ਬਿਜਲੀ ਸਸਤੀ ਹੋਣ ਨਾਲ ਲੋਕਾਂ ਦਾ ਦੀਵਾਲੀ ਦਾ ਚਾਅ ਹੋਇਆ ਚੌਗੁਣਾ –ਚੇਅਰਮੈਨ ਮੱਖਣ ਸ਼ਰਮਾ
ਕਾਂਗਰਸ ਸਰਕਾਰ ਦੇ ਲੋਕ ਹਿਤੈਸ਼ੀ ਫੈਸਲਿਆਂ ਨਾਲ ਪੰਜਾਬ ਦਾ ਹਰ ਨਾਗਰਿਕ ਖੁਸ਼
ਜੇ.ਐਸ. ਚਹਿਲ , ਬਰਨਾਲਾ 2 ਨਵੰਬਰ 2021
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਕਾਂਗਰਸ ਸਰਕਾਰ ਨੇ ਪੰਜਾਬ ਦੇ ਹਰ ਵਰਗ ਦੇ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ਵਿੱਚ 3 ਪ੍ਰਤੀਸ਼ਤ ਕਟੌਤੀ ਕਰਕੇ ਵੱਡੀ ਰਾਹਤ ਦੇ ਕੇ ਲੋਕਾਂ ਨੂੰ ਦੀਵਾਲੀ ਦਾ ਅਜਿਹਾ ਤੋਹਫਾ ਦਿੱਤਾ ਹੈ, ਜਿਸ ਨਾਲ ਲੋਕਾਂ ਦਾ ਦੀਵਾਲੀ ਦਾ ਚਾਅ ਚੌਗੁਣਾ ਹੋ ਗਿਆ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਮੱਖਣ ਸ਼ਰਮਾ ਨੇ ਬਰਨਾਲਾ ਟੂਡੇ ਨਾਲ ਗੱਲਬਾਤ ਕਰਦਿਆਂ ਕੀਤਾ। ਚੇਅਰਮੈਨ ਸ਼ਰਮਾ ਨੇ ਬਰਨਾਲਾ ਇਲਾਕੇ ਦੇ ਲੋਕਾਂ ਨੇ ਮੁੱਖ ਮੰਤਰੀ ਚੰਨੀ ਦੀ ਪ੍ਰੈੱਸ ਕਾਨਫਰੰਸ ਲਾਇਵ ਦੇਖੀ ਅਤੇ ਬਿਜਲੀ ਸਸਤੀ ਕਰਨ ਦਾ ਐਲਾਨ ਸੁਣਦਿਆਂ ਹੀ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ।
ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਜਲੀ ਦਰਾਂ ਵਿਚ 3 ਰੁਪਏ ਪ੍ਰਤੀ ਯੂਨਿਟ ਕਟੌਤੀ ਦਾ ਐਲਾਨ ਕੀਤਾ ਹੈ। 100 ਯੂਨਿਟ ਤੱਕ 4 ਰੁਪਏ 19 ਪੈਸੇ ਤੋਂ ਘਟਾਕੇ 1 ਰੁਪਏ 19 ਪੈਸੇ, 300 ਯੁਨਿਟ ਤੱਕ 7 ਰੁਪਏ ਦੀ ਥਾਂ 4 ਰੁਪਏ ਅਤੇ ਹੋਰ ਸਲੈਬਾਂ ਵਿਚ ਵੀ ਇਸੇ ਤਰੀਕੇ 3 ਰੁਪਏ ਦੀ ਕਟੌਤੀ ਕੀਤੀ ਜਾ ਰਹੀ ਹੈ । ਸਰਕਾਰ ਦਾ ਬਿਜਲੀ ਸਸਤੀ ਕਰਨ ਦਾ ਫੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਵੀ ਕਰ ਦਿੱਤਾ ਗਿਆ ਹੈ । ਉਨਾਂ ਦੱਸਿਆ ਕਿ ਸਸਤੀ ਬਿਜਲੀ ਦੀ ਇਹ ਸਹੂਲਤ 07 ਕਿਲੋਵਾਟ ਤੱਕ ਲੋਡ ਵਾਲੇ ਸਿਰਫ ਘਰੇਲੂ ਖਪਤਕਾਰਾਂ ਲਈ ਹੋਵੇਗੀ। ਇਸ ਦੇ ਨਾਲ ਨਾਲ ਮੁਲਾਜ਼ਮਾਂ ਦੇ ਡੀ ਏ ਵਿਚ 11 ਫ਼ੀਸਦ ਵਾਧੇ ਦਾ ਫ਼ੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਦੇ ਇਹਨਾਂ ਇਤਿਹਾਸਕ ਨਿਰਣਿਆਂ ਲਈ ਮੁੱਖ ਮੰਤਰੀ ਸ.ਚੰਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਵੱਲੋਂ ਪਹਿਲਾਂ 02 ਕਿਲੋਵਾਟ ਵਾਲੇ ਸਾਰੇ ਖ਼ਪਤਕਾਰਾਂ ਦੇ ਬਿਜਲੀ ਬਿੱਲਾਂ ਦੇ ਬਕਾਏ ਮੁਆਫ਼ ਕੀਤੇ ਜਾਣ ਅਤੇ ਹੁਣ ਅਕਾਲੀ ਦਲ-ਭਾਜਪਾ ਦੀ ਤਤਕਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਨਿੱਜੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤਿਆਂ ਵਿੱਚੋਂ ਜੀ.ਵੀ.ਕੇ ਗੋਇੰਦਵਾਲ ਸਾਹਿਬ ਨਾਲ ਸਮਝੌਤਾ ਰੱਦ ਕੀਤੇ ਜਾਣ ਤੋਂ ਬਾਅਦ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।
ਉਨ੍ਹਾਂ ਦੱਸਿਆ ਕਿ ਉਕਤ ਸਮਝੌਤੇ ਕਾਰਨ ਪੰਜਾਬ ਸਰਕਾਰ ਨੂੰ ਉਦੋਂ ਵੀ 07.52 ਰੁਪਏ ਪ੍ਰਤੀ ਯੂਨਿਟ ਬਿਜਲੀ ਕੰਪਨੀ ਨੂੰ ਦੇਣੇ ਪੈਂਦੇ ਸਨ । ਜਦੋਂ ਥਰਮਲ ਪਲਾਂਟ ਵਿੱਚ ਬਿਜਲੀ ਉਤਪਾਤਦਨ ਵੀ ਨਹੀਂ ਹੋ ਰਿਹਾ ਹੁੰਦਾ ਸੀ । ਹੁਣ ਕਾਂਗਰਸ ਸਰਕਾਰ ਨੂੰ ਜੋ ਟੈਂਡਰ ਪ੍ਰਾਪਤ ਹੋਏ ਹਨ । ਉਸ ਨਾਲ 2.50 ਰੁਪਏ ਪ੍ਰਤੀ ਯੂਨਿਟ ਬਿਜਲੀ ਸੂਰਜੀ ਊਰਜਾ ਉਤੇ ਆਧਾਰਤ ਪੈਦਾ ਕਰਨ ਨਾਲ ਸਬੰਧਤ ਹਨ। ਇਨ੍ਹਾਂ ਸਦਕਾ ਜੀ.ਵੀ.ਕੇ. ਗੋਇੰਦਵਾਲ ਸਾਹਿਬ ਵਾਲੇ ਥਰਮਲ ਤੋਂ ਕੋਲੇ ਨਾਲ ਪੈਦਾ ਹੁੰਦੀ ਬਿਜਲੀ ਦੀ ਲੋੜ ਹੀ ਨਹੀਂ ਪਵੇਗੀ। ਚੇਅਰਮੈਨ ਸ਼ਰਮਾ ਨੇ ਮੁੱਖ ਮੰਤਰੀ ਵਲੋਂ ਆਉਣ ਵਾਲੇ ਸੈਸ਼ਨ ਦੌਰਾਨ ਬਾਕੀ ਬਿਜਲੀ ਘਰਾਂ ਦੇ ਸਮਝੌਤੇ ਵਿਚਾਰੇ ਜਾਣ ਦੇ ਕਦਮ ਨੂੰ ਵੀ ਲੋਕ ਹਿੱਤ ਵਿਚ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਦੇ ਇਸ ਇਤਿਹਾਸਿਕ ਫੈਸਲੇ ਦੀ ਲੋਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੇ ਲੋਕ ਹਿਤੈਸ਼ੀ ਫੈਸਲਿਆਂ ਤੋਂ ਪੰਜਾਬ ਦੇ ਹਰ ਵਰਗ ਦੇ ਲੋਕ ਖੁਸ਼ ਹਨ। ਇਸ ਮੌਕੇ ਟਰੱਸਟ ਦੇ ਮੈਂਬਰ ਅਤੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਚਹਿਲ ਆਦਿ ਨੇਤਾ ਵੀ ਮੌਜੂਦ ਸਨ।