ ਚੜ੍ਹ ਗਏ’ ਦੀ ਵਧੀਆ ਪੇਸ਼ਕਾਰੀ ਕੀਤੀ ਅਤੇ ਕੁਝ ਟੱਪੇ ਵੀ ਸੁਣਾਏ। ਧਰਮ ਕੰਮੇਆਣਾ ਨੇ ‘ਕੀ ਫੂਕਣਾ ਪੁੱਤਰਾਂ ਦੀਆਂ ਚੌਧਰਾਂ ਨੂੰ ਜੇ ਮਾਂ ਬੋਲੀ ਦਫ਼ਤਰੋਂ ਬਾਹਰ ਬੈਠੇ’ ਰਾਹੀਂ ਪੰਜਾਬੀ ਮਾਤ ਭਾਸ਼ਾ ਦੀ ਤ੍ਰਾਸ਼ਦੀ ਦਾ ਵਰਨਣ ਕੀਤਾ। ਤਿਰਲੋਕ ਢਿੱਲੋਂ ਨੇ ‘ਜੀਵਨ ਮਾਂ ਬੋਲੀ ਦੇ ਲੇਖੇ ਲਗਾਈਏ ਇੱਕ ਮਹੀਨਾ’ ਰਾਹੀਂ ਮਾਤ ਭਾਸ਼ਾ ਨੂੰ ਸਤਿਕਾਰ ਦੇਣ ਦੀ ਗੱਲ ਕੀਤੀ। ਅੰਮ੍ਰਿਤਪਾਲ ਸੈਦਾ ਨੇ ‘ਜ਼ੁਬਾਨਾਂ ਹਨ ਉਨ੍ਹਾਂ ਕੌਮਾਂ ਦੀਆਂ ਖੁਸ਼ਹਾਲ’ ਰਾਹੀਂ ਮਾਤ ਭਾਸ਼ਾ ਪ੍ਰਤੀ ਸ਼ਰਧਾ ਪ੍ਰਗਟ ਕੀਤੀ। ਡਾ. ਸੰਤੋਖ ਸੁੱਖੀ ਨੇ ‘ਆ ਜਾਵੇ ਕਿਤੇ ਅੱਖ ਸੁਲੱਖਣੀ ਤੁਰ ਜਾਵੇ ਕਾਣੀ’ ਰਾਹੀਂ ਮਾਤ ਭਾਸ਼ਾ ਪ੍ਰਤੀ ਪਿਆਰ ਦਾ ਇਜ਼ਹਾਰ ਕੀਤਾ। ਡਾ. ਗੁਰਮੀਤ ਕੱਲਰਮਾਜਰੀ ਨੇ ‘ਤੇਰੀ ਤੋਤਲੀ ਅਵਾਜ਼ ਨੂੰ…’ ਰਾਹੀਂ ਭਾਸ਼ਾ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾਉਣ ਦੀ ਅਪੀਲ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਤੇਜਿੰਦਰ ਸਿੰਘ ਗਿੱਲ ਨੇ ਨਿਭਾਈ।