Skip to content
Advertisement
ਬ੍ਰਹਮ ਮਹਿੰਦਰਾ ਵੱਲੋਂ ਮਾਤਾ ਚਿੰਤਪੁਰਨੀ ਕਮਰਸ਼ੀਅਲ ਕੰਪਲੈਕਸ ਸਕੀਮ ਦਾ ਆਗਾਜ਼
-ਪੰਜਾਬ ਸਰਕਾਰ ਨੇ ਰਾਜ ਦੀ ਬਿਹਤਰੀ ਲਈ ਕੀਤੇ ਇਤਿਹਾਸਕ ਫੈਸਲੇ
-ਨਾਭਾ ਹਲਕੇ ‘ਚ ਕੋਈ ਵਿਕਾਸ ਕਾਰਜ ਅਧੂਰਾ ਨਹੀਂ ਰਹੇਗਾ-ਸਾਧੂ ਸਿੰਘ ਧਰਮਸੋਤ
ਰਿਚਾ ਨਾਗਪਾਲ,ਨਾਭਾ, 27 ਦਸੰਬਰ:2021
ਪੰਜਾਬ ਤੇ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਤੇ ਸ਼ਿਕਾਇਤ ਨਿਵਾਰਨ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਰਾਜ ਦੇ ਹਰ ਵਰਗ ਦੇ ਲੋਕਾਂ ਦੀ ਬਿਹਤਰੀ ਲਈ ਇਤਿਹਾਸਕ ਫੈਸਲੇ ਕੀਤੇ ਹਨ। ਸ੍ਰੀ ਬ੍ਰਹਮ ਮਹਿੰਦਰਾ ਅੱਜ ਨਾਭਾ ਵਿਖੇ ਨਗਰ ਸੁਧਾਰ ਟਰਸਟ ਦੀ ਨਵੀਂ ਵਿਕਸਤ ਹੋਣ ਵਾਲੀ ਸਕੀਮ ‘ਮਾਤਾ ਚਿੰਤਪੁਰਨੀ ਕਮਰਸ਼ੀਅਲ ਕੰਪਲੈਕਸ’ ਦਾ ਨੀਂਹ ਪੱਥਰ ਰੱਖਣ ਪੁੱਜੇ ਹੋਏ ਸਨ।
ਸ੍ਰੀ ਮਹਿੰਦਰਾ ਨੇ ਪਟਿਆਲਾ ਗੇਟ ਨੇੜੇ 6 ਕਨਾਲ 11 ਮਰਲੇ ‘ਚ ਵਿਕਸਤ ਕੀਤੀ ਜਾ ਰਹੀ ਇਸ 28 ਵਪਾਰਕ ਸ਼ੋਅ ਰੂਮਜ ਵਾਲੀ ਸਕੀਮ ਦੀ ਸ਼ੁਰੂਆਤ ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਸ. ਸਾਧੂ ਸਿੰਘ ਧਰਮਸੋਤ, ਨਗਰ ਸੁਧਾਰ ਟਰਸਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ ਦੀ ਮੌਜੂਦਗੀ ‘ਚ ਕਰਵਾਈ। ਉਨ੍ਹਾਂ ਨੇ ਨਗਰ ਸੁਧਾਰ ਟਰਸਟ ਤੇ ਨਗਰ ਕੌਂਸਲ ਨੂੰ ਇਸ ਪ੍ਰਾਜੈਕਟ ਦੀ ਸ਼ੁਰੂਆਤ ਕਰਨ ਲਈ ਵਧਾਈ ਦਿੰਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੂੰ ਇਸ ਦਾ ਬਹੁਤ ਵੱਡਾ ਲਾਭ ਪੁੱਜੇਗਾ।
ਸਥਾਨਕ ਸਰਕਾਰਾਂ ਮੰਤਰੀ ਸ੍ਰੀ ਮਹਿੰਦਰਾ ਨੇ ਇਸ ਤੋਂ ਮਗਰੋਂ ਰੋਟਰੀ ਕਲੱਬ ਵਿਖੇ ਕਰਵਾਏ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਇਹ ਖੁਸ਼ਕਿਸਮਤੀ ਹੈ ਕਿ ਰਾਜ ਦੀ ਵਾਗਡੋਰ ਇੱਕ ਕਾਬਲ ਮੁੱਖ ਮੰਤਰੀ ਦੇ ਹੱਥਾਂ ਵਿੱਚ ਹੈ, ਜੋ ਕਿ ਸੂੁਬੇ ਦੇ ਲੋਕਾਂ ਦੀ ਤਰੱਕੀ ਬਾਬਤ ਫ਼ਿਕਰਮੰਦ ਹਨ। ਉਨ੍ਹਾਂ ਦੱਸਿਆ ਕਿ ਮੁਲਾਜਮ ਪੱਖੀ ਪੰਜਾਬ ਸਰਕਾਰ ਨੇ ਰਾਜ ਦੇ 36000 ਕੱਚੇ ਕਰਮਚਾਰੀ ਪੱਕੇ ਕੀਤੇ ਹਨ ਜਦਕਿ ਆਪਣੀ ਜਾਨ ਜੋਖਮ ‘ਚ ਪਾ ਕੇ ਸੀਵਰੇਜ ਦੀ ਸਫ਼ਾਈ ਦਾ ਕੰਮ ਕਰਨ ਵਾਲਿਆਂ ਨੂੰ ਪੱਕੇ ਕਰਨ ਤੋਂ ਇਲਾਵਾ ਉਨ੍ਹਾਂ ਦਾ ਜੀਵਨ ਬੀਮਾ ਕਰਨ ਦੀ ਵੀ ਤਜਵੀਜ ਹੈ। ਉਨ੍ਹਾਂ ਨੇ ਸਫਾਈ ਕਾਮਿਆਂ ਦੀ ਭਰਵੀਂ ਸ਼ਲਾਘਾ ਕੀਤੀ, ਜ਼ਿਨ੍ਹਾਂ ਨੇ ਕੋਵਿਡ ‘ਚ ਵੀ ਸਫ਼ਾਈ ਦਾ ਕੰਮ ਬਾਖੂਬੀ ਕੀਤਾ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਅਤੇ ਸ. ਸਾਧੂ ਸਿੰਘ ਧਰਮਸੋਤ ਨੇ ਇਸ ਗੱਲ ਨੂੰ ਸਿਰੇ ਦੀ ਝੂਠੀ ਗੱਪ ਕਰਾਰ ਦਿੱਤਾ ਕਿ ਉਹ ਕਾਂਗਰਸ ਪਾਰਟੀ ਨੂੰ ਛੱਡਕੇ ਕਿਸੇ ਹੋਰ ਪਾਰਟੀ ‘ਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਕਰਕੇ ਲੋਕਾਂ ਦਾ ਵਿਸ਼ਵਾਸ਼ ਹਾਸਲ ਹੈ ਅਤੇ ਕਾਂਗਰਸ ਮੁੜ ਤੋਂ ਸੂਬੇ ‘ਚ ਸਰਕਾਰ ਬਣਾਏਗੀ।
ਸ੍ਰੀ ਬ੍ਰਹਮ ਮਹਿੰਦਰਾ ਦਾ ਸਵਾਗਤ ਕਰਦਿਆਂ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਾਭਾ ਸ਼ਹਿਰ ਸਮੇਤ ਪੂਰੇ ਹਲਕੇ ‘ਚ ਵਿਕਾਸ ਕਾਰਜਾਂ ਲਈ ਹਮੇਸ਼ਾ ਖ਼ੁੱਲੇ ਫੰਡ ਦਿੱਤੇ ਹਨ ਅਤੇ ਸ਼ਹਿਰ ‘ਚ ਕੋਈ ਵਿਕਾਸ ਕਾਰਜ ਅਧੂਰਾ ਨਹੀਂ ਰਹੇਗਾ।
ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ ਨੇ ਦੱਸਿਆ ਕਿ ਇਹ ਜਗ੍ਹਾ ਨਗਰ ਕੌਂਸਲ ਦੀ ਸੀ, ਜਿਸ ਨੂੰ ਪ੍ਰਧਾਨ ਰਜਨੀਸ਼ ਮਿੱਤਲ ਦੀ ਅਗਵਾਈ ਹੇਠ ਦੋਵਾਂ ਸਥਾਨਕ ਇਕਾਈਆਂ ਨੇ ਮਿਲਕੇ ਵਿਕਸਤ ਕਰਨ ਦਾ ਸਾਂਝਾ ਫੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਇੱਥੇ 28 ਸ਼ੋਅ ਰੂਮ ਬਣ ਰਹੇ ਹਨ, ਜਿਨ੍ਹਾਂ ਦੀ ਰਾਖਵੀਂ ਕੀਮਤ 87000 ਰੁਪਏ ਵਰਗ ਗਜ ਮਿੱਥੀ ਗਈ ਹੈ ਅਤੇ ਇਨ੍ਹਾਂ ਦੀ ਆਨਲਾਈਨ ਬੋਲੀ ਹੋ ਰਹੀ ਹੈ ਜਦਕਿ 8 ਦੀ ਵਿਕਰੀ ਹੋ ਚੁੱਕੀ ਹੈ।
ਇਸ ਮੌਕੇ ਨਗਰ ਸੁਧਾਰ ਟਰਸਟ ਪਟਿਆਲਾ ਦੇ ਚੇਅਰਮੈਨ ਸੰਤ ਬਾਂਗਾ, ਕਾਂਗਰਸ ਦੇ ਅਬਜਰਵਰ ਸੰਜੇ ਠਾਕੁਰ, ਚਰਨਜੀਤ ਬਾਤਿਸ਼, ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਟਰਸਟੀ ਕ੍ਰਿਸ਼ਨ ਲਾਲ, ਅੰਜਨਾ ਬਾਤਿਸ਼, ਨੀਰੂ ਸ਼ਰਮਾ, ਧਰਮਪਾਲ ਮਿੱਤਲ, ਪ੍ਰਮੋਦ ਕੁਮਾਰ ਜਿੰਦਲ, ਐਸ.ਡੀ.ਐਮ. ਕੰਨੂ ਗਰਗ, ਡੀ.ਐਸ.ਪੀ. ਰਜੇਸ਼ ਛਿੱਬੜ, ਕਾਰਜ ਸਾਧਕ ਅਫ਼ਸਰ ਯਾਦਵਿੰਦਰ ਸ਼ਰਮਾ, ਐਸ.ਡੀ.ਓ ਇੰਦਰਪਾਲ ਸਿੰਘ ਸਮੇਤ ਕੌਂਸਲਰ ਅਤੇ ਹੋਰ ਪਤਵੰਤੇ ਮੌਜੂਦ ਸਨ।
Advertisement
Advertisement
error: Content is protected !!