ਬਰਨਾਲਾ ’ਚ ਬਣੇਗੀ ਪੰਜਾਬ ਦੀ ਪਹਿਲੀ ਮਨੁੱਖ ਨਿਰਮਿਤ ਜਲਗਾਹ
2 ਫਰਵਰੀ ਵਿਸ਼ਵ ਜਲਗਾਹ ਦਿਵਸ ’ਤੇ ਵਿਸ਼ੇਸ਼
ਬਡਬਰ ’ਚ ਜਲਗਾਹ ਦਾ ਕੰਮ ਜਾਰੀ, ਜ਼ਿਲ੍ਹੇ ’ਚ ਸੈਰ-ਸਪਾਟੇ ਨੂੰ ਮਿਲੇਗਾ ਹੁਲਾਰਾ
ਰਘਵੀਰ ਹੈਪੀ , ਬਰਨਾਲਾ, 1 ਫਰਵਰੀ 2023
ਜ਼ਿਲ੍ਹਾ ਬਰਨਾਲਾ ’ਚ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉਪਰ ਚੁੱਕਣ, ਜੈਵ ਵਿਭਿੰਨਤਾ ਤੇ ਵਾਤਾਵਰਣ ਪੱਖੀ ਉਪਰਾਲਿਆਂ ਦੀ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈੇ। ਜ਼ਿਲ੍ਹੇ ਦੇ ਪਿੰਡ ਬਡਬਰ ਦੇ ਬੀੜ ਖੇਤਰ ’ਚ ਪੰਜਾਬ ਦੀ ਪਹਿਲੀ ਮਨੁੱਖ ਨਿਰਮਿਤ (ਮੈਨਮੇਡ) ਜਲਗਾਹ ਬਣਾਈ ਜਾ ਰਹੀ ਹੈ, ਜਿਸ ਦਾ ਕੰਮ ਜਾਰੀ ਹੈ।
ਇਸ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਵਾਤਾਵਰਣ ਪੱਖੀ ਉਪਰਾਲਿਆਂ ਤਹਿਤ ਜਿੱਥੇ ਵੱਡੇ ਪੱਧਰ ’ਤੇ ਪਲਾਂਟੇਸ਼ਨ ਕੀਤੀ ਗਈ ਹੈ, ਉਥੇ ਬਡਬਰ ਬੀੜ ਨੇੜੇ 60.28 ਲੱਖ ਦੀ ਲਾਗਤ ਨਾਲ ਸੂਬੇ ਦੀ ਪਹਿਲੀ ਮਨੁੱਖ ਨਿਰਮਿਤ ਜਲਗਾਹ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡੀ ਚੁਣੌਤੀ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਡਿੱਗਣਾ ਤੇ ਹਰਿਆਵਲ ਦੀ ਘਾਟ ਹੈ। ਇਸ ਲਈ ਇਹ ਪ੍ਰਾਜੈਕਟ ਉਲੀਕਿਆ ਗਿਆ ਹੈ, ਜਿਸ ਤਹਿਤ ਪਿੰਡ ਬਡਬਰ ’ਚ ਬੀੜ ਨੇੜਲੀ ਜਗ੍ਹਾ ਦੀ ਪਛਾਣ ਕੀਤੀ ਗਈ ਅਤੇ ਪੇਂਡੂ ਵਿਕਾਸ ਵਿਭਾਗ ਤੇ ਜੰਗਲਾਤ ਵਿਭਾਗ ਰਾਹੀਂ ਪ੍ਰਾਜੈਕਟ ਸ਼ੁਰੂ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਮਗਨਰੇਗਾ ਵਰਕਰਾਂ ਰਾਹੀਂ 3 ਏਕੜ ’ਚ ਟੋਭੇ ਦੀ ਪੁਟਾਈ ਕੀਤੀ ਜਾ ਰਹੀ ਹੈ, ਜੋ ਕਿ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਹੈ ਤੇ ਸੁਰੱਖਿਅਤ ਬੀੜ ਹੈ। ਪੁਟਾਈ ਦਾ ਕਰੀਬ 50 ਫੀਸਦੀ ਕੰਮ ਮੁਕੰਮਲ ਹੋ ਗਿਆ ਹੈੇ। ਬੀੜ ਦਾ ਕੁੱਲ ਖੇਤਰ 350 ਏਕੜ ਤੋਂ ਵੱਧ ਹੈ। ਇਸ ਜਲਗਾਹ ਨੂੰ ਪਾਣੀ ਲੌਂਗੋਵਾਲ ਨੇੜਲੇ ਰਜਬਾਹੇ ਤੋਂ ਦਿੱਤਾ ਜਾਵੇਗਾ, ਜਿੱਥੇ ਮੋਘੇ ਤੋਂ ਬਾਅਦ ਭੌਂ ਰੱਖਿਆ ਵਿਭਾਗ ਵੱਲੋਂ ਪਾਈਪਾਂ ਪਾਈਆਂ ਜਾਣਗੀਆਂ। ਇਸ ਮਗਰੋਂ ਟੋਭੇ ਦੇ ਆਸ-ਪਾਸ ਬੰਨ੍ਹ ਬਣਾ ਕੇ ਘਾਹ ਅਤੇ ਪੌਦੇ ਲਗਾ ਕੇ ਇਸਨੂੰ ਜਿੱਥੇ ਸੈਰ-ਸਪਾਟੇ ਦੇ ਸਥਾਨ ਵਜੋਂ ਵਿਕਸਿਤ ਕੀਤਾ ਜਾਵੇਗਾ, ਉਥੇ ਪੰਛੀਆਂ/ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਦੀ ਵੀ ਇੱਥੇ ਆਮਦ ਹੋਵੇਗੀ ਅਤੇ ਜਲਗਾਹ ਤੋਂ ਸੀਪੇਜ ਨਾਲ ਪਾਣੀ ਦੇ ਪੱਧਰ ਨੂੰ ਹੁਲਾਰਾ ਮਿਲੇਗਾ।
ਜੈਵ ਵਿਭਿੰਨਤਾ ਤੇ ਸੈਰ ਸਪਾਟੇ ਨੂੰ ਹੁਲਾਰਾ ਦੇਵੇਗੀ ਜਲਗਾਹ
ਜਲ ਸਰੋਤ, ਸਾਇੰਸ ਤਕਨਾਲੋਜੀ ਤੇ ਵਾਤਾਵਰਣ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਆਖਿਆ ਕਿ ਇਸ ਪ੍ਰਾਜੈਕਟ ਵਾਸਤੇ ਲੌਂਗੋਵਾਲ ਰਜਬਾਹੇ ਤੋਂ ਮੋਘੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਜੈਵ ਵਿਭਿੰਨਤਾ ਨੂੰ ਹੁਲਾਰਾ ਮਿਲੇਗਾ, ਉਥੇ ਇਹ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਹੋਵੇਗਾ। ਉਨ੍ਹਾਂ ਕਿਹਾ ਕਿ ਬਰਨਾਲਾ ਮਨੁੱਖ ਨਿਰਮਿਤ ਜਲਗਾਹ ਵਾਲਾ ਸੂਬੇ ਦਾ ਪਹਿਲਾ ਜ਼ਿਲ੍ਹਾ ਹੋਵੇਗਾ।