ਪੰਜਾਬ ਦੀ ਚੰਨੀ ਸਰਕਾਰ ਨੇ 71 ਦਿਨਾਂ ‘ਚ 30 ਹਜ਼ਾਰ ਕਰੋੜ ਦੀ ਦਿੱਤੀ ਰਾਹਤ-ਰਣਦੀਪ
- ਖੇਤੀਬਾੜੀ ਮੰਤਰੀ ਨੇ ਵੱਖ-ਵੱਖ ਪਿੰਡਾਂ ‘ਚ ਹੋਏ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 16 ਦਸੰਬਰ: 2021
ਪੰਜਾਬ ਦੇ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮੰਤਰੀ ਰਣਦੀਪ ਸਿੰਘ ਨੇ ਅੱਜ ਪਿੰਡ ਸ਼ਾਹਪੁਰ, ਮਾਜਰੀ ਅਰਾਈਆਂ ਅਤੇ ਮਰਾਰੜੂ ਵਿਚ ਲੱਖਾਂ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪਿਛਲੇ 71 ਦਿਨਾਂ ਵਿਚ ਲੋਕਾਂ ਨੂੰ 30 ਹਜ਼ਾਰ ਕਰੋੜ ਦੇ ਰਾਹਤ ਦਿੱਤੀ ਹੈ। ਉਨ੍ਹਾਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕੀਤੀ ਅਤੇ ਲੋਕਾਂ ਨੂੰ ਇਨ੍ਹਾਂ ਪਾਰਟੀਆਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਸੰਘਰਸ਼ ਦੌਰਾਨ ਮੌਤ ਦਾ ਸ਼ਿਕਾਰ ਹੋਏ 157 ਕਿਸਾਨਾਂ ਦੇ ਪਰਿਵਾਰਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ ਅਤੇ 133 ਹੋਰ ਕਿਸਾਨ ਪਰਿਵਾਰਾਂ ਨੂੰ ਅਗਲੇ ਹਫ਼ਤੇ ਵਿਚ ਨਿਯੁਕਤੀ ਪੱਤਰ ਦਿੱਤੇ ਜਾਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਅਤੇ ਉਸ ਦੇ ਸਾਥੀ ਦਿੱਲੀ ਮਾਡਲ ਦੀਆਂ ਗੱਲਾਂ ਕਰਕੇ ਪੰਜਾਬ ਦੇ ਲੋਕਾਂ ਨੂੰ ਨਿੱਤ ਨਵਾਂ ਝੂਠ ਬੋਲ ਕੇ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ ਜਦੋਂਕਿ ਉਹ ਦਿੱਲੀ ਵਿਚ ਹੁਣ ਤੱਕ ਇਹ ਸਹੂਲਤਾਂ ਲਾਗੂ ਨਹੀਂ ਕਰ ਸਕਿਆ ਜਦੋਂਕਿ ਮੁਹੱਲਾ ਡਿਸਪੈਂਸਰੀਆਂ ਦੀ ਸਕੀਮ ਬੁਰੀ ਤਰ੍ਹਾ ਫ਼ੇਲ੍ਹ ਹੋਣ ਕਾਰਨ ਦਿੱਲੀ ਦੇ ਲੋਕਾਂ ਨੂੰ ਇਲਾਜ ਲਈ ਪੰਜਾਬ ਆਉਣ ਲਈ ਮਜ਼ਬੂਰ ਹੋਣਾ ਪਿਆ। ਇਸੇ ਤਰ੍ਹਾਂ ਸਿੱਖਿਆ ਦੇ ਖੇਤਰ ਵਿਚ ਪੰਜਾਬ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਆਉ਼ਦਾ ਹੈ ਜਦੋਂਕਿ ਦਿੱਲੀ ਛੇਵੇਂ ਸਥਾਨ ‘ਤੇ ਹੈ। ਉਨ੍ਹਾਂ ਅਕਾਲੀ ਦਲ ਦੀ ਲੀਡਰਸ਼ਿਪ ਦੀ ਵੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੀ ਕਹਿਣੀ ਅਤੇ ਕਰਨੀ ਦੀ ਪਰਪੱਕ ਹੈ।
ਇਸ ਮੌਕੇ ਐਸ.ਡੀ.ਐਮ ਜੀਵਨਜੋਤ ਕੌਰ, ਤਹਿਸੀਲਦਾਰ ਅੰਕਿਤਾ ਅਗਰਵਾਲ, ਕਾਂਗਰਸ ਆਗੂ ਹਰਨਾਮ ਸਿੰਘ ਸ਼ਾਹਪੁਰ, ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ ਅਤੇ ਜ਼ਿਲ੍ਹਾ ਕਾਂਗਰਸ ਦੇ ਮੀਤ ਪ੍ਰਧਾਨ ਐਡ: ਬਲਜਿੰਦਰ ਸਿੰਘ ਭੱਟੋਂ, ਸਰਪੰਚ ਰਾਜਵੀਰ ਕੌਰ, ਕਾਂਗਰਸ ਆਗੂ ਜਸਵੀਰ ਕੌਰ ਸਰਪੰਚ ਗੁਰਮੀਤ ਕੌਰ, ਸੰਮਤੀ ਮੈਂਬਰ ਜਗਨਨਾਥ ਪੱਪੂ, ਗੁਰਭੇਜ ਸਿੰਘ, ਤ੍ਰਿਲੋਕ ਸਿੰਘ, ਸੁਖਵਿੰਦਰ ਸਿੰਘ, ਕਸ਼ਮੀਰ ਸਿੰਘ ਸ਼ਾਹਪੁਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।ਕੈਪਸ਼ਨ: ਕੈਬਨਿਟ ਮੰਤਰੀ ਰਣਦੀਪ ਸਿੰਘ ਪਿੰਡ ਸ਼ਾਹਪੁਰ ਵਿਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ।-ਫ਼ੋਟੋ: ਸੂਦ